Great Lioness of Punajb, Mahaan Rani Jind Kaur

1720-1745 ???

ਪੰਜਾਬ ਦੀ ਜਿੰਦਾ-ਦਿਲ ਮਹਾਰਾਣੀ ਜਿੰਦ ਕੌਰ, ਪ੍ਰੋ. ਕਿਰਪਾਲ ਸਿੰਘ ਬਡੂੰਗਰ

ਗੁਰਮਤਿ ਲਹਿਰ ਤੋਂ ਪਹਿਲਾਂ ਭਾਰਤ ਦੇਸ਼ ਵਿਚ ਵੱਖ-ਵੱਖ ਦੇਸੀ-ਵਿਦੇਸ਼ੀ ਧਰਮਾਂ ਦੇ ਧਾਰਮਿਕ ਕੱਟੜਵਾਦ, ਕਰਮਕਾਂਡੀ ਮਤਾਂ-ਮਤਾਂਤਰਾਂ, ਰਜਵਾੜਾਸ਼ਾਹੀ ਅਤੇ ਸਰਮਾਏਦਾਰੀ ਰੁਚੀਆਂ, ਜ਼ਾਤ-ਪਾਤ, ਊਚ-ਨੀਚ ਦੇ ਭੇਦ-ਭਾਵ, ਰਾਸ਼ਟਰੀ ਜੀਵਨ ਵਿਚ ਆਈ ਆਚਰਣਕ ਗਿਰਾਵਟ, ਆਰਥਿਕ ਕਾਣੀ ਵੰਡ, ਆਪਣੇ ਵਿਰਸੇ ਤੇ ਇਤਿਹਾਸ ਵੱਲੋਂ ਅਵੇਸਲੇਪਨ ਆਦਿ ਅਨੇਕਾਂ ਕਾਰਨਾਂ ਕਰਕੇ ਦੇਸ਼ ਦਾ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਆਰਥਿਕ ਢਾਂਚਾ, ਰਾਜਨੀਤਿਕ ਜੀਵਨ ਅਤੇ ਸਭਿਆਚਾਰ ਲੀਰੋ-ਲੀਰ ਹੋਇਆ ਪਿਆ ਸੀ। ਆਪਾ-ਧਾਪੀ ਅਤੇ ਬੁਰਛਾਗਰਦੀ ਵਾਲੀ ਹਾਲਤ ਹੀ ਸੀ। ਸੋਨੇ ਦੀ ਚਿੜੀ ਕਹੇ ਜਾਣ ਵਾਲੇ ਦੇਸ਼ ਨੂੰ ਲੁੱਟਣ ਅਤੇ ਕੁੱਟਣ ਲਈ ਅਨੇਕਾਂ ਵਿਦੇਸ਼ੀ ਧਾੜਵੀਆਂ, ਜਰਵਾਣਿਆਂ ਅਤੇ ਜ਼ਾਲਮਾਂ ਨੇ ਦੇਸ਼ ਉੱਤੇ ਵਾਰ-ਵਾਰ ਹਮਲੇ ਕੀਤੇ। ਰਾਜ ਪ੍ਰਬੰਧ ਉੱਤੇ ਕਾਬਜ਼ ਹੋ ਕੇ ਇੱਥੋਂ ਦੀ ਲੁੱਟ ਤੇ ਕੁੱਟ ਕਰਨ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਅਤੇ ਆਰਥਿਕ ਢਾਂਚੇ ਨਾਲ ਖਿਲਵਾੜ ਕੀਤਾ। ਸਮਾਜ ਪਹਿਲਾਂ ਹੀ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼ ਵਰਗਾਂ ਵਿਚ ਵੰਡਿਆ ਹੋਇਆ ਸੀ। ਇਸ ਜੁੱਗ-ਗਰਦੀ ਦੌਰਾਨ ਸ਼ੂਦਰ ਅਤੇ ਔਰਤ ਦਾ ਸਭ ਤੋਂ ਵੱਧ ਨਿਰਾਦਰ ਅਤੇ ਸ਼ੋਸ਼ਣ ਕੀਤਾ ਗਿਆ। ਇਨ੍ਹਾਂ ਦੋਹਾਂ ਪਾਸ ਕੋਈ ਧਾਰਮਿਕ, ਰਾਜਨੀਤਿਕ, ਆਰਥਿਕ, ਵਿਦਿਅਕ ਅਤੇ ਸਮਾਜਿਕ ਅਧਿਕਾਰ ਨਹੀਂ ਸੀ।

ਗੁਸਾਈਂ ਤੁਲਸੀ ਦਾਸ ਨੇ ਤਾਂ ਇੱਥੋਂ ਤਕ ਕਹਿ ਦਿੱਤਾ:

ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ। ਯਹ ਪਾਚੋਂ ਤਾੜਨ ਕੇ ਅਧਿਕਾਰੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਸਮਾਜ ਦੀ ਤਰਸਯੋਗ ਹਾਲਤ ਵੇਖ ਕੇ ਇਕ ਮੁਕੰਮਲ ਕ੍ਰਾਂਤੀ ਲਿਆਉਣ ਦਾ ਉਪਰਾਲਾ ਕੀਤਾ ਅਤੇ ਆਪਣਾ ਸਾਥੀ ਭਾਈ ਮਰਦਾਨਾ ਜੀ ਨੂੰ ਬਣਾਇਆ ਅਤੇ ਉਸ ਨੂੰ 'ਭਾਈ' ਕਿਹਾ। ਸਤਿਗੁਰਾਂ ਨੇ ਸਮਝਾਇਆ ਕਿ ਜੇਕਰ ਬਾਦਸ਼ਾਹ ਨਿਹਕਲੰਕ ਹੈ ਤਾਂ ਉਸ ਨੂੰ ਜਨਮ ਦੇਣ ਵਾਲੀ ਕਲੰਕਿਤ ਕਿਵੇਂ ਹੋਈ?

ਗੁਰੂ ਜੀ ਨੇ ਫੁਰਮਾਇਆ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ੪੭੩)

ਇਸ ਸਰਬਪੱਖੀ ਕ੍ਰਾਂਤੀ ਦੇ ਫਲਸਰੂਪ ਸਮਾਜ ਵਿਚ ਤ੍ਰਿਸਕਾਰੇ ਜਾ ਰਹੇ ਵਰਗ ਨੂੰ ਪੂਰਾ ਮਾਨ-ਸਨਮਾਨ ਪ੍ਰਾਪਤ ਹੋਇਆ। ਗੁਰੂ ਸਾਹਿਬ ਨੇ ਅਜਿਹੇ ਕਾਰਨਾਮੇ ਕੀਤੇ ਜਿਨ੍ਹਾਂ ਨਾਲ ਅਸਚਰਜ ਕਰਨ ਵਾਲਾ ਇਤਿਹਾਸ ਸਿਰਜਿਆ ਅਤੇ ਸੱਚਮੁੱਚ ਹੀ ਇਤਿਹਾਸ ਦੇ ਵਹਿਣ ਮੋੜ ਦਿੱਤੇ। ਦੁਨੀਆਂ ਦੇ ਅਨੋਖੇ ਅਤੇ ਮਹਾਨ ਕ੍ਰਾਂਤੀਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਾਂਤੀ ਨੇ ਬੇਬੇ ਨਾਨਕੀ, ਮਾਤਾ ਤ੍ਰਿਪਤਾ, ਮਾਤਾ ਸੁਲੱਖਣੀ, ਮਾਤਾ ਖੀਵੀ, ਮਾਤਾ ਵਿਰਾਈ, ਬੀਬੀ ਅਮਰੋ, ਬੀਬੀ ਭਾਨੀ, ਬੀਬੀ ਰਾਮੋ, ਬੀਬੀ ਵੀਰੋ, ਮਾਤਾ ਗੰਗਾ, ਬੀਬੀ ਰੂਪ ਕੌਰ, ਮਾਤਾ ਨਾਨਕੀ, ਮਾਤਾ ਗੁਜਰੀ ਜੀ, ਮਾਈ ਭਾਗੋ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਬੀਬੀ ਹਰਸ਼ਰਨ ਕੌਰ, ਬੀਬੀ ਅਨੂਪ ਕੌਰ, ਰਾਣੀ ਸਦਾ ਕੌਰ ਅਤੇ ਮਹਾਰਾਣੀ ਜਿੰਦ ਕੌਰ ਆਦਿ ਅਨੇਕਾਂ ਮਹਾਨ ਵੀਰਾਗਣਾਂ, ਤਿਆਗ ਅਤੇ ਕੁਰਬਾਨੀ ਦੀ ਮੂਰਤ ਅਤੇ ਆਦਰਸ਼ਕ ਬੀਬੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਦੇਸ਼ ਅਤੇ ਕੌਮ ਦਾ ਨਿਵੇਕਲਾ ਅਤੇ ਵਿਲੱਖਣ ਇਤਿਹਾਸ ਸਿਰਜਿਆ। ਦੇਸ਼ ਪੰਜਾਬ ਦੀ ਉਸ ਮਹਾਨ, ਸੂਰਬੀਰ, ਸੁੰਦਰ, ਰਾਜਨੀਤੀਵੇਤਾ, ਗੁਰਸਿੱਖੀ ਜੋਸ਼ ਤੇ ਜਜ਼ਬੇ ਨਾਲ ਸਰਸ਼ਾਰ, ਇਕ ਵਫ਼ਾਦਾਰ ਪਤਨੀ, ਇਕ ਸੁਯੋਗ ਮਾਤਾ, ਨਿਧੜਕ ਤੇ ਸਿਦਕੀ ਸ਼ੇਰਨੀ ਮਹਾਰਾਣੀ ਜਿੰਦ ਕੌਰ ਬਾਰੇ ਵਿਚਾਰ ਕਰ ਰਹੇ ਹਾਂ।

ਮਹਾਰਾਣੀ ਜਿੰਦ ਕੌਰ, ਜਿਸ ਨੂੰ ਪਿਆਰ ਨਾਲ ਪਰਵਾਰ ਵਿਚ ਜਿੰਦਾਂ ਕਹਿ ਕੇ ਬੁਲਾਇਆ ਜਾਂਦਾ ਸੀ, ਦਾ ਜਨਮ ਪੰਜਾਬ ਦੇ ਨਾਮਵਰ ਸਰਦਾਰ ਮੰਨਾ ਸਿੰਘ ਦੇ ਗ੍ਰਹਿ ਪਿੰਡ ਚਾੜ, ਤਹਿਸੀਲ ਜਫਰਵਾਲ, ਜ਼ਿਲ੍ਹਾ ਸਿਆਲਕੋਟ ਵਿਖੇ ਸੰਨ ੧੮੧੭ ਵਿਚ ਹੋਇਆ। ਸਮੇਂ ਅਨੁਸਾਰ ਵਿੱਦਿਆ ਅਤੇ ਰਾਜਨੀਤਿਕ ਸੂਝ-ਬੂਝ ਪ੍ਰਾਪਤ ਅਤਿ ਦੀ ਸੁੰਦਰ, ਮੁਟਿਆਰ ਜਿੰਦਾਂ ਦਾ ਅਨੰਦ ਕਾਰਜ, ਸਮੇਂ ਦੇ ਸ਼ਕਤੀਸ਼ਾਲੀ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨਾਲ ਸੰਨ ੧੮੩੭ ਵਿਚ ਹੋਇਆ। ੪ ਸਤੰਬਰ ੧੮੩੮ ਨੂੰ ਇਸ ਦੀ ਕੁੱਖੋਂ ਇਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਕੰਵਰ ਦਲੀਪ ਸਿੰਘ ਰੱਖਿਆ ਗਿਆ। ਛੇਤੀ ਹੀ ਜਿੰਦਾਂ ਦੀਆਂ ਖੁਸ਼ੀਆਂ ਨੇ ਗਮੀਆਂ ਦਾ ਰੂਪ ਧਾਰਨ ਕਰ ਲਿਆ ਅਤੇ ਪੰਜਾਬ ਦੀ ਕਿਸਮਤ ਦਾ ਸੂਰਜ ੨੭ ਜੂਨ ੧੮੩੯ ਨੂੰ ਡੁੱਬ ਗਿਆ।

ਮਹਾਰਾਣੀ ਜਿੰਦ ਕੌਰ ਹੁਣ ਇਕ ਵਿਧਵਾ ਸੀ ਜਿਸ ਦੀ ਗੋਦ ਵਿਚ ੯ ਮਹੀਨੇ ੨੪ ਦਿਨਾਂ ਦਾ ਬਾਲਕ ਦਲੀਪ ਸਿੰਘ ਸੀ। ਮਹਾਰਾਜਾ ਰਣਜੀਤ ਸਿੰਘ ਦੀ ਉਮਰ ਦੇ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਡੋਗਰੇ ਭਰਾ ਰਾਜ ਪ੍ਰਬੰਧ ਵਿਚ ਕਾਫੀ ਭਾਰੂ ਹੋ ਚੁੱਕੇ ਸਨ। ਉਨ੍ਹਾਂ ਦੇ ਮਨਾਂ ਵਿਚ ਰਾਜ ਦੀ ਵਫ਼ਾਦਾਰੀ ਦੀ ਥਾਂ ਰਾਜ ਨੂੰ ਤਬਾਹ ਕਰ ਕੇ ਉਸ ਉੱਤੇ ਆਪਣੇ ਰਾਜਸੀ ਮਹਿਲ ਉਸਾਰਨ ਦੀ ਲਾਲਸਾ ਸੀ। ਲਾਹੌਰ ਦਰਬਾਰ ਵਿਚ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਅੰਦਰੋ-ਅੰਦਰ ਮਹਾਰਾਜੇ ਦੇ ਭਰਾਵਾਂ, ਪੁੱਤਰਾਂ, ਸਰਦਾਰਾਂ ਅਤੇ ਡੋਗਰੇ ਭਰਾਵਾਂ ਅੰਦਰ ਈਰਖਾ ਅਤੇ ਨਿਜਪ੍ਰਸਤੀ ਦੀ ਠੰਢੀ ਜੰਗ ਸ਼ੁਰੂ ਹੋ ਚੁੱਕੀ ਸੀ।

ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਗੱਦੀਨਸ਼ੀਨ ਹੋਏ।

ਥੋੜ੍ਹੇ ਸਮੇਂ ਪਿੱਛੋਂ ਡੋਗਰੇ ਭਰਾਵਾਂ ਨੇ ਡੂੰਘੀ ਸਾਜ਼ਿਸ਼ ਅਧੀਨ ਉਨ੍ਹਾਂ ਨੂੰ ਸ਼ਾਹੀ ਮਹਿਲ ਅੰਦਰ ਕੈਦ ਕਰ ਕੇ ਰਾਜ-ਭਾਗ ਦਾ ਭਾਰ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦੇ ਹਵਾਲੇ ਕਰ ਦਿੱਤਾ। ਉਸ ਤੋਂ ਵੀ ਖਤਰਨਾਕ ਇਕ ਸਾਜ਼ਿਸ਼ ਅਧੀਨ ਮਹਾਰਾਜਾ ਖੜਕ ਸਿੰਘ ਅਤੇ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਇੱਕੋ ਦਿਨ ਹੀ ਸਦਾ ਦੀ ਨੀਂਦ ਸੁਲਾ ਦਿੱਤਾ। ਫਿਰ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਚੰਦ ਕੌਰ ੨ ਮਹੀਨੇ ੯ ਦਿਨ ਤਕ ਰਾਜ ਕਰਦੀ ਰਹੀ।

ਲਾਹੌਰ ਦਰਬਾਰ ਵਿਚ ਡੋਗਰਿਆਂ ਦੀ ਸਾਜ਼ਿਸ਼ ਕਾਰਨ ਹੋਏ ਖੂਨੀ ਟਕਰਾਅ ਉਪਰੰਤ ਮਹਾਰਾਜਾ ਸ਼ੇਰ ਸਿੰਘ ਗੱਦੀ ਉੱਤੇ ਬੈਠੇ ਪਰੰਤੂ ਡੋਗਰਿਆਂ ਨੇ ਸਾਜ਼ਿਸ਼ ਅਧੀਨ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਬਾਲਕ ਪੁੱਤਰ ਕੰਵਰ ਪ੍ਰਤਾਪ ਸਿੰਘ ਦਾ ਵੀ ਕਤਲ ਕਰਵਾ ਦਿੱਤਾ।

ਅੰਤ ਬਾਲਕ ਕੰਵਰ ਦਲੀਪ ਸਿੰਘ, ਜਿਸ ਦੀ ਉਮਰ ਉਸ ਸਮੇਂ ੫ ਸਾਲ ੧੧ ਦਿਨ ਦੀ ਸੀ, ਨੂੰ ੧੫ ਸਤੰਬਰ ੧੮੪੩ ਈ: ਨੂੰ ਤਖ਼ਤ ਉੱਤੇ ਬਿਠਾ ਦਿੱਤਾ। ਅਗਲੇ ਹੀ ਦਿਨ ਰਾਜਾ ਹੀਰਾ ਸਿੰਘ ਡੋਗਰੇ ਨੇ ਖਾਲਸਾ ਫੌਜਾਂ ਦੀ ਮਦਦ ਨਾਲ ਆਪਣੇ ਪਿਤਾ ਧਿਆਨ ਸਿੰਘ ਡੋਗਰੇ ਦੇ ਕਾਤਲਾਂ, ਸੰਧਾਵਾਲੀਏ ਲਹਿਣਾ ਸਿੰਘ ਅਤੇ ਅਜੀਤ ਸਿੰਘ ਨੂੰ ਕਤਲ ਕਰਵਾ ਦਿੱਤਾ। ਰਾਜ ਤਿਲਕ ਲਗਾ ਕੇ ਰਾਜਾ ਹੀਰਾ ਸਿੰਘ ਨੇ ਤਾਜਪੋਸ਼ੀ ਦੀ ਰਸਮ ਕਰ ਕੇ ੧੮ ਸਤੰਬਰ ੧੮੪੩ ਈ: ਨੂੰ ਕੰਵਰ ਦਲੀਪ ਸਿੰਘ ਨੂੰ ਮਹਾਰਾਜਾ ਅਤੇ ਆਪਣੇ ਆਪ ਨੂੰ ਵਜ਼ੀਰ ਹੋਣ ਦਾ ਐਲਾਨ ਕਰ ਦਿੱਤਾ। ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਭਰਾ ਜਵਾਹਰ ਸਿੰਘ ਨੂੰ ਹੀਰਾ ਸਿੰਘ ਦਾ ਵਜ਼ੀਰ ਬਣਨਾ ਮਨਜ਼ੂਰ ਨਹੀਂ ਸੀ।

ਹੀਰਾ ਸਿੰਘ ਨੇ ਖਾਲਸਾ ਫੌਜਾਂ ਵਿਚ ਇਹ ਗੱਲ ਫੈਲਾ ਦਿੱਤੀ ਕਿ ਜਵਾਹਰ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ। ਖਾਲਸਾ ਫੌਜ ਨੇ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਜਿਸ ਨੇ ਜਵਾਹਰ ਸਿੰਘ ਨੂੰ ਕੈਦ ਕਰ ਦਿੱਤਾ, ਪਰੰਤੂ ਥੋੜ੍ਹੇ ਹੀ ਸਮੇਂ ਮਗਰੋਂ ਮਹਾਰਾਣੀ ਜਿੰਦ ਕੌਰ ਨੇ ਆਪਣਾ ਅਸਰ-ਰਸੂਖ ਵਰਤ ਕੇ ਆਪਣੇ ਭਰਾ ਨੂੰ ਛੁਡਾ ਲਿਆ।

੭ ਮਈ ੧੮੪੪ ਈ: ਨੂੰ ਰਾਜਾ ਹੀਰਾ ਸਿੰਘ ਦੇ ਹੁਕਮ ਨਾਲ ਸ਼ੇਰਏ-ਪੰਜਾਬ ਦੇ ਪੁੱਤਰ ਕੰਵਰ ਕਸ਼ਮੀਰਾ ਸਿੰਘ, ਸ. ਅਤਰ ਸਿੰਘ ਸੰਧਾਵਾਲੀਏ, ਬਾਬਾ ਬੀਰ ਸਿੰਘ ਨੌਰੰਗਾਬਾਦੀ ਸਮੇਤ ਤਿੰਨ ਹਜ਼ਾਰ ਤੋਂ ਵੀ ਵੱਧ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਨੂੰ ਕਤਲ ਕਰ ਦਿੱਤਾ ਗਿਆ।

੨੧ ਦਸੰਬਰ ੧੮੪੪ ਈ: ਨੂੰ ਹੀਰਾ ਸਿੰਘ ਵੀ ਸਣੇ ਸਾਥੀਆਂ ਦੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਥਾਂ ਜਵਾਹਰ ਸਿੰਘ ਵਜ਼ੀਰ ਬਣਿਆ, ਜਿਸ ਦੇ ਹੁਕਮ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਪਸ਼ੌਰਾ ਸਿੰਘ ਨੂੰ ੩੦ ਅਗਸਤ ੧੮੪੫ ਈ: ਨੂੰ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਖਾਲਸਾ ਫੌਜਾਂ ਜਵਾਹਰ ਸਿੰਘ ਨਾਲ ਨਾਰਾਜ਼ ਹੋ ਗਈਆਂ ਅਤੇ ਉਸ ਨੂੰ ਮਹਾਰਾਣੀ ਜਿੰਦ ਕੌਰ ਅਤੇ ਮਹਾਰਾਜਾ ਦਲੀਪ ਸਿੰਘ ਦੇ ਸਾਹਮਣੇ ੨੧ ਸਤੰਬਰ ੧੮੪੫ ਈ: ਨੂੰ ਕਤਲ ਕਰ ਦਿੱਤਾ।

ਹੁਣ ਲਾਹੌਰ ਦਰਬਾਰ ਅੰਦਰ ਫੈਲੀ ਬੁਰਛਾਗਰਦੀ ਕਾਰਨ ਕੋਈ ਵਜ਼ੀਰ ਬਣਨ ਨੂੰ ਤਿਆਰ ਨਹੀਂ ਸੀ। ਅੰਤ ਸਭ ਕੰਮ-ਕਾਜ ਮਹਾਰਾਣੀ ਜਿੰਦ ਕੌਰ ਨੇ ਆਪਣੇ ਹੱਥ ਵਿਚ ਲੈ ਲਿਆ ਅਤੇ ਉਹ ਬਾਲਕ ਮਹਾਰਾਜੇ ਦੀ ਸਰਪ੍ਰਸਤ ਬਣੀ। ਦੀਵਾਨ ਦੀਨਾ ਨਾਥ, ਭਾਈ ਰਾਮ ਸਿੰਘ ਅਤੇ ਮਿਸ਼ਰ ਲਾਲ ਸਿੰਘ ਆਦਿ ਦੀ ਸਲਾਹਕਾਰ ਸਭ੍ਹਾ ਬਣਾ ਕੇ ਰਾਜ ਕਰਨ ਲੱਗੀ।

ਲੇਡੀ ਲੋਗਨ ਨੇ ਆਪਣੀ ਕਿਤਾਬ ਦੇ ਸਫ਼ਾ ੧੦੬ ਉੱਤੇ ਲਿਖਿਆ ਹੈ ਕਿ "ਮਹਾਰਾਣੀ ਜਿੰਦ ਕੌਰ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿਚ, ਉਸ ਦੀ ਪ੍ਰਤਿਪਾਲਕਾ ਥਾਪੀ ਗਈ। ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ ਜਿਸ ਦਾ ਖਾਲਸਾ ਪੰਚਾਇਤਾਂ ਅੰਦਰ ਬੜਾ ਸਤਿਕਾਰ ਅਤੇ ਅਸਰ ਸੀ। ਉਹ ਰਾਜਨੀਤੀ ਨੂੰ ਸਮਝਣ ਵਾਲੀ ਅਤੇ ਵੱਡੇ ਹੌਂਸਲੇ ਵਾਲੀ ਇਸਤਰੀ ਸੀ"।

ਉਧਰ ਲਾਲ ਸਿੰਘ ਅਤੇ ਤੇਜ ਸਿੰਘ ਵੀ ਤਾਕਤ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੇ ਸਨ ਪਰੰਤੂ ਖਾਲਸਾ ਫੌਜਾਂ ਉਨ੍ਹਾਂ ਦੇ ਸਾਜ਼ਿਸ਼ੀ ਅਤੇ ਖੁਦਪ੍ਰਸਤ ਹੋਣ ਕਾਰਨ ਸਖ਼ਤ ਖ਼ਿਲਾਫ ਸਨ। ਅੰਤ ਨੂੰ ਇਨ੍ਹਾਂ ਦੋਹਾਂ ਨੇ ਅੰਗਰੇਜ਼ਾਂ ਨਾਲ ਸਾਜ਼-ਬਾਜ਼ ਕਰਨੀ ਅਰੰਭ ਦਿੱਤੀ ਅਤੇ ਫੈਸਲਾ ਕਰ ਲਿਆ ਕਿ ਖਾਲਸਾ ਫੌਜਾਂ ਨੂੰ ਅੰਗਰੇਜ਼ਾਂ ਨਾਲ ਲੜਾ ਕੇ ਤਬਾਹ ਕਰਵਾ ਦਿੱਤਾ ਜਾਵੇ। ਇਸ ਨੀਤੀ ਅਧੀਨ ਡੋਗਰਿਆਂ ਨੇ ਖਾਲਸਾ ਫੌਜਾਂ ਨੂੰ ਭੜਕਾ ਕੇ ੧੭ ਨਵੰਬਰ ੧੮੪੫ ਈ: ਨੂੰ ਅੰਗਰੇਜ਼ ਸਰਕਾਰ ਦੇ ਵਿਰੁੱਧ ਐਲਾਨ-ਏਜੰਗ ਕਰਵਾ ਦਿੱਤਾ।

ਭਾਵੇਂ ਮਹਾਰਾਣੀ ਜਿੰਦ ਕੌਰ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਲੜਾਈ ਛੇੜਨ ਦੇ ਵਿਰੁੱਧ ਸਨ ਕਿਉਂਕਿ ਲਾਹੌਰ ਦਰਬਾਰ ਅੰਦਰ ਇਕਜੁਟਤਾ ਅਤੇ ਇਕਸੁਰਤਾ ਨਹੀਂ ਸੀ। ਫੌਜ ਦੀ ਕਮਾਂਡ ਵੀ ਢਿੱਲੀ ਹੋਈ ਪਈ ਸੀ ਅਤੇ ਮਹਾਰਾਜਾ ਦਲੀਪ ਸਿੰਘ ਬਾਲ ਅਵਸਥਾ ਵਿਚ ਸਨ।

ਲਾਹੌਰ ਦਰਬਾਰ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ। ਪਰ ਲੜਾਈ ਨਾ ਟਲ ਸਕੀ। ਅੰਤ ਸਤਲੁਜ ਦੇ ਕੰਢੇ ਪੰਜ ਘਮਸਾਣ ਦੀਆਂ ਲੜਾਈਆਂ ਹੋਈਆਂ ਜਿਨ੍ਹਾਂ ਵਿਚ ਖਾਲਸਾ ਫੌਜਾਂ ਨੇ ਆਪਣੇ ਜੌਹਰ ਦਿਖਾਏ ਅਤੇ ਅੰਗਰੇਜ਼ ਫੌਜਾਂ ਦੇ ਛੱਕੇ ਛੁਡਾ ਦਿੱਤੇ ਪਰੰਤੂ ਦੇਸ਼-ਧਰੋਹੀ ਜਰਨੈਲਾਂ ਲਾਲ ਸਿੰਘ, ਤੇਜ ਸਿੰਘ ਅਤੇ ਗੁਲਾਬ ਸਿੰਘ ਦੀ ਬੇਈਮਾਨੀ ਕਾਰਨ ਮੁਦਕੀ, ਫੇਰੂ ਸ਼ਹਿਰ ਬੱਦੋਵਾਲ, ਅਲੀਵਾਲ ਅਤੇ ਸਭਰਾਵਾਂ ਦੀਆਂ ਲੜਾਈਆਂ ਹਾਰ ਗਏ। ਇਨ੍ਹਾਂ ਬੇਈਮਾਨ ਜਰਨੈਲਾਂ ਨੇ ਫੌਜਾਂ ਨੂੰ ਬਰੂਦ ਦੀ ਥਾਂ ਸਰ੍ਹੋਂ ਭੇਜੀ। ਪਰੰਤੂ ਫੌਜਾਂ ਅੰਦਰ ਇਨ੍ਹਾਂ ਇਹ ਗੱਲ ਫੈਲਾ ਦਿੱਤੀ ਕਿ ਮਹਾਰਾਣੀ ਜਿੰਦ ਕੌਰ ਨੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਹਨ ਅਤੇ ਬਰੂਦ ਦੀ ਥਾਂ ਸਰ੍ਹੋਂ ਵੀ ਮਹਾਰਾਣੀ ਸਾਹਿਬਾ ਨੇ ਹੀ ਭੇਜੀ। ਪਰ ਅੱਜ ਤਕ ਇਸ ਦਾ ਸਬੂਤ ਕਿੱਧਰੇ ਵੀ ਨਹੀਂ ਮਿਲਦਾ।

ਇਸ ਦੇ ਉਲਟ ਮੁਦਕੀ ਅਤੇ ਫੇਰੂ ਸ਼ਹਿਰ ਦੀ ਜੰਗ ਹਾਰਨ ਉਪਰੰਤ ਜੋ ਚਿੱਠੀ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ, ਜੋ ਸ਼ੇਰ-ਏ-ਪੰਜਾਬ ਦਾ ਦੋਸਤ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਸੀ, ਨੂੰ ਲਿਖੀ ਉਸ ਤੋਂ ਸਾਫ ਜ਼ਾਹਰ ਹੈ ਕਿ ਮਹਾਰਾਣੀ ਜਿੰਦ ਕੌਰ ਨੂੰ ਪੰਜਾਬ ਦੇ ਹਿਤ ਕਿਤਨੇ ਪਿਆਰੇ ਸਨ ਅਤੇ ਪੰਜਾਬ ਦੀ ਮਿੱਟੀ ਨਾਲ ਉਸ ਦਾ ਕਿਤਨਾ ਮੋਹ ਸੀ ! ਫਿਰ ਰਾਜ-ਭਾਗ ਦਾ ਮਾਲਕ ਵੀ ਤਾਂ ਉਸ ਦਾ ਪੁੱਤਰ ਦਲੀਪ ਸਿੰਘ ਹੀ ਸੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਦੇ ਰੂਪ ਵਿਚ ਰਾਜ-ਭਾਗ ਦੀ ਵਾਗਡੋਰ ਉਸ ਦੇ ਆਪਣੇ ਹੱਥ ਸੀ। ਕੋਈ ਕਮਲਾ ਵੀ ਆਪਣੇ ਘਰ ਨੂੰ ਆਪ ਤਬਾਹ ਨਹੀਂ ਕਰਦਾ। ਫਿਰ ਮਹਾਰਾਣੀ ਜਿੰਦ ਕੌਰ ਨੂੰ ਅੰਗਰੇਜ਼ਾਂ ਨਾਲ ਸਾਜ਼-ਬਾਜ਼ ਕਰ ਕੇ ਆਪਣੇ ਹੀ ਪੁੱਤਰ ਦਾ ਰਾਜ-ਭਾਗ ਤਬਾਹ ਕਰਨ ਦੀ ਕੀ ਲੋੜ ਸੀ?

ਪਰੰਤੂ ਡੋਗਰੇ ਭਰਾਵਾਂ ਵਾਂਗ ਹਰ ਰਾਜ ਪ੍ਰਬੰਧ ਅਤੇ ਰਾਜ ਘਰਾਣੇ ਅੰਦਰ ਅਜਿਹੇ ਨਖਿਧ ਅਤੇ ਨਿਜ-ਪ੍ਰਸਤ, ਲਾਲਚੀ, ਨਮਕ ਹਰਾਮ ਲੋਕ ਮੌਜੂਦ ਹੁੰਦੇ ਹੀ ਰਹੇ ਹਨ ਅਤੇ ਅੱਜ ਵੀ ਹਨ, ਜੋ ਰਾਜ ਦਰਬਾਰਾਂ-ਸਰਕਾਰਾਂ ਅੰਦਰ ਰਹਿ ਕੇ ਸਾਜ਼ਿਸ਼ਾਂ ਰਚਦੇ ਹੀ ਰਹਿੰਦੇ ਹਨ। ਸ਼ਾਇਦ ਹੀ ਕੋਈ ਸਰਕਾਰ ਇਨ੍ਹਾਂ ਦਰਬਾਰੀ ਸਾਜ਼ਿਸ਼ਾਂ (PALACE-INTRIGUES ) ਤੋਂ ਬਚ ਸਕੀ ਹੋਵੇ। ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਲਿਖੀ ਮਹਾਰਾਣੀ ਜਿੰਦ ਕੌਰ ਦੀ ਚਿੱਠੀ ਨੂੰ ਪੰਥ ਦੇ ਪ੍ਰਸਿੱਧ ਵਿਦਵਾਨ ਇਤਿਹਾਸਕਾਰ ਅਤੇ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਨੇ ਇਉਂ ਬਿਆਨ ਕੀਤਾ ਹੈ: