ਪੰਜਾਬੀ ਬੋਲੀ ਅਤੇ ਵਿਆਕਰਨ - Punjabi Language and its Grammar
|
ਪੰਜਾਬੀ ਵਿਆਕਰਨ/Punjabi Grammar |
ਗੁਰਬਾਣੀ ਵਿਆਕਰਨ ਦੇ ਨਿਯਮ/ Gurbani Grammar Rules |
ਗੁਰਬਾਣੀ ਵਿਆਕਰਨ ਬਾਰੇ ਸੁਝਾਅ |
ਪੰਜਾਬੀ ਅਤੇ ਗੁਰਬਾਣੀ ਵਿਆਕਰਨ ਦੀ ਮਹੱਤਤਾ – Importance of Punjabi and Gurbani Grammar ਪੰਜਾਬੀ ਬੋਲੀ ਅਤੇ ਵਿਆਕਰਨ : ਹਰ ਇੱਕ ਪੰਜਾਬੀ ਲਈ, ਭਾਵੇਂ ਉਹ ਮਰਦ ਹੈ, ਤੀਵੀਂ ਹੈ ਜਾਂ ਬੱਚਾ ਹੈ, ਇੱਕ ਮਾਣ ਦੀ ਗੱਲ ਹੈ ਕਿ ਉਸਦਾ ਪੰਜਾਬੀ ਬੋਲੀ ਨਾਲ ਬੜਾ ਗੂੜ੍ਹਾ ਅਤੇ ਸੱਚਾ ਸੁੱਚਾ ਸੰਬੰਧ ਹੈ ਅਤੇ ਇਹ ਸੰਬੰਧ ਉਤਨਾ ਹੀ ਨੇੜੇ ਦਾ ਅਤੇ ਸੱਚਾ ਸੁੱਚਾ ਹੈ ਜਿਤਨਾ ਉਸਦਾ ਆਪਣੀ ਮਾਂ ਨਾਲ ਸੰਬੰਧ ਹੈ। ਪੰਜਾਬੀ ਮਾਂ-ਬੋਲੀ ਉਤੇ ਹਰ ਪੰਜਾਬੀ ਨੂੰ ਮਾਣ ਹੈ ਅਤੇ ਮਾਣ ਹੋਣਾ ਵੀ ਚਾਹੀਦਾ ਹੈ ।
ਪੰਜਾਬੀ ਬੋਲੀ ਸਦੀਆਂ ਤੋਂ ਵਿਸ਼ਾਲ ਪੰਜਾਬ ਵਿੱਚ ਬੋਲੀ ਜਾਂਦੀ ਰਹੀ ਹੈ ਅਤੇ ਉੱਪ ਬੋਲੀਆਂ ਦੇ ਰੂਪ ਵਿੱਚ ਵਿਸ਼ਾਲ ਪੰਜਾਬ ਦੇ ਨਾਲ ਲਗਦੇ ਇਲਾਕਿਆਂ ਅਤੇ ਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਰਹੀ ਹੈ। ਕਈ ਖੋਜੀਆਂ ਨੇ ਪੰਜਾਬੀ ਬੋਲੀ ਦਾ ਸਬੰਧ ਚੰਗੇਜ਼ ਖਾਂ, ਮਾਰਕੋ ਪੋਲੋ, ਅਤੇ ਮਹਾਤਮਾਂ ਬੁੱਧ ਦੇ ਭਿਕਸ਼ੂਆਂ ਨਾਲ ਵੀ ਲਿਖਿਆ ਹੈ।
ਭਾਰਤ ਵਿੱਚ ਸਾਰੇ ਲੋਕਾਂ ਨੂੰ ਵਿਦਿਆ ਲੈਣ ਦਾ ਹੱਕ ਨਹੀਂ ਸੀ ਅਤੇ ਇਸ ਹੱਕ ਦੀ ਅਦੂਲੀ ਨਾਂ ਕਰਦੇ ਹੋਏ ਸਾਰੇ ਲੋਕ ਪੋਥੀਆਂ (ਕਿਤਾਬਾਂ) ਨਹੀਂ ਸਨ ਪੜ੍ਹ ਸਕਦੇ। ਪਰੰਤੂ ਪੰਜਾਬੀ ਬੋਲੀ ਦੇ ਬੋਲਣ ਦੀ ਕੋਈ ਮਨਾਹੀ ਨਹੀਂ ਸੀ। ਸੰਸਕ੍ਰਿਤ ਭਾਰਤੀਆਂ ਦੀ ਦੈਵੀ ਬੋਲੀ ਸੀ। ਬ੍ਰਾਹਮਣਾਂ ਅਤੇ ਕੁਝ ਖਤਰੀਆਂ ਦੇ ਸਿਵਾਏ ਹੋਰ ਸਭ੍ਹ ਨੂੰ ਇਸ ਬੋਲੀ ਦੇ ਪੜ੍ਹਨ ਅਤੇ ਸਿੱਖਣ ਦੀ ਸਖਤ ਮਨਾਹੀਂ ਸੀ।
ਭਾਰਤ ਵਿੱਚ ਇੱਕ ਹਜ਼ਾਰ ਸਾਲਾਂ ਤੋਂ ਊਪਰ ਮੁਸਲਮਾਨਾਂ ਦਾ ਰਾਜ ਰਿਹਾ ਹੈ, ਜਿਸ ਸਮੇਂ ਵਿੱਚ ਮੁਸਲਮਾਨਾਂ ਨੇ ਵੀ ਆਪਣੀ ਬੋਲੀ, ਆਪਣਾ ਧਰਮ, ਆਪਣਾ ਸਭਿਆਚਾਰ, ਆਪਣੇ ਕਾਨੂੰਨ ਆਦਿ ਨੂੰ ਲੋਕਾਂ ਉਤੇ ਲਾਗੂ ਕੀਤਾ ਸੀ।
ਸ਼ੇਖ ਫਰੀਦ ਜੀ (੧੧੭੩) ਸੂਫੀ ਫਕੀਰ (ਮੁਸਲਮਾਨ) ਸਨ ਜਿਨ੍ਹਾਂ ਦੀ ਸਾਰੀ ਬਾਣੀ ਪੰਜਾਬੀ ਬੋਲੀ ਵਿੱਚ ਹੈ। ਗੁਰੂ ਨਾਨਕ ਦੇਵ ਜੀ ਨੇ ਸ਼ੇਖ ਫਰੀਦ ਜੀ ਦੇ ਚੇਲੇ (ਮੁਰੀਦ) ਕੋਲੋਂ ਇਹ ਬਾਣੀ ਪਾਕਪਟਨ ਤੋਂ ਲਿਆਂਦੀ ਸੀ ਅਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਮਹਾਨ ਕਾਰਜ ਕਰਦਿਆਂ ਹੋਇਆਂ ਇਸ ਬਾਣੀ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਕੇ ਸਾਂਭ੍ਹ ਲਿਆ।
ਪੰਜਾਬੀ ਬੋਲੀ ਆਮ ਲੋਕਾਂ ਵਿੱਚ ਬੋਲੀ ਤਾਂ ਜਾਂਦੀ ਸੀ ਪਰੰਤੂ ਆਮ ਲੋਕ, ਇਸ ਬੋਲੀ ਦੀ ਲਿੱਪੀ ਵਿੱਚ ਲਿਖਣ ਅਤੇ ਇਸ ਬੋਲੀ ਵਿੱਚ ਪੜ੍ਹਾਈ ਕਰਨ ਦੇ ਪਖੋਂ ਅਜੇ ਪਛੜੇ ਹੋਏ ਸਨ।
ਗੁਰੂ ਨਾਨਕ ਦੇਵ ਜੀ ਨੇ ਆਪਣੀ ਇੱਕ ਬਾਣੀ “ਰਾਗੁ ਆਸਾ ਮਹਲਾ ੧ ਪਟੀ ਲਿਖੀ ” ਵਿੱਚ, ਪੰਜਾਬੀ ਬੋਲੀ ਦੇ ਅਖਰਾਂ ਦੀਆਂ ਧੁਨੀਆਂ (ਭਾਵ ਆਵਾਜ਼ਾਂ) ਨੂੰ ਲਿਖ ਕੇ ਜਨਤਾ ਸਾਹਮਣੇ ਲਿਆਂਦਾ। ਇਹ ਧੁਨੀਆਂ ਫਾਰਸੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਦੇ ਅਖਰਾਂ ਦੀਆਂ ਧੁਨੀਆਂ ਨਾਲੋਂ ਵਖਰੀਆਂ ਹਨ। ਗੁ੍ਰੂ ਅੰਗਦ ਦੇਵ ਜੀ ਨੇ ੧੬ਵੀਂ ਸਦੀ ਵਿਚ, ਲਗਾਂ ਮਾਤਰਾਂ, ਸਵੱਰਾਂ ਅਤੇ ਵਿਅੰਜਨਾਂ ਨੂੰ ਤਿਆਰ ਕਰਕੇ ਅਤੇ ਪੰਜਾਬੀ ਬੋਲੀ ਦੇ ਅੱਖਰਾਂ ਦੇ ਵਰਗਾਂ ਨੂੰ ਨਵੀਂ ਤਰਤੀਬ ਦੇ ਕੇ, ਆਪਣੀ ਹਥੀਂ ਛੋਟੇ ਛੋਟੇ ਬਾਲ ਬੋਧ ਲਿਖ ਕੇ ਲੋਕਾਂ ਨੂੰ ਇਸ ਬੋਲੀ ਰਾਹੀਂ ਵਿਦਿਆ ਦੇਣੀ ਸ਼ੁਰੂ ਕੀਤੀ।
ਇਹ ਪਹਿਲਾ ਮੌਕਾ ਸੀ ਜਦੋਂ ਵਿਸ਼ਾਲ ਪੰਜਾਬ ਵਿੱਚ ਜਾਂ ਭਾਰਤ ਵਿੱਚ ਕਿਸੇ ਨੂੰ ਪੰਜਾਬੀ ਬੋਲੀ ਪੜ੍ਹਨ ਦਾ ਮੌਕਾ ਪਰਾਪਤ ਹੋਇਆ ਅਤੇ ਇਹ ਸੀ ਪੰਜਾਬੀ ਲੋਕਾਂ ਦਾ ਪਹਿਲਾ ਮੌਕਾ ਜਦੋਂ ਗੁਰੂ ਅੰਗਦ ਦੇਵ ਜੀ ਨੇ ਸਾਰਿਆਂ ਨੂੰ ਵਿਦਿਆ ਲੈਣ ਦਾ ਹੱਕ ਦਿਤਾ ਅਤੇ ਇਸਦੇ ਪ੍ਰਚਾਰਨ ਅਤੇ ਪ੍ਰਸਾਰਨ ਲਈ ਹੋਕਾ ਹੀ ਨਹੀਂ ਦਿਤਾ ਸਗੋਂ ਗੁਰਮੁਖੀ ਲਿੱਪੀ ਵਿੱਚ ਬਾਲ ਬੋਧ ਲਿਖ ਕੇ ਬੱਚਿਆਂ ਅਤੇ ਹੋਰ ਲੋਕਾਂ ਲਈ ਇਸ ਬੋਲੀ ਦੀ ਪੜ੍ਹਾਈ ਸ਼ੁਰੂ ਕੀਤੀ।
ਪੰਜਾਬੀ ਬੋਲੀ ਨੂੰ ਸਭ੍ਹ ਤੋਂ ਵਡੀ ਦੇਣ ਬਾਣੀ ਰਚਨ ਵਾਲਿਆਂ ਦੀ ਹੈ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਲੜੀ ਵਾਰ, ਗੁਰੂ ਰਾਮਦਾਸ ਜੀ ਤੱਕ, ਸਾਰੀ ਬਾਣੀ (ਪਿਉ ਦਾਦੇ ਦਾ ਖਜ਼ਾਨਾ )ਜੋ ਗੁਰੂ ਅਰਜਨ ਦੇਵ ਜੀ ਨੂੰ ਗੁਰਤਾਗੱਦੀ ਵੇਲੇ, ਗੁਰੂ ਰਾਮਦਾਸ ਜੀ ਨੇ ਭੇਂਟ ਕੀਤੀ ਸੀ, ਉਸ ਵਿੱਚ ਆਪਣੀ ਲਿਖੀ ਬਾਣੀ ਨੂੰ ਭਾਈ ਗੁਰਦਾਸ ਜੀ ਕੋਲੋਂ ਲਿਖਵਾ ਕੇ ੧੬੦੪ ਈ. ਵਿੱਚ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਦਿੱਤੀ। ਸਿੱਖ ਇਤਹਾਸ ਅਤੇ ਪੰਜਾਬੀ ਬੋਲੀ ਦੇ ਇਤਹਾਸ ਵਿੱਚ ਇਹ ਇੱਕ ਬੜਾ ਵੱਡਾ ਮੀਲ ਪੱਥਰ ਸਾਬਤ ਹੋਇਆ। ਇਸ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ (ਅਨੰਦਪੁਰ) ਵਿਖੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਵਲੋਂ ਰਾਗਾਂ ਦੀ ਤਰਤੀਬ ਨੂੰ ਅਪਨਾਉਂਦਿਆਂ ਹੋਇਆਂ, ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਲਿੱਖਕੇ ਇਸ ਗ੍ਰੰਥ ਨੂੰ ਸੰਪੂਰਨ ਕਰ ਦਿੱਤਾ ਸੀ।
ਗੁਰਬਾਣੀ ਵਿਆਕਰਨ ਅਤੇ ਇਸਦੀ ਮਹੱਤਤਾ - Gurbani Grammar and its Importance
ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ, ਪੰਜਾਬੀ ਬੋਲੀ ਨੂੰ ਦੂਜੀ ਵਡੀ ਦੇਣ ਇਹ ਦਿੱਤੀ ਕਿ ਸਾਰੀ ਗੁਰਬਾਣੀ ਨੂੰ ਗੁਰਬਾਣੀ ਦੀ ਵਿਆਕਰਨ ਅਨੁਸਾਰ ਭਾਈ ਗੁਰਦਾਸ ਜੀ ਤੋਂ ਲਿਖਿਵਾਇਆ। ਗੁਰਬਾਣੀ ਵਿਆਕਰਨ ਦੀ ਚੰਗੀ ਜਾਣਕਾਰੀ ਰੱਖਣ ਨਾਲ ਗੁਰਬਾਣੀ ਦੇ ਗੁੱਝੇ ਭੇਦਾਂ ਦੀ ਸਮਝ ਆਉਂਦੀ ਹੈ ਅਤੇ ਗੁਰਬਾਣੀ ਦੀ ਚੰਗੀ ਸਮਝ ਆਉਣ ਨਾਲ ਹੀ ਗੁਰਬਾਣੀ ਗਿਆਨ ਦੇ ਵਡਮੁੱਲੇ ਖਜ਼ਾਨੇ ਦੇ ਭੇਦ ਖੁਲਦੇ ਹਨ, ਜਿਸ ਨਾਲ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਨਾਨਕ ਜੋਤ ਦੇ ਪ੍ਰਕਾਸ਼ਾਂ ਅਤੇ ਹੋਰ ਬਾਣੀ ਰਚਨਾਕਾਰਾਂ ਦੇ ਵਡਮੁੱਲੇ ਬੋਲਾਂ ਦੀ ਸਮਝ ਆਉਂਦੀ ਹੈ। ਗੁਰਬਾਣੀ ਦੇ ਵਾਕ " ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ (ਪੰਨਾ ੧੪੮)" ਅਨੁਸਾਰ ਗੁਰਬਾਣੀ ਸ਼ਬਦ ਨੂੰ ਪੜ੍ਹਨ, ਵਿਚਾਰਨ ਅਤੇ ਸਮਝਣ /ਬੁੱਝਣ ਨਾਲ ਹੀ ਗੁਰਬਾਣੀ ਸਿਧਾਤਾਂ ਦਾ ਪਤਾ ਲਗਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਸਿਧਾਤਾਂ ਨੂੰ ਚੰਗੀ ਤਰਾਂ ਸਮਝਿਆ ਜਾ ਸਕਦਾ ਹੈ।
ਪਿ੍. ਤੇਜਾ ਸਿੰਘ ਜੀ ਅਤੇ ਫਿਰ ਪ੍ਰੌ: ਭਾਈ ਸਾਹਿਬ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਵਲੋਂ ਦਿੱਤੇ ਗੁਰਬਾਣੀ ਵਿਆਕਰਨ ਦੇ ਨਿਯਮਾਂ ਨੂੰ ਗੁਰਬਾਣੀ ਵਿਆਕਰਨ ਦੇ ਰੂਪ ਵਿਚ ਪੋਥੀਆਂ ਤਿਆਰ ਕਰਕੇ ਸਿੱਖ ਜਗਤ ਦੇ ਸਾਹਮਣੇ ਲਿਆਂਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਬਾਣੀ ਵਿਆਕਰਨ ਅਨੁਸਾਰ ਦਸ ਭਾਗਾਂ ਵਿੱਚ ‘ਗੁਰਬਾਣੀ ਦਰਪਨ’ ਲਿਖ ਕੇ ਸਿਖ ਜਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ। ਗੁਰਬਾਣੀ ਵਿਆਕਰਨ ਦੇ ਬਗੈਰ ਕਈ ਲਿਖਾਰੀ, ਪਰਚਾਰਕ ਅਤੇ ਵਿਆਖਿਆਕਾਰ ਗੁਰਬਾਣੀ ਸ਼ਬਦਾਂ ਦੇ ਕਈ ਕਈ ਅਰਥ ਕਰਦੇ ਸਨ ਜੋ ਠੀਕ ਨਹੀਂ ਸੀ। ਗੁਰਬਾਣੀ ਵਿਆਕਰਨ ਨੇ ਇਸ ਸਾਰੇ ਕੁਝ ਨੂੰ ਠੱਲ ਪਾ ਦਿਤੀ ਹੈ।
੧੭੦੮ ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖਾਂ ਨੂੰ ਇੱਕਠਿਆ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਅਰਦਾਸ ਕੀਤੀ ਅਤੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਈ ਗੁਰਗੱਦੀ ਦੀ ਰੀਤ ਨੂੰ ਅਪਨਾਉਂਦਿਆਂ ਹੋਇਆਂ, ਸਾਰੇ ਹਾਜ਼ਰ ਸਿੱਖਾਂ ਨੂੰ ਹੁਕਮ ਕੀਤਾ ਕਿ ਅਗੇ ਤੋਂ “ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ॥“ ਅਨੁਸਾਰ, ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸੰਪੂਰਨ ਗੁਰੂ ਹੋਣਗੇ। ਇਸ ਪਿਛੋਂ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਅਗ਼ੇ ਮੱਥਾ ਟੇਕਿਆ ਅਤੇ ਫਿਰ ਹਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਅਗੇ ਮੱਥਾ ਟੇਕਿਆ।
ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰਬਾਣੀ ਵਿਆਕਰਨ ਸਮੇਤ, ਪੰਜਾਬੀ ਬੋਲੀ, ਸਾਹਿਤ ਅਤੇ ਰਾਗ ਨੂੰ ਬਹੁਤ ਵੱਡੀ ਦੇਣ ਹੈ ਅਤੇ ਇਹ ਦੇਣ ਸਦੀਵੀਂ ਰਹੇਗੀ।
ਪੰਜਾਬੀ ਬੋਲੀ ਨੂੰ ਸਮੇਂ ਦਾ ਹਾਣੀ ਬਨਾਈ ਰੱਖਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਲੋਂ ਬੜਾ ਉੱਦਮ ਹੋ ਰਿਹਾ ਹੈ ਅਤੇ ਇਸ ਉੱਦਮ ਸਦਕਾ ਪੰਜਾਬੀ ਦਾ ਵਰਡ ਪਰੌਸੈੱਸਰ ਤਿਆਰ ਕੀਤਾ ਗਿਆ ਹੈ ਜਿਸਦਾ ਨਾਂ "ਅੱਖਰ" ਹੈ। ਇਸਦੇ ਨਾਲ ਹੀ ਪੰਜਾਬੀ ਬੋਲੀ ਦਾ ਸਕੈਨਿੰਗ ਸਾਫਟਵੇਅਰ ਵੀ ਤਿਆਰ ਕੀਤਾ ਗਿਆ ਹੈ ਜਿਸ ਦੀ ਵਰਤੋਂ ਕਰਨ ਨਾਲ ਪਹਿਲੀਆਂ ਲਿਖਤਾਂ ਨੂੰ ਸਕੈਨ ਕਰਕੇ ਕੰਪਿਊਟਰੀ ਕਰਨ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਨਸਲਰ ਡਾ: ਜਸਪਾਲ ਸਿੰਘ ਜੀ ਨੇ ੨ ੦੧੧ ਦੀ ਵੈਨਕੂਵਰ ਫੇਰੀ ਵੇਲੇ ਇੱਕ ਇਕੱਠ ਵਿਚ ਦੱਸਿਆ ਸੀ ਕਿ ਪੰਜਾਬੀ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਲਿਖਤਾਂ ਦਾ ਕੰਪਿਊਟਰੀਕਰਨ ਹੋ ਗਿਆ ਹੈ ਅਤੇ ਬਾਕੀ ਰਹਿੰਦਾ ਵੀ ਛੇਤੀ ਪੂਰਾ ਕੀਤੇ ਜਾਣ ਦੀ ਆਸ ਹੈ।
ਇੱਕ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਓਪਨ ਸੋਰਸ ਟੀਮ (Punjabi Open Source Team) ਨੇ ਜਿਸ ਵਿੱਚ ਅਰਵਿੰਦਰ ਸਿੰਘ ਕੰਗ ਜੋ ਮਿਸਸਿੱਪੀ ਯੂਨੀਵਰਸਿਟੀ ਦੇ ਹਨ ਅਤੇ ਅਮਨਪਰੀਤ ਸਿੰਘ ਬਰਾਰ ਨੇ ਜੋ ਰੈੱਡ ਹੈਟ ਇੰਕ., ਓਪਨ ਸੋਰਸ ਟੀਮ ਜੋ ਸਤਲੁਜ ਪਰੌਜੈਕਟ ਦੇ ਹੇਠਾਂ ਕੰਮ ਕਰ ਰਹੇ ਹਨ, ਫੈਡੋਰਾ ਲਿਨਕਸ ਅਤੇ ਫਾਇਰ ਫੌਕਸ ਦਾ ਬਰਾਊਜ਼ਰ ਤਿਆਰ ਕੀਤਾ ਹੈ ਜੋ ਦੋਨੋਂ ਹੀ ਪੰਜਾਬੀ ਵਿੱਚ ਹਨ।" Arvinder Singh Kang of the University of Mississippi and Amanpreet Singh Brar of Red Hat Inc., both working with Punjabi OPen Source Team on Project Satluj ਨੇ " Fedora Linux running in Punjabi interface and "Firefox browser in Punjabi" ਤਿਆਰ ਕੀਤਾ ਹੈ। ਸਮੂਹ ਪੰਜਾਬੀ ਸਾਫਟਵੇਅਰ ਤਿਆਰ ਕਰਨ ਵਾਲਿਆਂ ਲਈ ਬੜਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸਾਫਟਵੇਅਰ ਦੀ ਵਰਤੋਂ ਕਰਨ ਜੋ ਬਗੈਰ ਕੋਈ ਖਰਚ ਕਰਨ ਦੇ ਮਿਲ ਸਕਦਾ ਹੈ। ਇਸ ਨਾਲ ਅਰਵਿੰਦਰ ਸਿੰਘ ਕੰਗ ਅਤੇ ਅਮਨਪਰੀਤ ਸਿੰਘ ਬਰਾਰ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਇਸ ਖੇਤਰ ਵਿੱਚ ਹੋਰ ਹਿੱਸਾ ਪਾ ਸਕਣਗੇ।
|
![]()
Akali Singh Services and History | Sikhism | Sikh Youth Camp Programs | Punjabi and Gurbani Grammar | Home