ਸ਼ਹੀਦਾਂ ਦੇ ਸਿਰਤਾਜ – ਗੁਰੂ ਅਰਜਨ ਦੇਵ, (1563 - 1606 ਈ.)

ਸ਼ਹੀਦ: ਉਹ ਮਹਾਂਯੋਧਾ ਅਤੇ ਪਵਿੱਤਰ ਹਸਤੀ ਜੋ ਰੱਬ ਜਾਂ ਉਸ ਦੀ ਰਚਨਾ ਦੇ ਪਿਆਰ ਅਤੇ ਰੱਬੀ ਭਾਣੇ ਅੰਦਰ ਖੁਸ਼ੀ-ਖੁਸ਼ੀ, ਕਿਸੇ ਜਗਤ ਭਲਾਈ ਅਤੇ ਪਰਉਪਕਾਰ ਹਿੱਤ ਜੂਝਿਆ ਹੋਵੇ ਜਾਂ ਜਿਸ ਨੇ ਕਿਸੇ ਉਚੇ ਸੁਚੇ ਸਿਧਾਂਤ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਹੋਵੇ, ਉਸ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ ।

ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਬੜੇ ਭਿਆਨਕ ਅਤੇ ਦਿਲ-ਕੰਬਾਊ ਤਸੀਹੇ ਸਹਿੰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੱਧਾ ਅਤੇ ਆਪ ਨੂੰ ਸ਼ਹੀਦਾਂ ਦੇ ਸਿਰਤਾਜ ਅਖਵਾਉਣ ਦਾ ਮਾਣ ਪ੍ਰਾਪਤ ਹੋਇਆ। ਪੁਰਾਤਨ ਇਤਿਹਾਸਕਾਰਾਂ ਨੇ ਆਪ ਜੀ ਦੀ ਸ਼ਹੀਦੀ ਅਤੇ ਇਹੋ ਜਿਹੇ ਨਿਰਦਈ ਦੰਡ ਦੇਣ ਦੀ ਵਿੱਧੀ ਨੂੰ ਅਪਨਾਉਣ ਦਾ ਮੁੱਖ ਕਾਰਨ ਦੀਵਾਨ ਚੰਦੂ ਸ਼ਾਹ ਦੀ ਨਿੱਜੀ ਦੁਸ਼ਮਣੀ ਦੱਸਿਆ ਹੈ, ਪਰੰਤੂ ਅਸਲੀਅਤ ਅਤੇ ਮੁੱਖ ਕਾਰਨ ਹੋਰ ਵੀ ਹਨ। ਪ੍ਰਿਥੀ ਚੰਦ ਅਤੇ ਚੰਦੂ ਸ਼ਾਹ ਗੁਰੂ ਜੀ ਦੀ ਸ਼ਹਾਦਤ ਦਾ ਇਕ ਨਿਗੂਣਾ ਜਿਹਾ ਕਾਰਨ ਜ਼ਰੂਰ ਸਨ ਪਰੰਤੂ ਸਤਿਗੁਰਾਂ ਦੀ ਸ਼ਹਾਦਤ ਦਾ ਮੁੱਖ ਕਾਰਨ, (1) ਸ਼ਰਾਬੀ ਅਤੇ ਅੱਯਾਸ਼ੀ ਮੁਗ਼ਲ ਬਾਦਸ਼ਾਹ ਜਹਾਂਗੀਰ ਜੋ ਆਪਣੀ ਬਾਦਸ਼ਾਹੀ ਸਥਾਪਤ ਕਰਨਾ ਚਾਹੁੰਦਾ ਸੀ, (2) ਕੱਟੜ ਮੁਸਲਮਾਨ ਸ਼ੇਖ ਅਹਿਮਦ ਸਰਹੰਦੀ, ਜੋ ਕਿ ਇਸਲਾਮ ਦੀ ਨਕਸ਼ਬੰਦੀ ਸਿਲਸਿਲਹ ਦਾ ਮੁੱਖ ਆਗੂ ਸੀ ਅਤੇ (3) ਉਸ ਦੇ ਚੇਲਿਆਂ ਦਾ ਨਾਪਾਕ ਗੱਠਜੋੜ ਸੀ ਜੋ ਇਸਲਾਮੀ ਹਕੂਮਤ ਸਥਾਪਤ ਕਰਨਾ ਚਾਹੁੰਦੇ ਸਨ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ਼ਹੀਦੀ ਦੇ ਅਸਲ ਕਾਰਨ, ਦੰਡ ਦੇਣ ਦਾ ਢੰਗ ਅਤੇ ਅਸਲ ਦੋਸ਼ੀ ਦਾ ਪਤਾ ਕਰਨ ਲਈ ਸਾਨੂੰ ਇਤਿਹਾਸ ਦੇ ਪੰਨਿਆਂ ਨੂੰ ਸਾਰ ਵਿੱਚ ਪੜ੍ਹਨਾ ਪਵੇਗਾ।

ਗੁਰੂ ਨਾਨਕ ਦੇ ਆਗਮਨ ਸਮੇਂ ਭਾਰਤੀ ਵਸੋਂ ਦੀ ਰਾਜਨੀਤਕ, ਧਾਰਿਮਕ, ਸਮਾਜਕ ਅਤੇ ਮਾਨਸਿਕ ਅਵਸਥਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਆਗਮਨ ਮੌਕੇ ਭਾਰਤੀ ਵਸੋਂ ਵਰਨ ਆਸ਼ਰਮ (ਜਾਤ-ਪਾਤ) ਕਰਕੇ ਵੰਡੀ ਹੋਈ ਸੀ, ਪੁਜਾਰੀ ਸ਼ਰੇਣੀ ਦੀ ਸਤਾਈ ਹੋਈ ਅਤੇ ਰਾਜ ਸੱਤਾ ਦੀ ਬੁਰੀ ਤਰਾਂ ਦਬਾਈ ਹੋਈ ਸੀ।ਸਮਾਜ ਅੰਦਰ ਜਾਤ-ਪਾਤ, ਛੂਤ-ਛਾਤ, ਸੁੱਚ-ਭਿੱਟ, ਈਰਖਾ, ਦਵੈਸ਼, ਨਫ਼ਰਤ ਆਦਿ ਬੁਰਾਈਆਂ ਬੜਾ ਭਿਆਨਕ ਰੂਪ ਧਾਰਨ ਕਰ ਚੁਕੀਆਂ ਸਨ, ਜਿਸ ਦੇ ਨਤੀਜੇ ਵਜੋਂ ਸਮਾਜ ਦੀ ਮਾਨਸਿਕ ਦਸ਼ਾ ਬਹੁਤ ਹੀ ਦੁਖਦਾਈ ਤੇ ਤਰਸਮਈ ਬਣ ਚੁਕੀ ਸੀ। ਤੀਵੀਂ ਜਾਤੀ ਦੀ ਸਮਾਜ ਵਿੱਚ ਕੋਈ ਥਾਂ ਨਹੀ ਸੀ ਅਤੇ ਤੀਂਵੀ ਨੂੰ ਮਰਦ ਦੀ ਜਾਇਦਾਦ ਸਮਝਿਆ ਜਾਂਦਾ ਸੀ। ਸਮਾਜ ਦੀ ਅਜਿਹੀ ਅਵਸਥਾ ਨੂੰ ਸੁਧਾਰਨ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਨਾਮ ਜਪਣ (ਭਾਵ ਰਬੀ ਗੁਣਾਂ ਅਤੇ ਗਿਆਨ ਨੂੰ ਅਪਨਾਉਣ) ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿਤਾ ਉਥੇ ਨਾਲ ਹੀ ਲੋਕਾਂ ਦੇ ਮਨਾਂ ਵਿਚੋਂ ਨਫ਼ਰਤ ਅਤੇ ਵਿਤਕਰਿਆਂ ਦੀਆਂ ਵੰਡੀਆਂ ਨੂੰ ਮਿਟਾ ਕੇ ਆਪਸੀ ਪਿਆਰ, ਮਿਲਵਰਤਨ, ਏਕਤਾ, ਬਰਾਬਰੀ ਦੀਆਂ ਭਾਵਨਾਵਾਂ ਦੇ ਸੰਚਾਰ ਲਈ ਸੰਗਤ ਤੇ ਪੰਗਤ ਦੀਆਂ ਸੰਸਥਾਵਾਂ ਦਾ ਮੁੱਢ ਬੰਨ੍ਹਿਆ।ਇਨ੍ਹਾਂ ਦੋਹਾਂ ਸੰਸਥਾਵਾਂ ਨੇ ਸਮਾਜ ਅੰਦਰ 'ਰਾਣਾ ਰੰਕੁ' ਬਰਾਬਰੀ ਦੀ ਭਾਵਨਾ ਹੀ ਨਹੀਂ ਉਜਗਾਰ ਕੀਤੀ, ਸਗੋਂ ਮਾਨਵਤਾ ਦੀ ਏਕਤਾ ਅਤੇ ਬਰਾਬਰੀ ਦੇ ਵਿਚਾਰ ਨੂੰ ਇੰਨ-ਬਿੰਨ ਲਾਗੂ ਕਰ ਕੇ ਸਮਾਜ ਅੰਦਰ ਇਕ ਵੱਡੀ ਤਬਦੀਲੀ ਦਾ ਮੁੱਢ ਬੰਨ੍ਹਿਆ।

ਰਾਜ ਸੱਤਾ ਦੀ ਫਾਰਸੀ ਬੋਲੀ ਅਤੇ ਪੁਜਾਰੀ ਜਮਾਤ ਵਲੋਂ ਦੈਵੀ ਸਮਝੀ ਜਾਂਦੀ ਸੰਸਕ੍ਰਿਤ ਬੋਲੀ ਸਾਧਾਰਨ ਜਨਤਾ ਦੀ ਸਮਝ ਅਤੇ ਪਹੁੰਚ ਤੋਂ ਪਰੇ ਸਨ। ਵਿਦਿਆ ਲੈਣ ਦਾ ਅਤੇ ਪੁਜਾਰੀ ਜਮਾਤ ਵਲੋਂ ਦੈਵੀ ਸਮਝੀ ਜਾਂਦੀ ਸੰਸਕ੍ਰਿਤ ਬੋਲੀ ਪੜ੍ਹਨ ਦਾ ਆਮ ਜਨਤਾ ਨੂੰ ਕੋਈ ਹੱਕ ਨਹੀ ਸੀ। ਗੁਰੂ ਨਾਨਕ ਦੇਵ ਜੀ ਨੇ ਆਮ ਲੋਕਾਂ ਵਿੱਚ ਬੋਲੀ ਜਾਂਦੀ ਪੰਜਾਬੀ ਭਾਸ਼ਾ ਨੂੰ ਅਪਨਾਇਆ। ਇਸ ਤਰਾਂ ਰਾਜ ਸੱਤਾ ਅਤੇ ਪੁਜਾਰੀ ਜਮਾਤ ਦੀਆਂ ਬੋਲੀਆਂ ਅਪਰਵਾਨ ਕਰ, ਜਨਤਾ ਵਿੱਚ ਬੋਲੀ ਜਾਂਦੀ ਭਾਸ਼ਾ ਨੂੰ ਪ੍ਰਫੁਲਤ ਕੀਤਾ। ਤੀਵੀਂ ਅਤੇ ਮਨੁਖ ਜਾਤੀ ਦੇ ਬਰਾਬਰ ਦੇ ਹੱਕਾਂ ਲਈ ਪਰਚਾਰਿਆ। ਤੀਵੀਂ ਜਾਤੀ ਨੂੰ ਉਸਦੇ ਬਰਾਬਰਤਾ ਦੇ ਦਰਜੇ ਬਾਰੇ ਜਾਣੂ ਕਰਵਾਇਆ।

ਪੁਜਾਰੀ ਜਮਾਤ ਵਲੋਂ ਸੂਤਕ ਅਤੇ ਸੁੱਚ ਦੇ ਬਹਾਨੇ ਤੀਂਵੀ ਜਾਤੀ ਨੂੰ ਹਿੰਦੂ ਮੰਦਰਾਂ ਵਿੱਚ ਜਾਣ ਦੀ ਅਤੇ ਪੂਜਾ ਪਾਠ ਕਰਨ ਦੀ ਮਨਾਹੀ ਸੀ।ਗੁਰੂ ਨਾਨਕ ਦੇਵ ਜੀ ਨੇ ਤੀਂਵੀ ਜਾਤੀ ਨੂੰ ਉਸਦੇ ਹੱਕਾਂ ਬਾਰੇ ਜਾਣੂ ਕਰਾਇਆ, ਲੋਕਾਂ ਦੇ ਇਸ ਭਰਮ ਨੂੰ ਦੂਰ ਕੀਤਾ ਅਤੇ ਇਹ ਕਹਿ ਕੇ ਲੋਕਾਈ ਨੂੰ ਸਮਝਾਇਆ:

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥… (ਸਲੋਕੁ ਮਃ 1, ਪੰਨਾ 472)

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ (ਮਃ 1, ਪੰਨਾ 472)

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥2॥ (ਮਃ 1, ਪੰਨਾ 473)

ਜਾਤ ਪਾਤ ਦੇ ਸਤਾਏ, ਗਰੀਬ ਅਤੇ ਅਖੌਤੀ ਬਣਾਈ ਨੀਵੀਂ ਜਾਤੀ ਦੇ ਲੋਕਾਂ ਨੂੰ ਇਹ ਕਹਿ ਕੇ ਮਾਣ ਅਤੇ ਪਿਆਰ ਦਿਤਾ: ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥…… (ਸਿਰੀਰਾਗੁ ਮਹਲਾ 1, ਪੰਨਾ 16)

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ (ਮਃ 1, ਪੰਨਾ 469)

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ (ਪ੍ਰਭਾਤੀ ਮਹਲਾ 1, ਪੰਨਾ 1330)

ਸਿੱਖੀ ਸਿਧਾਂਤ ਬ੍ਰਾਹਮਣੀ ਕਰਮਕਾਂਡਾਂ ਉੱਪਰ ਕਰੜੀ ਤਕੜੀ ਸੱਟ ਮਾਰਦੇ ਸਨ ਅਤੇ ਜਾਤ-ਪਾਤ ਦੀ ਕਾਣੀ ਵੰਡ ਨੂੰ ਮੁੱਢੋਂ ਰੱਦ ਕਰਦੇ ਸਨ। ਇਸ ਤਰਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਆਪਣੇ ਨਿਆਰੇ, ਵਿਲੱਖਣ ਅਤੇ ਸਰਬੱਤ ਦੇ ਭਲੇ ਵਾਲੇ ਸਿਧਾਂਤਾਂ ਕਾਰਨ ਸਿੱਖੀ ਦੂਰ ਦੁਰਾਡੇ ਫੈਲ ਗਈ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਇਹ ਜਾਣਦਿਆਂ ਹੋਇਆਂ ਕਿ ਜਿਸ ਸਮਾਜ ਅੰਦਰ ਇਕ ਵੱਡੀ ਤਬਦੀਲੀ ਦਾ ਮੁੱਢ ਬੰਨ੍ਹਿਆ ਹੈ ਇਸ ਨੂੰ ਨੇਪਰੇ ਚ੍ਹਾੜਣ ਲਈ ਬਹੁਤ ਕੰਮ ਕਰਨਾ ਹੈ ਅਤੇ ਇਸ ਵਿੱਚ ਬੜੀਆਂ ਔਕੜਾਂ ਵੀ ਆਉਣਗੀਆਂ। ਇਸ ਲਈ ਆਪ ਜੀ ਨੇ ਆਪਨੇ ਪੈਰੋਕਾਰਾਂ ਅਤੇ ਸ਼ਰਧਾਲੂਆਂ ਨੂੰ ਇਹ ਕਹਿ ਕੇ ਅਗਾਉਂ ਚਿਤੰਨ ਕੀਤਾ।

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥ ( ਸਲੋਕ ਵਾਰਾਂ ਤੇ ਵਧੀਕ ॥ ਮਹਲਾ 1, ਪੰਨਾ 1412 ॥

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਨਵੇਂ ਚਲਾਏ ਨਿਰਮਲ ਪੰਥ ਨੂੰ ਪ੍ਰਪੱਕਤਾ ਅਤੇ ਵਿਕਾਸ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬੜੀ ਦ੍ਰਿੜਤਾ ਨਾਲ ਨਿਭਾਈ। ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰਖਦਿਆਂ, ਗੁਰੂ ਜੀ ਨੇ ਲੋਕਾਂ ਦੀ ਚੰਗੀ ਸਿਹਤ ਅਤੇ ਸਰੀਰਕ ਸਡੌਲਤਾ ਲਈ ਮੱਲ ਅਖਾੜੇ ਸ਼ੁਰੂ ਕੀਤੇ। ਉਦਾਸੀ ਪ੍ਰੰਪਰਾ ਨੂੰ ਠੱਲ ਪਾਇਆ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਿਸ਼ਨ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਾਸਤੇ ਅਨੇਕਾਂ ਮਹਾਨ ਕਾਰਜ ਕੀਤੇ। ਗੁਰੂ ਸਾਹਿਬ ਅਤੇ ਮਾਤਾ ਖੀਵੀ ਜੀ ਵੱਲੋਂ ਲੰਗਰ ਦੀ ਸੰਸਥਾ ਵਿਚ ਬਹੁਤ ਵੱਡਾ ਯੋਗਦਾਨ ਪਾਇਆ।ਗੁਰਤਾ ਗੱਦੀ ਦੀ ਪ੍ਰਾਪਤੀ ਉਪਰੰਤ ਆਪ ਜੀ ਖਡੂਰ ਸਾਹਿਬ ਆ ਗਏ ਜਿਥੇ ਗੁਰੂ ਦਰਸ਼ਨਾਂ ਲਈ ਸੰਗਤਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਅਤੇ ਸੰਗਤਾਂ ਵੱਲੋਂ ਗੁਰੂ ਅਰਪਣ ਕੀਤੀਆਂ ਭੇਟਾਵਾਂ ਅਤੇ ਮਾਇਆ ਦੀ ਵਰਤੋਂ ਲੰਗਰ ਤਿਆਰ ਕਰਨ ਲਈ ਕਰਨ ਲੱਗੇ:

ਲੰਗਰ ਬਾਰੇ ਮਹਿਮਾ ਪ੍ਰਕਾਸ਼ ਦੇ ਕਰਤਾ ਬਾਵਾ ਸਰੂਪ ਦਾਸ ਭੱਲਾ:

ਸ੍ਰੀ ਗੁਰੂ ਅੰਗਦ ਦੇਵ ਜੀ ਜਿਥੇ ਆਪਣੇ ਪ੍ਰਵਚਨਾਂ ਦੁਆਰਾ ਗੁਰੂ ਦਰਬਾਰ ਵਿਚ ਆਉਣ ਵਾਲੇ ਜਗਿਆਸੂਆਂ ਨੂੰ ਆਤਮਕ ਗਿਆਨ ਦੇ ਭੋਜਨ ਦੁਆਰਾ ਤ੍ਰਿਪਤ ਕਰਕੇ ਉਨ੍ਹਾਂ ਦੇ ਮਨਾਂ ਦੀ ਭਟਕਣਾਂ ਨੂੰ ਦੂਰ ਕਰਦੇ ਸਨ, ਉਥੇ ਮਾਤਾ ਖੀਵੀ ਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਸਨ। ਭਾਈ ਸੱਤਾ ਤੇ ਬਲਵੰਡ ਦੁਆਰਾ ਰਾਮਕਲੀ ਕੀ ਵਾਰ ਅੰਦਰ ਵਰਨਣ ਕੀਤਾ ਗਿਆ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)

ਗੁਰਮੁਖੀ ਲਿਪੀ : ਗੁਰੂ ਸਾਹਿਬ ਦੇ ਸਮੇਂ ਪੰਜਾਬ ਅਤੇ ਲਾਗੇ-ਚਾਗੇ ਦੇ ਇਲਾਕੇ ਵਿਚ ਕਈ ਲਿੱਪੀਆਂ ਪ੍ਰਚਲਤ ਸਨ- ਸਿੱਧ ਮਾਤ੍ਰਿਕਾ, ਟਾਕਰੀ, ਭੱਟ-ਅੱਛਰੀ, ਲੰਡੇ, ਟਾਕਰੇ, ਆਦਿ। ਪਰ ਇਨ੍ਹਾਂ ਵਿਚੋਂ ਕੋਈ ਵੀ ਲਿੱਪੀ ਸੰਪੂਰਨ ਤੇ ਗੁਰਬਾਣੀ ਲਿਖਣ ਦੇ ਯੋਗ ਨਹੀਂ ਸੀ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਨ੍ਹਾਂ ਲਿੱਪੀਆਂ ਦੇ ਕੁਝ-ਕੁਝ ਗੁਣ ਅਪਣਾਕੇ, ਸੰਵਾਰ ਸ਼ਿੰਗਾਰਕੇ, ਨਵੀਂ ਤਰਤੀਬ ਦੇ ਕੇ ਅਤੇ ਕੁਝ ਕਮਜ਼ੋਰੀਆਂ ਦੂਰ ਕਰਕੇ ਇਕ ਨਵੀਂ ਲਿੱਪੀ ਤਿਆਰ ਕੀਤੀ, ਜਿਸ ਦਾ ਨਾਮ ਗੁਰਮੁਖੀ ਲਿੱਪੀ ਪ੍ਰਸਿੱਧ ਹੋਇਆ। ਗੁਰੂ ਜੀ ਨੇ ਗੁਰਮੁਖੀ ਲਿੱਪੀ ਵਿੱਚ ਬਾਲ ਬੋਧ ਦੇ ਕਈ ਉਤਾਰੇ ਕੀਤੇ ਅਤੇ ਬੱਚਿਆਂ ਨੂੰ ਪੜ੍ਹਾਣਾਂ ਸ਼ੁਰੂ ਕੀਤਾ ਅਤੇ ਖਡੂਰ ਸਾਹਿਬ ਕਸਬੇ ਨੂੰ ਵਸਾਇਆ।

ਗੁਰੂ ਅਮਰਦਾਸ ਜੀ ਦਾ ਲੰਗਰ ਅਤੇ ਸਾਫ ਪਾਣੀ ਦੀ ਥੁੜ ਨੂੰ ਪੂਰਾ ਕਰਨਾ:-

ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਅਤੇ ਲੰਗਰ ਦੀ ਸੇਵਾ ਵਿੱਚ ਹੋਰ ਵਾਧਾ ਕੀਤਾ ਜਿਸ ਕਰਕੇ ਗੁਰੂ-ਘਰ ਦੀ ਸ਼ਾਨ ਵਿਚ ਚੋਖਾ ਵਾਧਾ ਹੋਇਆ ਹੈ। ਗੁਰੂ ਅਮਰਦਾਸ ਜੀ ਨੇ ਸੰਮਤ 1616 ਬਿ. ਵਿਚ ਗੋਇੰਦਵਾਲ ਬਾਉਲੀ ਦਾ ਪਾੜ ਪੁਟਾ ਕੇ ਲਗਭਗ ਛੇ ਸਾਲ ਪਿਛੋਂ ਸੰਮਤ 1621 ਬਿ. ਵਿੱਚ ਇਹ ਕੰਮ ਸਿਰੇ ਚਾੜ੍ਹਿਆ। ਗੁਰੂ ਸਾਹਿਬ ਨੇ ਬਾਉਲੀ ਬਣਨ ਸਾਰ ਹੀ ਇਥੇ ਵਿਸਾਖੀ ਦਾ ਮੇਲਾ ਲਗਵਾਉਣਾ ਸ਼ੁਰੂ ਕੀਤਾ ਜਿਸ ਕਰਕੇ ਇਸ ਸਥਾਨ ਦੀ ਰੌਣਕ ਹੋਰ ਵੀ ਵਧ ਗਈ। ਥੋੜ੍ਹੇ ਚਿਰ ਵਿਚ ਹੀ ਗੋਇੰਦਵਾਲ ਘੁੱਗ ਵੱਸਣ ਲੱਗਾ ਤੇ ਉਥੋਂ ਦੀ ਰੌਣਕ ਵਧ ਗਈ। ਗੁਰੂ ਅਮਰਦਾਸ ਜੀ ਦੇ ਸਮੇਂ ਤਕ ਸਿੱਖੀ ਵਿਚ ਇਤਨਾ ਵਾਧਾ ਹੋਇਆ ਕਿ ਗੁਰੂ ਜੀ ਨੇ ਧਰਮ ਪ੍ਰਚਾਰ ਦੇ 22 ਪ੍ਰਮੁੱਖ ਕੇਂਦਰ (ਮੰਜੀਆਂ) ਸਥਾਪਤ ਕੀਤੇ। ਇਨ੍ਹਾਂ ਵਿਚੋਂ ਕੁਝ ਧਰਮ ਪ੍ਰਚਾਰ ਕੇਂਦਰਾਂ ਦਾ ਪ੍ਰਬੰਧ ਤੀਵੀਆਂ ਨੇ ਸੰਭਾਲਿਆ। ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਥਨ ਅਨੁਸਾਰ ਇਸ ਬਾਉਲੀ ਦੇ ਨਾਂ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਦੀ ਜਾਗੀਰ ਗੋਇੰਦਵਾਲ, ਟੋਡੇਵਾਲ, ਦੁੱਗਲ ਵਾਲੇ ਅਤੇ ਫ਼ਤੇ ਚੱਕ ਪਿੰਡਾਂ ਵਿਚ ਹੈ। ਰਿਆਸਤ ਕਪੂਰਥਲਾ ਅਤੇ ਨਾਭਾ ਵੱਲੋਂ ਵੀ ਜਾਗੀਰਾਂ ਲੱਗੀਆਂ ਹੋਈਆਂ ਸਨ। ਇਸ ਤੋਂ ਇਲਾਵਾ ਇਸ ਸਥਾਨ ਦੇ ਨਾਂ ਲਾਗ-ਪਾਸ ਦੇ ਪਿੰਡਾਂ ਵਿਚ ਵੀ ਬਹੁਤ ਸਾਰੀ ਜ਼ਮੀਨ ਹੈ। ਗੁਰੂ ਅਮਰਦਾਸ ਜੀ ਦੂਰ ਦਰਾਡੇ ਸੰਗਤਾਂ ਵਿੱਚ ਜਾਣੇ ਪਛਾਣੇ ਅਤੇ ਸਤਿਕਾਰੇ ਜਾਂਦੇ ਸਨ। ਇਥੋਂ ਤਕ ਕਿ ਜਦ ਇਹਨਾਂ ਨੇ ਧਰਮ ਪਰਚਾਰ ਲਈ ਤੀਰਥਾਂ ਵਲ ਫੇਰੀ ਪਾਈ ਤਾਂ ਸੰਗਤਾਂ ਇਤਨੇ ਪਿਆਰ ਅਤੇ ਉਤਸ਼ਾਹ ਨਾਲ ਦਰਸ਼ਨਾਂ ਨੂੰ ਆਉਂਦੀਆਂ ਅਤੇ ਪਿਛੇ ਲਗ ਤੁਰਦੀਆਂ ਕਿ ਚੁੰਗੀਆਂ ਉਤੇ ਮਸੂਲ ਇਕੱਠਾ ਕਰਨ ਵਾਲੇ ਸ਼ਾਹੀ ਹਾਕਮ ਗੁਰੂ ਜੀ ਦੀ ਮਾਨਤਾ ਦੇਖ, ਗੁਰੂ ਅਮਰਦਾਸ ਜੀ ਪਿਛੇ ਆਉਂਦੇ ਸ਼ਰਦਾਲੂਆਂ ਕੋਲੋਂ ਮਸੂਲ ਇਕੱਠਾ ਕਰਨ ਦਾ ਹੀਆ ਨਹੀ ਸਨ ਕਰਦੇ।

ਇਸਦਾ ਸਬੂਤ ਗੁਰੂ ਰਾਮਦਾਸ ਜੀ ਦੇ ਤੁਖਾਰੀ ਰਾਗ ਦੇ ਪਾਵਨ ਸ਼ਬਦ (ਪੰਨਾ 1116 – 1117) ਰਾਹੀ ਪਤਾ ਚਲਦਾ ਹੈ।

ਤੁਖਾਰੀ ਮਹਲਾ 4..............ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥2॥ ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥ ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥ ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥……….. ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥ ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥ ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥ ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥………… ॥ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥ ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥6॥4॥10॥ (ਤੁਖਾਰੀ ਮਹਲਾ 4, ਪੰਨਾ 1116 – 1117)

ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੇ ਗੁਰੂ ਅਮਰਦਾਸ ਜੀ ਦੇ ਕਹਿਣ ਪਰ, ਚੱਕ ਰਾਮਦਾਸ ਸ਼ਹਿਰ ਵਸਾਇਆ ਜੋ ਕਿ ਹਰਮੰਦਰ ਸਾਹਿਬ ਅਤੇ ਸਰੋਵਰ ਬਨਣ ਪਿਛੋਂ ਅੰਮ੍ਰਿਤਸਰ ਸ਼ਹਿਰ ਦੇ ਨਾਂਮ ਨਾਲ ਜਾਣਿਆ ਜਾਣ ਲਗਾ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ, ਅਸਲ ਦੋਸ਼ੀ ਅਤੇ ਨਿਰਦਈ ਦੰਡ ਵਿੱਧੀ ਨੂੰ ਅਪਨਾਉਣਾ:

ਕਿਉਂਕਿ ਸਿੱਖੀ ਸਿਧਾਂਤ ਬ੍ਰਾਹਮਣੀ ਕਰਮਕਾਂਡਾਂ ਉੱਪਰ ਕਰੜੀ ਤਕੜੀ ਸੱਟ ਮਾਰਦੇ ਸਨ ਅਤੇ ਜਾਤ-ਪਾਤ ਦੀ ਕਾਣੀ ਵੰਡ ਨੂੰ ਮੁੱਢੋਂ ਰੱਦ ਕਰਦੇ ਸਨ, ਇਸ ਕਾਰਨ ਹਿੰਦੂਆਂ ਵਿਚੋਂ ਉੱਚ-ਜਾਤੀਏ ਅਤੇ ਖਾਸ ਕਰ ਬ੍ਰਾਹਮਣ, ਜੋ ਸਾਰੀ ਹਿੰਦੂ ਕੌਮ ਨੂੰ ਲੁੱਟ ਕੇ ਖਾ ਰਹੇ ਸਨ, ਸਿੱਖੀ ਲਹਿਰ ਦੇ ਸਖ਼ਤ ਵਿਰੋਧੀ ਬਣਨੇ ਸ਼ੁਰੂ ਹੋ ਗਏ। ਇਸ ਦੇ ਉਲਟ ਬ੍ਰਾਹਮਣਾਂ ਦੀ ਵਰਣ-ਵੰਡ ਦੇ ਸਤਾਏ ਅਖੌਤੀ ਸ਼ੂਦਰ, ਸਿੱਖੀ ਦੇ ਜਾਤ-ਪਾਤ ਵਿਰੋਧੀ ਸਿਧਾਂਤਾਂ ਕਾਰਨ, ਧੜਾ-ਧੜ ਸਿੱਖ ਬਣਨੇ ਸ਼ੁਰੂ ਹੋ ਗਏ।

1) ਪੰਜਵੇਂ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਕ ਸਮਕਾਲੀ ਮੁਸਲਮਾਨ ਇਤਿਹਾਸਕਾਰ, ਮੁਹਸਿਨ ਫ਼ਾਨੀ (1615-1670 ਈ.) ਦੇ ਤਵਾਰੀਖ਼ੀ ਬਿਆਨ ਅਨੁਸਾਰ, "ਹਰ ਗੁਰੂ ਸਾਹਿਬ ਦੀ ਗੁਰਿਆਈ ਸਮੇਂ ਸਿੱਖਾਂ ਦੀ ਗਿਣਤੀ ਵਧਦੀ ਹੀ ਰਹੀ ਹੈ ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਇਹ ਬਹੁਤ ਵਧ ਗਈ ਸੀ। ਉਹ ਅਕਸਰ ਸ਼ਹਿਰਾਂ ਵਿਚ ਰਹਿ ਰਹੇ ਸਨ ਅਤੇ ਕੋਈ ਵੀ ਅਜਿਹਾ ਸ਼ਹਿਰ ਨਹੀਂ ਸੀ, ਜਿਸ ਵਿਚ ਕੁਝ ਨਾ ਕੁਝ ਸਿੱਖ ਨਾ ਵੱਸ ਰਹੇ ਹੋਣ।" (ਦਬਿਸਤਾਨੇ ਮਜ਼ਾਹਿਬ, 1645 ਈ., ਪੰ. 233)।

2) ਸਿੱਖ-ਸਿਧਾਂਤ ਅਤੇ ਆਚਾਰ-ਵਿਹਾਰ ਦਾ ਨਿਆਰਾਪਨ ਅਤੇ ਉਸ ਦਾ ਦਿਨੋ-ਦਿਨ ਵਧ ਰਿਹਾ ਅਸਰ-ਰਸੂਖ਼ ਸਮੇਂ ਦੀ ਇਸਲਾਮੀ ਸਰਕਾਰ, ਉਸ ਦੇ ਤੁਅੱਸਬੀ ਬਾਦਸ਼ਾਹ, ਕਰਮਕਾਂਡੀ ਸਿਸਟਮ ਅਤੇ ਕੱਟੜਪੰਥੀ ਸਲਾਹਕਾਰਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਚੁਕਾ ਸੀ। ਗੁਰੂ ਅਰਜਨ ਦੇਵ ਜੀ ਦਾ ਸਮਾਜ ਵਿੱਚ ਸਾਂਝੀਵਾਲਤਾ, ਹਰ ਇੱਕ ਦੀ ਬਰਾਬਰਤਾ ਅਤੇ ਮਨੁਖਤਾ ਦੇ ਹੱਕ ਅਤੇ ਸੱਚ ਲਈ ਦ੍ਰਿੜਤਾ ਪੂਰਵਕ ਪਰਚਾਰ ਆਪਣੇ ਆਪ ਵਿੱਚ ਚੜ੍ਹਦੀ-ਕਲਾ-ਪੂਰਤ ਸੀ। ਇਸਦੇ ਨਾਲ ਹੀ ਉਨ੍ਹਾਂ ਦਾ ਹੇਠ ਲਿਖਿਆ ਗੁਰਬਾਣੀ ਵਿੱਚ ਬੇਬਾਕ ਬਿਆਨ ਤੇ ਨਿਧੜਕ ਐਲਾਨ ਜਿਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦਾ ਨਿਆਰਾਪਨ, ਕਥਨੀ-ਕਰਨੀ ਦੀ ਸੂਰਮਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ-ਲਹਿਰ ਦੀ ਅੱਗੇ-ਵਧਤਾ ਦਾ ਸੂਚਕ ਸੀ, ਉਥੇ ਉਪਰੋਕਤ ਤੁਅੱਸਬੀ ਸ਼ਕਤੀਆਂ ਨੂੰ ਇਕ ਭਾਰੀ ਵੰਗਾਰ ਵੀ ਪ੍ਰਤੀਤ ਹੋਇਆ ਸੀ:

ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥

ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥ ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥

ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥ ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)

3) ਗੁਰੂ ਅਤੇ ਗੁਰੂ ਦੀ ਸਿੱਖੀ ਦਾ ਇਉਂ ਦਿਨੋ-ਦਿਨ ਵਧ ਰਿਹਾ ਪਾਸਾਰ ਅਤੇ ਤੇਜ-ਪਰਤਾਪ ਉਨ੍ਹਾਂ ਦੇ ਵੱਡੇ ਭਰਾ, ਪ੍ਰਿਥੀ ਚੰਦ ਦੇ ਹਿਰਦੇ ਅੰਦਰ ਈਰਖਾ ਤੇ ਦਵੈਖ ਦਾ ਭਾਂਬੜ ਬਾਲ ਰਿਹਾ ਸੀ। ਗੁਰਗੱਦੀ ਦੀ ਖੁੰਝਾਈ ਦਾ ਅਰਮਾਨ ਜੋ ਗੁਰੂ-ਪਿਤਾ, ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਉਪਰੰਤ, ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸਿਰੀ ਚੰਦ ਜੀ ਵੱਲੋਂ ਹੋਏ, ਭਾਈ ਕੇਸਰ ਸਿੰਘ ਛਿੱਬਰ ਦੇ ਲਫ਼ਜ਼ਾਂ ਵਿਚ, ਹੇਠ-ਲਿਖੇ ਨਿਰਣੇ ਕਾਰਨ ਹੋਰ ਉਤੇਜਿਤ ਹੋ ਗਿਆ ਸੀ, ਉਸ ਨੂੰ ਉਸੇ ਦਿਨ ਤੋਂ ਬਹੁਤ ਕਲਪਾ ਤੇ ਤੜਫ਼ਾ ਰਿਹਾ ਸੀ: ਸਿਰੀ ਚੰਦ ਸਾਹਿਬ ਜੀ ਪੱਗ ਭਿਜਵਾਈ। ਇਕ ਪ੍ਰਿਥੀਏ ਨੂੰ, ਇਕ ਅਰਜਨ ਨੂੰ ਆਈ। ਮਰਨੇ ਦੀ ਪੱਗ ਪ੍ਰਿਥੀਏ ਬੱਧੀ। ਗੁਰਿਆਈ ਪੱਗ ਗੁਰੂ ਅਰਜਨ ਬੱਧੀ। (ਬੰਸਾਵਲੀ ਨਾਮਾ 1769 ਈ., ਪੰਨਾ 41)

ਪ੍ਰਿਥੀ ਚੰਦ ਮਸੰਦਾਂ, ਗੁਰੂ-ਦੋਖੀਆਂ ਤੇ ਸਰਕਾਰੀ ਕਰਮਚਾਰੀਆਂ ਨਾਲ ਗੰਢ-ਤੁਪ ਕਰ ਕੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੋਂ ਹਟਾਉਣ ਅਤੇ ਉਸ ਉੱਤੇ ਆਪਣਾ ਹੱਕ ਜਮਾਉਣ ਲਈ ਹਰ ਹੀਲਾ ਵਸੀਲਾ ਵਰਤ ਰਿਹਾ ਸੀ ਅਤੇ ਨਿੱਤ-ਨਵੀਆਂ ਸਾਜ਼ਿਸ਼ਾਂ ਵੀ ਵਿਉਂਤ ਰਿਹਾ ਸੀ।

4) ਬਟਾਲੇ ਦਾ ਮੁਗ਼ਲ ਹਾਕਮ ਸੁਲਹੀ ਖ਼ਾਨ, ਪ੍ਰਿਥੀ ਚੰਦ ਦੀ ਚੁੱਕ ‘ਤੇ ਅੰਮ੍ਰਿਤਸਰ ਉੱਤੇ ਹੱਲਾ ਕਰਨ ਲਈ ਇਹ ਧਾਰ ਕੇ ਚੱਲਿਆ ਸੀ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਗੱਦੀਉਂ ਉਤਾਰ ਕੇ ਉਨ੍ਹਾਂ ਦੀ ਥਾਂ ਪ੍ਰਿਥੀ ਚੰਦ ਨੂੰ ਗੁਰੂ ਬਣਾ ਕੇ ਹੀ ਬਟਾਲੇ ਮੁੜੇਗਾ। ਪਰ, ਗੁਰੂ ਸਾਹਿਬ ਦੇ ਆਪਣੇ ਹੇਠ-ਲਿਖੇ ਸ਼ਬਦਾਂ ਵਿਚ ਪ੍ਰਭੂ ਦੀ ਬਖ਼ਸ਼ਿਸ਼ ਤੇ ਨਿਆਂਸ਼ੀਲਤਾ ਸਦਕੇ, ਉਹ ਅੰਮ੍ਰਿਤਸਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਆਪਣੇ ਘੋੜੇ ਸਮੇਤ ਭਖਦੇ ਆਵੇ ਦੀ ਅੱਗ ਵਿਚ ਸੜ ਕੇ ਨਾ-ਪਾਕ ਮੌਤੇ ਮੋਇਆ ਸੀ:

ਸੁਲਹੀ ਤੇ ਨਾਰਾਇਣ ਰਾਖੁ॥ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥... ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ॥ (ਪੰਨਾ 825)

ਕਿਸੇ ਮੁਸਲਮਾਨ ਦਾ ਅੱਗ ਵਿਚ ਸੜਕੇ ਮਰਨਾ ਮੁਸਲਮਾਨਾਂ ਵਿੱਚ ਬੜਾ ਨਾ-ਪਾਕ ਜਾਣਿਆ ਜਾਂਦਾ ਹੈ।

5) ਜਾਤ -ਅਭਿਮਾਨੀ ਬ੍ਰਾਹਮਣਾਂ ਨੇ ਸਮੇਂ ਦੇ ਬਾਦਸ਼ਾਹ, ਜਲਾਲ-ਉਦ-ਦੀਨ ਅਕਬਰ (1556-1605 ਈ.) ਦੇ ਇਕ ਉੱਘੇ ਵਜ਼ੀਰ, ਰਾਜ ਦਰਬਾਰ ਵਿਚ ਬੈਠੇ ਕੱਟੜ ਬ੍ਰਾਹਮਣ ਮਹੇਸ਼ ਦਾਸ (ਬੀਰਬਲ) ਰਾਹੀਂ ਅਕਬਰ ਕੋਲ ਗੁਰੂ ਜੀ ਵਿਰੁੱਧ ਸ਼ਿਕਾਇਤਾਂ ਕੀਤੀਆਂ, ਪਰੰਤੂ ਡਾ. ਸਮਿਥ ਅਨੁਸਾਰ, "ਅਕਬਰ ਉਸ ਦੀ ਅਜਿਹੀ ਨੀਤ ਤੇ ਨੀਤੀ ਨਾਲ ਸਹਿਮਤ ਨਹੀਂ ਸੀ। ਉਸ ਨੂੰ ਤਾਂ ਸਿੱਖ ਸਿਧਾਂਤ ਭਰਵੀਂ ਸ਼ਲਾਘਾ ਦੇ ਹੱਕਦਾਰ ਜਾਪਦੇ ਸਨ।" (ਅਕਬਰ, 1923 ਈ. ਪੰਨਾ 171)। ਇਸ ਲਈ ਇਨ੍ਹਾਂ ਦੀ ਦਾਲ਼ ਨਾ ਗਲ਼ੀ। ਬੀਰਬਲ ਦੀ ਈਰਖਾ ਤੇ ਵਿਰੋਧ ਦਾ ਕਾਰਨ ਵੀ ਸਿੱਖ ਲਹਿਰ ਦਾ ਬੜੀ ਤੇਜ਼ੀ ਨਾਲ ਵਧ ਰਿਹਾ ਅਸਰ ਤੇ ਰਸੂਖ ਹੀ ਸੀ।ਇਸ ਦੇ ਬਾਵਜੂਦ ਬੀਰਬਲ ਨੇ ਸੰਨ 1586 ਵਿਚ ਅੰਮ੍ਰਿਤਸਰ ਵੱਲ ਕੂਚ ਕਰਦਿਆਂ, ਸਾਰੇ ਸ਼ਹਿਰ ਨੂੰ ਉਜਾੜ ਦੇਣ ਦੀ ਧਮਕੀ ਦਿੱਤੀ ਸੀ। ਪਰ ਉਸ ਨੂੰ ਯੂਸਫ਼ਜ਼ਈਆਂ ਦੀ ਬਗ਼ਾਵਤ ਦਬਾਉਣ ਲਈ ਬਾਦਸ਼ਾਹ ਵੱਲੋਂ ਆਏ ਫ਼ੌਰੀ ਹੁਕਮ ਮੁਤਾਬਕ, ਆਪਣੀ ਮੁਹਾਰ ਅਚਾਨਕ ਉਧਰ ਮੋੜਨੀ ਪੈ ਗਈ ਸੀ ਜਿਸ ਕਰਕੇ ਪੰਜਾਬ ਅਤੇ ਗੁਰੂ-ਘਰ ਉੱਤੇ ਮੰਡਰਾਅ ਰਿਹਾ ਉਹ ਹੱਲਾ ਵੀ ਟਲ ਗਿਆ ਸੀ । (ਮੈਕਾਲਿਫ਼, ਸਿੱਖ ਰਿਲਿਜ਼ਨ, 1909 ਈ., ਪੰਨਾ 15-17)

ਬਿਪਰਵਾਦੀ ਖਸਲਤਾਂ ਨਾਲ ਭਰਪੂਰ ਮਹੇਸ਼ ਦਾਸ 1586 ਈ: ਵਿਚ ਪਠਾਣਾਂ ਦੀ ਬਗ਼ਾਵਤ ਦਬਾਉਣ ਗਿਆ, ਫਰੰਟੀਅਰ ਸੂਬੇ ਵਿਚ ਫੌਜ ਸਮੇਤ ਮਾਰਿਆ ਗਿਆ। ਪਰੰਤੂ ਬ੍ਰਾਹਮਣਾਂ ਨੇ ਫਿਰ ਵੀ ਗੁਰੂ-ਘਰ ਦਾ ਵਿਰੋਧ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੱਤਾ ਅਤੇ ਸਦਾ ਇਸ ਤਾਕ ਵਿਚ ਰਹੇ ਕਿ ਸ਼ਾਹੀ ਤਾਕਤ ਨੂੰ ਗੁਰੂ ਜੀ ਦੇ ਗ਼ਲ ਪਾਇਆ ਜਾਵੇ ਕਿਉਂਕਿ ਆਪ ਉਹ ਗੁਰੂ-ਘਰ ਦਾ ਸਿੱਧਾ ਵਿਰੋਧ ਕਰਨ ਤੋਂ ਅਸਮਰੱਥ ਸਨ।

6) ਦੂਜੇ ਪਾਸੇ ਕੱਟੜ, ਮੁਤੱਅਸਬੀ ਤੇ ਜਨੂੰਨੀ ਮੁਸਲਮਾਨ ਵੀ ਗੁਰੂ ਜੀ ਦੇ ਸਿੱਖੀ ਪ੍ਰਚਾਰ ਤੋਂ ਦੁਖੀ ਸਨ। ਇਸਲਾਮ ਦੇ ਭਾਈਚਾਰਕ ਤੇ ਧਾਰਮਕ ਅਸੂਲ ਕੁਝ ਇਸ ਤਰ੍ਹਾਂ ਦੇ ਹੀ ਰਹੇ ਹਨ ਕਿ ਉਹ ਸ਼ੁਰੂ ਤੋਂ ਹਰ ਥਾਂ ਮੁਸਲਮਾਨੀ ਰਾਜ ਸ਼ਕਤੀ ਵਾਲੇ ਸਮਾਜ ਦੀ ਸਥਾਪਨਾ ਕਰਨਾ ਆਪਣੇ ਮੱਤ ਦੇ ਅਨੁਕੂਲ ਸਮਝਦੇ ਰਹੇ ਹਨ। ਉਹ ਹਿੰਦੁਸਤਾਨ ਵਿਚ ਨਿਰੋਲ ਇਸਲਾਮੀ ਰਾਜ ਕਾਇਮ ਕਰਨਾ ਚਾਹੁੰਦੇ ਸਨ ਪਰੰਤੂ, ਗੁਰੂ ਜੀ ਦਾ ਪ੍ਰਚਾਰ ਉਨ੍ਹਾਂ ਦੇ ਇਸ ਕਾਰਜ ਵਿਚ ਵੱਡੀ ਰੋਕ ਸੀ। ਸਿੱਖੀ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਬਹੁਤ ਸਾਰੇ ਮੁਸਲਮਾਨ ਸਿੱਖ ਧਰਮ ਗ੍ਰਹਿਣ ਕਰ ਰਹੇ ਸਨ। ਗੁਰੂ ਅਮਰਦਾਸ ਜੀ ਦੁਆਰਾ ਥਾਪੀਆਂ 22 ਮੰਜੀਆਂ ਵਿਚੋਂ ਇਕ ਮੰਜੀਦਾਰ ਅੱਲਾ ਯਾਰ ਖ਼ਾਨ ਮੁਸਲਮਾਨ ਤੋਂ ਸਿੱਖ ਬਣ ਕੇ ਸਿੱਖੀ ਦਾ ਵੱਡਾ ਪ੍ਰਚਾਰਕ ਬਣ ਚੁਕਾ ਸੀ। ਇਸੇ ਪ੍ਰਕਾਰ ਜਲੰਧਰ ਦੇ ਗਵਰਨਰ ਸੱਯਦ ਅਜ਼ੀਮ ਖਾਂ ਨੇ ਸਿੱਖੀ ਤੋਂ ਪ੍ਰਭਾਵਤ ਹੋ ਕੇ ਨਾ ਸਿਰਫ ਸਿੱਖੀ ਅਸੂਲ ਗ੍ਰਹਿਣ ਕੀਤੇ, ਬਲਕਿ ਸਤਿਗੁਰਾਂ ਨੂੰ ਉਚੇਚੀ ਬੇਨਤੀ ਕਰਕੇ ਆਪਣੇ ਇਲਾਕੇ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਵਿਖੇ ਸਿੱਖੀ ਦਾ ਮਹਾਨ ਕੇਂਦਰ ਸਥਾਪਤ ਕਰਵਾਇਆ। ਪੱਖੋਕੇ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਸਖੀ ਸਰਵਰੀਆਂ ਦੀ ਗੱਦੀ, ਜੋ ਸ਼ੇਖ ਫੱਤੇ ਦੀ ਗੱਦੀ ਕਰਕੇ ਵੀ ਮਸ਼ਹੂਰ ਸੀ , ਇਸਲਾਮ ਦਾ ਇਕ ਪ੍ਰਮੁੱਖ ਪ੍ਰਚਾਰ ਸੈਂਟਰ ਸੀ। ਇਸ ਗੱਦੀ ਦੇ ਪ੍ਰਚਾਰ ਨੂੰ ਖੁੰਢਾ ਕਰਨ ਲਈ ਗੁਰੂ ਜੀ ਨੇ ਪੱਖੋਕੇ ਤੋਂ ਪੰਜ ਕੁ ਮੀਲ ਪੱਛਮ ਵਾਲੇ ਪਾਸੇ, ਤਰਨ ਤਾਰਨ ਸ਼ਹਿਰ ਵਸਾ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਤ ਕਰ ਦਿੱਤਾ। ਇਸ ਨਾਲ ਸਖੀ ਸਰਵਰੀਆਂ ਦੇ ਇਸਲਾਮਕ ਪ੍ਰਚਾਰ ਨੂੰ ਤਕੜੀ ਢਾਹ ਲੱਗੀ ਅਤੇ ਬੜਾ ਜਾਣਿਆ ਜਾਂਦਾ ਸਖੀ ਸਰਵਰੀਆਂ ਅਤੇ ਕਬਰਾਂ ਪੂਜ, ਭਾਈ ਮੰਝ੍ਹ ਗੁਰੂ ਜੀ ਦਾ ਸਿੱਖ ਬਣਿਆ। ਇਸ ਕਾਰਨ, ਕੱਟੜ ਤੇ ਜਨੂੰਨੀ ਮੁਸਲਮਾਨ ਡਾਢੇ ਚਿੰਤਾਤੁਰ ਹੋਏ, ਕਿਉਂਕਿ ਇਕ ਤਾਂ ਉਨ੍ਹਾਂ ਦੇ ਸਾਰੇ ਹਿੰਦੁਸਤਾਨ ਨੂੰ ਇਸਲਾਮੀ ਝੰਡੇ ਹੇਠ ਲਿਆਉਣ ਦੇ ਨਿਸ਼ਾਨੇ ਨੂੰ ਪੂਰਾ ਕਰਨ ਵਿਚ ਇਕ ਵੱਡਾ ਵਿਘਨ ਪੈ ਗਿਆ ਅਤੇ ਦੂਜਾ, ਉਲਟੇ ਮੁਸਲਮਾਨਾਂ ਵਿਚੋਂ ਆਪਣੇ ਧਰਮ ਦਾ ਪਰਿਵਰਤਨ ਕਰਕੇ ਲੋਕ ਸਿੱਖ ਬਣਨੇ ਸ਼ੁਰੂ ਹੋ ਗਏ।

7) ਆਦਿ ਗੁਰੂ ਗ੍ਰੰਥ ਸਾਹਿਬ: ਬਾਦਸ਼ਾਹ ਅਕਬਰ ਜਦੋਂ ਸੰਨ 1600 ਦੇ ਲਾਗੇ-ਚਾਗੇ ਖ਼ੁਦ ਪੰਜਾਬ ਆਇਆ ਸੀ ਤਾਂ ਗੁਰੂ-ਦੋਖੀਆਂ ਨੇ ਇਕ ਮੇਜਰਨਾਮੇ ਦੁਆਰਾ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਗੁਰੂ ਸਾਹਿਬ ਨੇ ਆਪਣੀ ਉੱਮਤ ਲਈ ਇਕ ਅਜਿਹੀ ਧਰਮ-ਪੁਸਤਕ ਤਿਆਰ ਕਰ ਲਈ ਹੈ ਜਿਸ ਵਿਚ ਇਸਲਾਮ ਬਾਰੇ ਨਿੰਦਾ ਤੇ ਬੇਅਦਬੀ-ਭਰੇ ਸ਼ਬਦ ਦਰਜ ਹਨ। ਪਰ ਅਕਬਰ ਨੇ ਜਦੋਂ ਉਸ ਪਾਵਨ ਪੁਸਤਕ, ਆਦਿ (ਗੁਰੂ) ਗ੍ਰੰਥ ਸਾਹਿਬ, ਦੇ ਕੁਝ ਵਿਕੋਲਿੱਤਰੇ ਸ਼ਬਦ ਥਾਂਉਂ-ਥਾਂਈਉਂ ਸੁਣੇ ਸਨ ਤਾਂ ਉਸ ਦੀ ਖੁਸ਼ੀ ਤੇ ਤਸੱਲੀ ਦੀ ਕੋਈ ਹੱਦ ਨਹੀਂ ਰਹੀ ਸੀ ਅਤੇ ਉਸ ਨੇ ਝੂਠੀ ਸ਼ਿਕਾਇਤ ਨੂੰ ਉਸੇ ਵੇਲੇ ਖ਼ਾਰਜ ਕਰਦਿਆਂ ਅਤੇ ਸਤਿਕਾਰ ਤੇ ਧੰਨਵਾਦ ਵਜੋਂ 51 ਮੁਹਰਾਂ ਭੇਟਾ ਕਰਦਿਆਂ, ਗੁਰੂ ਸਾਹਿਬ ਦੇ ਸਰਬ-ਸਾਂਝੇ ਸੰਦੇਸ਼ ਤੇ ਪਰਉਪਕਾਰੀ ਕਾਰਜਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਸੀ। (ਗੁਪਤਾ, ਹਿਸਟਰੀ ਆਫ਼ ਦੀ ਸਿੱਖਸ, 1984, ਪੰਨਾ 143-44) ਗੁਰੂ ਅਰਜਨ ਦੇਵ ਜੀ ਨੇ ਇਸ ਕ੍ਰਿਪਾਲਤਾ ਤੇ ਪੈਜ ਰਖਾਈ ਲਈ ਵੀ ਕੇਵਲ ਵਾਹਿਗੁਰੂ ਦਾ ਹੀ ਧੰਨਵਾਦ ਕਰਦਿਆਂ ਫ਼ੁਰਮਾਇਆ ਸੀ:

ਮਹਜਰੁ ਝੂਠਾ ਕੀਤੋਨੁ ਆਪਿ॥ ਪਾਪੀ ਕਉ ਲਾਗਾ ਸੰਤਾਪੁ॥... ਰੋਗ ਬਿਆਪੇ ਕਰਦੇ ਪਾਪ॥ ਅਦਲੀ ਹੋਇ ਬੈਠਾ ਪ੍ਰਭੁ ਆਪਿ॥... ਨਾਨਕ ਸਰਨਿ ਪਰੇ ਦਰਬਾਰਿ॥ ਰਾਖੀ ਪੈਜ ਮੇਰੈ ਕਰਤਾਰਿ॥ (ਪੰਨਾ 199)

8) ਸ਼ੇਖ ਅਹਿਮਦ ਸਰਹੰਦੀ ਤੀਖਣ ਬੁੱਧੀ ਵਾਲਾ ਕੱਟੜ ਮੁਸਲਮਾਨ ਸੀ ਅਤੇ ਹਰ ਕਿਸੇ ਨੂੰ ਪ੍ਰਭਾਵਤ ਕਰਨ ਦੀ ਕਾਬਲੀਅਤ ਰੱਖਦਾ ਸੀ। ਸ਼ੇਖ ਫਰੀਦ ਬੁਖਾਰੀ (ਮੁਰਤਜ਼ਾ ਖਾਂ) ਅਕਬਰ ਦੇ ਜੀਵਨ ਦੇ ਅੰਤਲੇ ਸਮੇਂ ਵਿਚ ਸਭ ਨਾਲੋਂ ਵੱਧ ਮਜ਼ਬੂਤ ਤੇ ਪ੍ਰਭਾਵਸ਼ਾਲੀ ਦਰਬਾਰੀ ਬਣ ਚੁਕਾ ਸੀ ਅਤੇ ਉਹ ਸ਼ੇਖ ਅਹਿਮਦ ਸਰਹੰਦੀ ਦਾ ਸ਼ਰਧਾਲੂ ਬਣ ਗਿਆ ਸੀ। ਸ਼ੇਖ ਅਹਿਮਦ ਸਰਹੰਦੀ ਗੁਰੂ ਅਰਜਨ ਸਾਹਿਬ ਜੀ ਦਾ ਕੱਟੜ ਵਿਰੋਧੀ ਸੀ, ਕਿਉਂਕਿ ਉਹ ਗੁਰੂ ਜੀ ਦੇ ਪ੍ਰਚਾਰ ਨੂੰ ਇਸਲਾਮ ਦੇ ਪ੍ਰਚਾਰ ਦੇ ਰਸਤੇ ਵਿਚ ਰੁਕਾਵਟ ਸਮਝਦਾ ਸੀ। ਅਕਬਰ ਦੇ ਬਾਦਸ਼ਾਹ ਹੁੰਦਿਆਂ ਕੱਟੜਪੰਥੀ ਸ਼ੇਖ ਅਹਿਮਦ ਸਰਹੰਦੀ (1569-1624 ਈ.) ਦੀ ਕੋਈ ਪੇਸ਼ ਨਾ ਗਈ। ਅਕਬਰ ਸੁਲਹਕੁਲ ਦੀ ਨੀਤੀ ਦਾ ਸਮਰਥਕ ਸੀ ਅਤੇ ਉਸ ਦਾ ਪੋਤਰਾ ਖੁਸਰੋ (ਜਹਾਂਗੀਰ ਦਾ ਪੁੱਤਰ) ਵੀ ਇਨ੍ਹਾਂ ਵਿਚਾਰਾਂ ਦਾ ਧਾਰਨੀ ਸੀ। ਇਸ ਲਈ ਅਕਬਰ ਉਸ ਨੂੰ ਰਾਜਗੱਦੀ ਦੇਣਾ ਚਾਹੁੰਦਾ ਸੀ। ਪਰੰਤੂ ਜਹਾਂਗੀਰ ਖੁਦ ਬਾਦਸ਼ਾਹ ਬਣਨਾ ਚਾਹੁੰਦਾ ਸੀ, ਜਦਕਿ ਅਕਬਰ ਉਸ ਨੂੰ ਸ਼ਰਾਬੀ ਤੇ ਅੱਯਾਸ਼ ਹੋਣ ਕਾਰਨ ਚੰਗਾ ਨਹੀਂ ਸੀ ਸਮਝਦਾ।

ਸਹਿਨਸ਼ੀਲ ਬਾਦਸ਼ਾਹ ਅਕਬਰ ਦੇ 17 ਅਕਤੂਬਰ 1605 ਨੂੰ ਆਗਰੇ ਵਿੱਚ ਹੋਏ ਦੇਹਾਂਤ ਤੋਂ ਬਾਅਦ, ਜਦੋਂ ਉਸ ਦਾ ਪੁੱਤਰ, ਨੂਰ-ਉਦ-ਦੀਨ ਜਹਾਂਗੀਰ (1605-1627 ਈ.) ਤਖ਼ਤ-ਨਸ਼ੀਨ ਹੋਇਆ ਤਾਂ ਮੁਗ਼ਲੀਆ ਸਰਕਾਰ ਦੀ ਨੀਤ ਤੇ ਨੀਤੀ ਬਦਲਣੀ ਸ਼ੁਰੂ ਹੋ ਗਈ ਸੀ। ਆਪਣੇ ਆਪ ਨੂੰ ਰੱਬ ਦਾ ਨਾਇਬ ਤੇ "ਮਜੱਦਦ ਅਲਫ਼ ਸਾਨੀ" ਅਖਵਾਉਣ ਵਾਲੇ ਅਤੇ ਗੁਰੂ ਅਰਜਨ ਦੇਵ ਜੀ ਨੂੰ "ਇਮਾਮੇ ਕੁਫ਼ਰ" ਆਖਣ ਵਾਲੇ ਸ਼ੇਖ ਅਹਿਮਦ ਸਰਹੰਦੀ ਅਤੇ ਉਸ ਦੀਆਂ ਤੁਅੱਸਬੀ ਸਰਗਰਮੀਆਂ ਦਾ ਬੋਲ-ਬਾਲਾ ਹੋ ਗਿਆ ਸੀ। (ਪੰਜਾਬ ਪਾਸਟ ਐਂਡ ਪਰੈਜ਼ੈਂੱਟ, ਜਿ. 12, 1978, ਪੰਨਾ 163)।

ਜਹਾਂਗੀਰ ਨਾ ਤਾਂ ਕੱਟੜ ਮੁਸਲਮਾਨ ਸੀ ਤੇ ਨਾ ਹੀ ਇਸਲਾਮ ਨਾਲ ਉਸ ਦਾ ਕੋਈ ਵਾਸਤਾ ਸੀ। ਉਸ ਦਾ ਇਕੋ ਇਕ ਨਿਸ਼ਾਨਾ ਹਿੰਦੁਸਤਾਨ ਦਾ ਤਖ਼ਤ ਹਾਸਲ ਕਰਨਾ ਸੀ। ਰਾਜ ਦਰਬਾਰ ਦੇ ਜਿਸ ਧੜੇ ਨੂੰ ਉਹ ਨਾਲ ਲੈ ਸਕਦਾ ਸੀ, ਉਹ ਹਰ ਪ੍ਰਕਾਰ ਦੀ ਗੰਢ-ਤੁਪ ਕਰਕੇ ਨਾਲ ਲੈਣ ਦੇ ਜਤਨ ਕਰ ਰਿਹਾ ਸੀ।

ਜਦ ਕੱਟੜ ਤੇ ਜਨੂੰਨੀ ਮੁਸਲਮਾਨਾਂ ਦਾ ਧੜਾ ਜਹਾਂਗੀਰ ਨੂੰ ਤਖ਼ਤ ਦਿਵਾਉਣ ਵਿਚ ਕਾਮਯਾਬ ਹੋ ਗਿਆ ਤਾਂ ਇਸ ਦੀ ਸਭ ਤੋਂ ਵੱਧ ਖੁਸ਼ੀ ਸ਼ੇਖ ਅਹਿਮਦ ਸਰਹੰਦੀ ਨੂੰ ਹੋਈ, ਜਿਸ ਦਾ ਪਤਾ ਉਸ ਦੀਆਂ ਚਿੱਠੀਆਂ ਦੇ ਸੰਗ੍ਰਹਿ ਮਕਤੂਬਾਤਿ-ਇਮਾਮਿ-ਰਬਾਨੀ ਦੀ ਚਿੱਠੀ ਨੰਬਰ 47, ਜੋ ਸ਼ੇਖ ਫਰੀਦ ਬੁਖਾਰੀ ਨੂੰ ਲਿਖੀ ਗਈ ਸੀ, ਤੋਂ ਲੱਗਦਾ ਹੈ। ਉਹ ਲਿਖਦਾ ਹੈ, "ਇਸਲਾਮ ਦੀ ਸਰਬ ਉਤਮਤਾ ਨੂੰ ਨਾ ਮੰਨਣ ਵਾਲੇ ਅਕਬਰ ਬਾਦਸ਼ਾਹ ਦੀ ਮੌਤ ਦੀ ਖ਼ਬਰ ਅਤੇ ਇਸਲਾਮ ਦੇ ਬਾਦਸ਼ਾਹ ਦੇ ਤਖ਼ਤ ਉੱਤੇ ਬੈਠਣ ਦੀ ਖ਼ਬਰ ਅੱਜ ਸਾਰੇ ਸੱਚੇ ਮੁਸਲਮਾਨਾਂ ਨੇ ਬੜੇ ਚਾਅ ਨਾਲ ਸੁਣੀ ਅਤੇ ਸਭ ਨੇ ਫੈਸਲਾ ਕੀਤਾ ਹੈ ਕਿ ਇਸਲਾਮ ਦੇ ਬਾਦਸ਼ਾਹ ਜਹਾਂਗੀਰ ਨੂੰ ਪੂਰੀ ਪੂਰੀ ਮਦਦ ਦਿੱਤੀ ਜਾਏ ਤਾਂ ਕਿ ਇਸਲਾਮ ਦਾ ਭਰਪੂਰ ਪਸਾਰਾ ਕਰਕੇ ਇਸ ਦੀ ਤਾਕਤ ਵਿਚ ਵਾਧਾ ਕੀਤਾ ਜਾਏ।" ਮੌਕੇ ਦਾ ਫਾਇਦਾ ਉਠਾਉਂਦਿਆਂ ਸ਼ੇਖ ਅਹਿਮਦ ਸਰਹੰਦੀ ਦੇ ਇਸ਼ਾਰੇ ਉਤੇ ਸ਼ੇਖ ਫਰੀਦ ਬੁਖਾਰੀ ਨੇ 23 ਮਈ 1606 ਦੇ ਨੇੜੇ ਤੇੜੇ ਇਕ ਝੂਠੀ ਸ਼ਿਕਾਇਤ ਗੁਰੂ ਅਰਜਨ ਪਾਤਸ਼ਾਹ ਬਾਰੇ ਪਹੁੰਚਾਈ ਕਿ ਗੁਰੂ ਜੀ ਨੇ ਗੋਇੰਦਵਾਲ ਵਿਖੇ ਬਾਗੀ ਖੁਸਰੋ ਦੀ ਮਦਦ ਕੀਤੀ ਅਤੇ ਉਸ ਦੇ ਮੱਥੇ ਉਤੇ ਤਿਲਕ ਲਗਾਇਆ। (ਕੁਝ ਇਤਿਹਾਸਕਾਰਾਂ ਅਨੁਸਾਰ ਜਦੋਂ ਖੁਸਰੋ ਨੇ ਗੋਇੰਦਵਾਲ ਦੇ ਪੱਤਣ ਤੋਂ ਬਿਆਸਾ ਦਰਿਆ ਪਾਰ ਕੀਤਾ, ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਤਰਨ ਤਾਰਨ ਸਾਹਿਬ ਵਿਖੇ ਸਨ ਅਤੇ ਖੁਸਰੋ ਦਾ ਗੁਰੂ ਸਾਹਿਬ ਜੀ ਨਾਲ ਮੇਲ ਨਹੀਂ ਸੀ ਹੋਇਆ।) ਇਹ ਫਰਜ਼ੀ ਕਹਾਣੀ ਸਿਰਫ ਇਸ ਲਈ ਘੜੀ ਗਈ ਤਾਂ ਕਿ ਜਹਾਂਗੀਰ ਦੇ ਗੁੱਸੇ ਨੂੰ (ਜੋ ਖੁਸਰੋ ਦੀ ਬਗ਼ਾਵਤ ਕਾਰਨ ਅੱਗੇ ਹੀ ਗੁੱਸੇ ਵਿਚ ਸੀ) ਹੋਰ ਭੜਕਾਇਆ ਜਾ ਸਕੇ ਤੇ ਖੁਸਰੋ ਦਾ ਹਮਾਇਤੀ ਦੱਸ ਕੇ ਗੁਰੂ ਜੀ ਨੂੰ ਵੀ ਖੁਸਰੋ ਦੇ ਦੂਸਰੇ ਹਮਾਇਤੀਆਂ ਦੀ ਤਰ੍ਹਾਂ ਸਖ਼ਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ। ਗੁਰੂ ਜੀ ਦੇ ਖਿਲਾਫ਼ ਕੀਤੀ ਸ਼ਿਕਾਇਤ ਦਾ ਜਹਾਂਗੀਰ ਦੇ ਮਨ ਤੇ ਬੜਾ ਪ੍ਰਭਾਵ ਪਿਆ ਕਿਉਂਕਿ ਇਕ ਤਾਂ ਇਹ ਸ਼ਿਕਾਇਤ ਉਸ ਦੇ ਸਭ ਤੋਂ ਭਰੋਸੇਯੋਗ ਤੇ ਵਿਸ਼ਵਾਸਪਾਤਰ ਦਰਬਾਰੀ ਸ਼ੇਖ ਫਰੀਦ ਬੁਖਾਰੀ (ਮੁਰਤਜ਼ਾ ਖਾਂ) ਨੇ ਕੀਤੀ ਸੀ ਤੇ ਦੂਸਰਾ ਇਹ ਸ਼ਿਕਾਇਤ ਗੁਰੂ ਜੀ ਨੂੰ ਖੁਸਰੋ ਦਾ ਹਮਾਇਤੀ ਸਿੱਧ ਕਰਦੀ ਸੀ ਅਤੇ ਖੁਸਰੋ ਦੀ ਬਗ਼ਾਵਤ ਤੋਂ ਖਫ਼ਾ ਜਹਾਂਗੀਰ, ਖੁਸਰੋ ਦੇ ਹਰੇਕ ਹਮਾਇਤੀ ਨੂੰ ਸਖ਼ਤ ਸਜ਼ਾ ਦੇਣ ਦੇ ਹੱਕ ਵਿਚ ਸੀ। ਜਹਾਂਗੀਰ ਦੇ ਮਨ ‘ਤੇ ਇਸ ਸ਼ਿਕਾਇਤ ਦਾ ਜੋ ਪ੍ਰਤੀਕਰਮ ਹੋਇਆ ਉਹ ਉਸ ਦੀ ਆਪਣੀ ਸਵੈ-ਲਿਖਤ ਤੁਜ਼ਕਿ ਜਹਾਂਗੀਰੀ ਵਿਚੋਂ ਪ੍ਹਿੜਆਂ ਪਤਾ ਲਗਦਾ ਹੈ। ਸ਼ਰਾਬੀ, ਅੱਯਾਸ਼ ਅਤੇ ਤੁਅੱਸਬ ਨਾਲ ਭਰਿਆ-ਪੀਤਾ ਜਹਾਂਗੀਰ ਅਤੇ ਉਸ ਦੇ ਧਾਰਮਿਕ ਸਰਪ੍ਰਸਤ ਤੇ ਕੱਟੜਪੰਥੀ ਸਲਾਹਕਾਰ ਆਪਣੇ ਰਾਜ-ਭਾਗ ਤੇ ਧਰਮ-ਖੇਤਰ ਵਿਚ ਅਜਿਹੀ ਬੇਬਾਕ ਵੱਖਰਤਾ ਬਰਦਾਸ਼ਤ ਨਹੀਂ ਕਰ ਸਕੇ ਸਨ ਅਤੇ ਉਨ੍ਹਾਂ ਨੇ ਇਸ ਲਹਿਰ ਨੂੰ ਉਥੇ ਹੀ ਰੋਕ ਦੇਣ ਅਤੇ ਇਸ ਦੇ ਪਾਵਨ ਸੰਚਾਲਕ ਨੂੰ ਛੇਤੀ ਤੋਂ ਛੇਤੀ ਮਾਰ-ਮੁਕਾਉਣ ਦਾ ਪੱਕਾ ਫੈਸਲਾ ਕਰ ਲਿਆ ਸੀ। ਸਿੱਖ ਲਹਿਰ ਨੂੰ ਦੁਕਾਨੇ ਬਾਤਲ (ਕੂੜ ਦਾ ਵਪਾਰ) ਕਹਿ ਕੇ ਦਬਾਉਣ ‘ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਤੋਂ ਕੇਵਲ ਵੀਹ ਦਿਨ ਬਾਅਦ, ਜਹਾਂਗੀਰ ਨੇ ਆਪਣੀ ਸਵੈਜੀਵਨੀ, ਤੁਜ਼ਕਿ ਜਹਾਂਗੀਰੀ ਵਿਚ 19 ਜੂਨ 1606 ਈ. ਨੂੰ ਇਹ ਆਪ ਲਿਖਿਆ ਸੀ:

"ਗੋਇੰਦਵਾਲ ਵਿਚ, ਜੋ ਦਰਿਆ ਬਿਆਸ ਦੇ ਕੰਢੇ ਸਥਿਤ ਹੈ, (ਗੁਰੂ) ਅਰਜਨ ਨਾਂ ਦਾ ਇਕ ਹਿੰਦੂ ਪੀਰਾਂ-ਸ਼ੇਖਾਂ ਦੇ ਭੇਸ ਵਿਚ ਰਹਿ ਰਿਹਾ ਸੀ। ਉਸ ਨੇ ਬਹੁਤ ਸਾਰੇ ਸਿੱਧੇ-ਸਾਦੇ ਹਿੰਦੂਆਂ, ਸਗੋਂ ਮੂਰਖ ਅਤੇ ਨੀਚ ਮੁਸਲਮਾਨਾਂ ਨੂੰ ਵੀ ਆਪਣੇ ਧਰਮ-ਕਰਮ ਦਾ ਸ਼ਰਧਾਲੂ ਬਣਾ ਕੇ, ਆਪਣੀ ਪੀਰੀ ਅਤੇ ਪਦਵੀ ਦਾ ਢੋਲ ਉੱਚੀ ਆਵਾਜ਼ ਨਾਲ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਆਖਦੇ ਸਨ ਅਤੇ ਕਈ ਪਾਸਿਆਂ ਅਤੇ ਦਿਸ਼ਾਵਾਂ ਦੇ ਭੋਲੇ-ਭਾਲੇ ਅਤੇ ਪਾਖੰਡ-ਪੂਜ ਲੋਕ ਉਸ ਵੱਲ ਰੁਚਿਤ ਸਨ ਅਤੇ ਉਸ ਦੀ ਜਾਤ ਵਿਚ ਸੰਪੂਰਨ ਨਿਸਚਾ ਰੱਖ ਰਹੇ ਸਨ। ਉਨ੍ਹਾਂ ਨੇ ਤਿੰਨ-ਚਾਰ ਪੀੜ੍ਹੀਆਂ ਤੋਂ ਇਹ ਦੁਕਾਨ (ਭਾਵ ਸਿੱਖ ਲਹਿਰ) ਚਲਾਈ ਹੋਈ ਸੀ। ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਦੇ ਧਰਮ-ਮੰਡਲ ਵਿਚ ਦਾਖਲ ਕਰ ਲਿਆ ਜਾਏ।... ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਦਾਖ਼ਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।" (ਤੁਜ਼ਕਿ ਜਹਾਂਗੀਰੀ, 1606 ਈ., ਪੰਨਾ 35)

ਯਾਸਾ ਦੀ ਰਾਜ-ਦੰਡਾਵਲੀ ਮੰਗੋਲੀਆਂ ਦਾ ਉਹ ਕਾਨੂੰਨ ਸੀ ਜਿਸ ਨੂੰ ਚੰਗੇਜ਼ ਖਾਂ ਨੇ ਬੱਧਾ ਅਤੇ ਇਹ ਦੰਡ ਰਾਜਨੀਤਕ ਕਾਰਨਾਂ ਕਰਕੇ ਦਿਤਾ ਜਾਂਦਾ ਸੀ ਨਾਂ ਕਿ ਮੁਸਲਮਾਨੀ ਧਰਮ ਕਰਕੇ। ਚੰਦੂ ਜੋ ਕਿ ਗੁਰੂ ਜੀ ਵਾਸਤੇ ਬਦਲੇ ਦੀ ਭਾਵਨਾ ਰਖਦਾ ਸੀ, ਉਸਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਜਹਾਂਗੀਰ ਸਜ਼ਾ ਦਾ ਹੁਕਮ ਸੁਣਾ ਕੇ ਆਪ ਕਸ਼ਮੀਰ ਵਲ ਚਲਾ ਗਿਆ ਜਦੋਂ ਕਿ ਗੁਰੂ ਜੀ ਨੂੰ ਸਜ਼ਾ ਦੇਣ ਦੀ ਜ਼ੁਮੇਵਾਰੀ ਚੰਦੂ ਨੇ ਸੰਭਾਲ ਲਈ। ਇਸ ਸਜ਼ਾ ਲਈ, ਚੰਦੂ ਗੁਰੂ ਜੀ ਨੂੰ ਆਪਣੀ ਹਵੇਲੀ ਲੈ ਆਇਆ। ਫਿਰ ਕੀ, ਉਸੇ ਨਿਰਦਈ ਦੰਡਾਵਲੀ ਅਨੁਸਾਰ ਦੈਵੀ, ਕੋਮਲ-ਚਿੱਤ ਤੇ ਮਹਾਨ ਆਤਮਾ ਦੇ ਸੁਆਮੀ, ਅੰਮ੍ਰਿਤਸਰ, ਕਰਤਾਰ ਪੁਰ, ਸ੍ਰੀ ਹਰਿਗੋਬਿੰਦ ਪੁਰ, ਤਰਨ ਤਾਰਨ ਅਤੇ ਕਈ ਹੋਰ ਨਗਰਾਂ ਦੇ ਉਸਰੱਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਅਤੇ ਧਰਮ-ਕਰਮ ਦੇ ਅਨੂਠੇ ਪਹਿਰੇਦਾਰ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਭਖਦੀ ਰੇਤ ਪਾ ਕੇ ਦੁਖਾਇਆ ਗਿਆ ਅਤੇ ਖੌਲਦੇ ਪਾਣੀ ਵਿਚ ਉਬਾਲਿਆ ਗਿਆ। ਇਕ ਸਮਕਾਲੀ ਬਿਦੇਸ਼ੀ ਮਿਸ਼ਨਰੀ, ਫ਼ਾਦਰ ਫਰਦੀਨੰਦ ਗੁਇਰੈਰੌ ਦੀ 25 ਸਤੰਬਰ 1606 ਨੂੰ ਲਾਹੌਰ ਤੋਂ ਆਪਣੇ ਦੇਸ ਵੱਲ ਲਿਖ ਭੇਜੀ ਅਤੇ ਸੰਨ 1609 ਵਿਚ ਲਿਜ਼ਬਨ (ਪੁਰਤਗਾਲ) ਵਿਖੇ ਪ੍ਰਕਾਸ਼ਤ ਹੋਈ ਇਕ ਚਿੱਠੀ ਅਨੁਸਾਰ, "ਜਦੋਂ ਬਾਦਸ਼ਾਹ ਜਹਾਂਗੀਰ ਨੇ ਸ਼ਹਿਜ਼ਾਦਾ ਖੁਸਰੋ ਨੂੰ ਫੜ ਲਿਆ ਸੀ ਤਾਂ ਉਸ ਨੇ ਗੁਰੂ (ਅਰਜਨ ਦੇਵ) ਨੂੰ ਬੁਲਵਾ ਕੇ, ਇਕ ਅਮੀਰ ਮੂਰਤੀ ਪੂਜ (ਦੀਵਾਨ ਚੰਦੂ ਸ਼ਾਹ) ਦੇ ਹਵਾਲੇ ਕਰ ਦਿੱਤਾ ਸੀ। ਉਹ ਉਨ੍ਹਾਂ ਨੂੰ ਨਿੱਤ-ਨਵੇਂ ਕਸ਼ਟ ਦੇਂਦਾ ਰਿਹਾ ਸੀ। ਇਸ ਤਰ੍ਹਾਂ, ਸਿੱਖਾਂ ਦੇ ਉਹ ਨੇਕ ਪੋਪ (ਗੁਰੂ ਅਰਜਨ ਦੇਵ) ਦੁੱਖ, ਤਸੀਹੇ ਤੇ ਨਿਰਾਦਰੀਆਂ ਸਹਾਰਦੇ ਹੋਏ ਸੁਰਗਵਾਸ ਹੋ ਗਏ ਸਨ।" (ਐਨੂਅਲ ਰੀਲੇਸ਼ਨਜ਼, 1609 ਈ., ਜਿ. 2, ਪੰਨਾ. 366) ਜਹਾਂਗੀਰ ਦਾ ਦੂਸਰਾ ਹੁਕਮ, ਕਿ ਗੁਰੂ ਜੀ ਦਾ ਘਰ-ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਜਾਵੇ ਤੇ ਮਾਲ ਅਸਬਾਬ ਜਬਤ ਕੀਤਾ ਜਾਵੇ, ਇਤਿਹਾਸਕਾਰਾਂ ਅਨੁਸਾਰ ਸਾਈਂ ਮੀਆਂ ਮੀਰ ਜੀ ਦੇ ਦਖਲ ਦੇਣ ਤੇ ਰੱਦ ਕਰ ਦਿੱਤਾ ਗਿਆ।

ਜਹਾਂਗੀਰ ਨੂੰ ਚੁੱਕਾਂ ਦੇਣ ਵਾਲੇ ਤੁਅੱਸਬੀ ਸ਼ੇਖ ਅਹਿਮਦ ਸਰਹਿੰਦੀ ਉਰਫ਼ ਮਜੱਦਦ-ਅਲਫ਼ ਸਾਨੀ ਨੇ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿੰਦਿਆਂ ਅਤੇ ਸ਼ੁਕਰਾਨਿਆਂ ਭਰੀ ਚੜ੍ਹਦੀ ਕਲਾ ਵਿਚ ਵਿਗਸਦਿਆਂ, ਦਿੱਤੀ ਗਈ ਇਸ ਮਹਾਨ ਸ਼ਹਾਦਤ ਨੂੰ ਲਾਹੌਰ ਦੇ ਉਕਤ ਗਵਰਨਰ, ਮੁਰਤਜ਼ਾ ਖ਼ਾਨ ਵੱਲ ਲਿਖੀ ਮੁਬਾਰਕੀ ਚਿੱਠੀ ਵਿਚ "ਗੋਇੰਦਵਾਲ ਦੇ ਫਿਟਕਾਰਯੋਗ ਕਾਫ਼ਰ ਦਾ ਕਤਲ ਇਸਲਾਮ ਦੇ ਸ਼ਰਧਾਲੂਆਂ ਲਈ ਉੱਚਤਮ ਸ਼ੋਭਾ ਵਾਲਾ ਕੰਮ" ਦੱਸਿਆ ਸੀ। (ਮਕਤੂਬਾਤੇ ਇਮਾਮੇ ਰੱਬਾਨੀ, ਜਿ. 1-3, ਮਿਤੀ 1964, ਨੰ. 193)

ਉਪਰੋਕਤ ਸਮਕਾਲੀ ਤੇ ਭਰੋਸੇਯੋਗ ਇਤਿਹਾਸਕ ਗਵਾਹੀਆਂ (ਸਮਕਾਲੀ ਬਾਦਸ਼ਾਹ ਜਹਾਂਗੀਰ, ਬਿਦੇਸ਼ੀ ਮਿਸ਼ਨਰੀ ਫ਼ਰਦੀਨੰਦ ਅਤੇ ਸ਼ੇਖ ਅਹਿਮਦ ਸਰਹੰਦੀ ਦੀਆਂ) ਨੂੰ ਮੁੱਖ ਰੱਖਦਿਆਂ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਅਤੇ ਅਸਲ ਦੋਸ਼ੀ ਪ੍ਰਿਥੀ ਚੰਦ ਤੇ ਉਸ ਦੀ ਖ਼ਾਨਦਾਨੀ ਈਰਖਾ, ਚੰਦੂ ਤੇ ਉਸ ਦੀ ਜਾਤੀ ਰੰਜਸ਼, ਖ਼ੁਸਰੋ ਤੇ ਉਸ ਦੀ ਗੋਇੰਦਵਾਲ-ਆਵੰਦ ਜਾਂ ਇਸ ਤਰ੍ਹਾਂ ਦੀਆਂ ਆਮ-ਦੱਸੀਆਂ ਜਾਂਦੀਆਂ ਗੱਲਾਂ ਜਾਂ ਘਟਨਾਵਾਂ ਇੱਕ ਨਿਗੁਣਾ ਕਾਰਨ ਸਨ। ਇਤਿਹਾਸ ਤੋਂ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ, ਜਹਾਂਗੀਰ ਦੀ ਤਾਜਪੋਸ਼ੀ ਤੋਂ ਵਰ੍ਹਾ ਕੁ ਬਾਅਦ 30 ਮਈ, 1606 ਈ. ਨੂੰ ਹੋਈ ਸ਼ਹੀਦੀ ਦਾ ਮੂਲ ਤੇ ਮੁੱਖ ਕਾਰਨ ਸਿੱਖ-ਲਹਿਰ ਦੀ ਅੱਗੇ-ਵਧਤਾ ਮੁਗ਼ਲ ਰਾਜ ਦੇ ਕੱਟੜ ਸਲਾਹਕਾਰਾਂ ਦੇ ਇਸਲਾਮੀ ਰਾਜ ਸਥਾਪਤ ਕਰਨ ਵਿੱਚ ਰੋੜਾ ਬਨਣ ਦੀ ਵੱਡੀ ਸੰਭਾਵਣਾ ਸੀ ਜਿੱਸ ਨਾਲ ਮੁਗ਼ਲ ਰਾਜ ਦੀ ਨੀਤ ਤੇ ਨੀਤੀ ਵਿਚ ਇਕਦਮ ਅਨਿਆਂ ਭਰੀ ਤੇ ਪੱਖਪਾਤੀ ਤਬਦੀਲੀ ਆਈ ਸੀ।

ਸਿੱਖ ਇਤਿਹਾਸ ਦੀ ਇਹ ਪਹਿਲੀ ਅਤੇ ਅਦੁੱਤੀ ਸ਼ਹੀਦੀ ਸਮੇਂ ਦੇ ਮੁਗ਼ਲ ਬਾਦਸ਼ਾਹ, ਜਹਾਂਗੀਰ ਦੇ ਉਪਰੋਕਤ ਲਿਖਤੀ ਬਿਆਨ ਮੁਤਾਬਕ, ਉਸ ਦੇ ਆਪਣੇ ਹੁਕਮ ਅਧੀਨ ਅਤੇ ਉਸ ਦੀ ਤੁਅੱਸਬੀ ਨੀਤੀ ਅਨੁਸਾਰ ਹੀ ਹੋਈ ਸੀ।

ਇਸ ਸ਼ਹੀਦੀ ਨੇ ਸਿੱਖ ਧਰਮ ਦੀ ਉਸਾਰੀ ਦੀਆਂ ਨੀਂਹਾਂ, ਇੰਨੀਆਂ ਪੱਕੀਆਂ ਕਰ ਦਿੱਤੀਆਂ ਸਨ ਕਿ ਉਨ੍ਹਾਂ ਉੱਤੇ, ਉਨ੍ਹਾਂ ਦੇ ਹੀ ਪਾਵਨ ਪੋਤੇ (ਗੁਰੂ ਤੇਗ ਬਹਾਦਰ ਜੀ), ਪੜਪੋਤੇ (ਗੁਰੂ ਗੋਬਿੰਦ ਸਿੰਘ ਜੀ) ਤੇ ਨਕੜਪੋਤਿਆਂ (ਚਾਰ ਸਾਹਿਬਜ਼ਾਦਿਆਂ) ਨੇ ਆਪੋ-ਆਪਣੇ ਬਲੀਦਾਨਾਂ ਰਾਹੀਂ ਇਕ ਅਜਿਹਾ ਅਮਰ ਤੇ ਅਦੁੱਤੀ ਮਹਿਲ ਉਸਾਰ ਦਿੱਤਾ ਸੀ ਜਿਸ ਨੂੰ ਸਿੱਖ ਕੌਮ ਅਤੇ ਪੰਥ ਖ਼ਾਲਸਾ ਅਖਵਾਉਣ ਦਾ ਮਾਣ ਪ੍ਰਾਪਤ ਹੈ। ਅਖੀਰ ਵਿੱਚ, ਚਾਰ ਸੌ ਸਾਲਾ ਸ਼ਹੀਦੀ ਪੁਰਬ ਮਨਾਣ ਦਾ ਤਾਂ ਹੀ ਲ੍ਹਾਭ ਹੈ ਜੇ ਕਰ ਅਸੀਂ ਨਿਮਨ ਲਿਖਤ ਗਲਾਂ ਵਲ ਧਿਆਨ ਦੇਵਾਂਗੇ ਅਤੇ ਅਮਲ ਵਿੱਚ ਲਿਆਵਾਂਗੇ।

1. ਗੁਰਬਾਣੀ ਪੜ੍ਹਨ, ਸ਼ਬਦ ਦੀ ਵਿਚਾਰ ਤੋਂ ਜੀਵਨ-ਜਾਂਚ ਬਾਰੇ ਗਿਆਨ ਪ੍ਰਪਤ ਕਰਨਾ ਅਤੇ ਗੁਰਬਾਣੀ ਤੌ ਸਿੱਖੀ ਜੀਵਨ-ਜਾਂਚ ਅਨੁਸਾਰੀ ਜੀਵਨ ਬਤੀਤ ਕਰਨਾ, ਕਿਰਤ ਦੀ ਕਮਾਈ ਕਰਨੀ ਅਤੇ ਸਮਾਜਕ ਜ਼ੁਮੇਵਾਰੀਆਂ ਵਿੱਚ ਭਰਪੂਰ ਹਿੱਸਾ ਪਾਉਣਾ।

2. ਊਚ-ਨੀਚ, ਜਾਤ-ਪਾਤ, ਛੁਤ ਛਾਤ ਦਾ ਪੂਰਨ ਰੂਪ ਵਿੱਚ ਤਿਆਗ ਕਰ ਕੇ, ਸਰਬ-ਸਾਂਝੀਵਾਲਤਾ ਅਤੇ ਰਾਜਾ ਰੰਕ ਬਰਾਬਰੀ ਵਾਲਾ ਰਾਹ ਅਪਨਾਣਾ।

3. ਤੀਵੀਂ ਜਾਤੀ ਦੇ ਸਮਾਜ ਵਿੱਚ ਬਰਾਬਰਤਾ ਦੇ ਹੱਕ ਅਤੇ ਸਤਿਕਾਰ ਕਰਨ ਦੇ ਧਾਰਨੀ ਬਨਣਾ।

4. ਗੁਰਮੁੱਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਨੂੰ ਅਪਨਾਉਣਾ ਅਤੇ ਪ੍ਰਫੁਲਤ ਕਰਨਾ।

5. ਮਨੁਖੀ ਹੱਕਾਂ ਦੀ ਰਾਖੀ ਕਰਨੀ ਅਤੇ ਸੱਚ ਦੇ ਧਾਰਨੀ ਬਨਣਾ।

6. ਪੀਰਾਂ, ਬਾਬਿਆਂ, ਡੇਰਿਆਂ ਅਤੇ ਕਬਰਾਂ ਪੂਜਣ ਦਾ ਤਿਆਗ ਅਤੇ ਖੰਡਨ ਕਰਕੇ ਗੁਰੂ ਬਾਣੀ ਨੂੰ ਪ੍ਹੜ ਕੇ ਵਿਚਾਰਨ ਦੇ ਧਾਰਨੀ ਹੋਣਾ।

7. ਸਾਰੇ ਸਮਾਜਿਕ ਧੜਿਆਂ ਦਾ ਤਿਆਗ ਕਰ, ਸੱਚ ਅਤੇ ਪ੍ਰਮਾਤਮਾ ਦੇ ਧੜੇ ਦੇ ਧਾਰਨੀ ਬਨਣਾ।

8. ਗੁਰੂ ਗ੍ਰੰਥ ਸਾਹਿਬ ਦੇ ਪਵਿਤਰ ਸਰੂਪਾਂ ਅਤੇ ਪੁਰਾਤਨ ਇਤਹਾਸਿਕ ਸਰੋਤਾਂ ਨੂੰ ਨਾਨਕਸਰੀਆਂ ਆਦਿ ਹੋਰ ਡੇਰਿਆਂ ਦੇ ਬਣਾਏ ਅੰਗੀਠਾ ਸਹਿਬ ਦੀ ਸੇਵਾ ਤੋਂ ਬਚਾਣਾ।

9. ਬਾਬਿਆਂ ਦੀ ਕਾਰ ਸੇਵਾ ਤੋਂ ਕਿਤੇ ਕੁਝ ਬਚੀਆਂ ਹੋਈਆਂ ਸਿੱਖ ਇਤਹਾਸਿਕ ਨਿਸ਼ਾਨੀਆਂ ਨੂੰ ਸੰਗਮਰ ਦੀ ਮਾਰ ਤੋਂ ਬਚਾਣਾ ਅਤੇ ਕੌਮ ਦਾ ਪੈਸਾ ਵੀ ਬਚਾਣਾ।

ਹਵਾਲੇ: 1. ਗੁਰੂ ਗ੍ਰੰਥ ਸਾਹਿਬ 2. ਸਿੱਖ ਮਾਰਗ 3. ਡਾ: ਹਰਨਾਮ ਸਿੰਘ ਸ਼ਾਨ 4. ਸ. ਹਰਬਰਿੰਦਰ ਸਿੰਘ ਮਾਨੋਚਾਹਲ

Brief Review

What do we learn about Guru Arjan Dev from this brief narrative?

How did Sikhism develop?

Who developed and promoted Gurmukhi Lippi?

What contributions were made by Guru Arjan Dev in strenghening Sikhism?

What were the main causes for Guru Arjan Dev to sacrifice his life?

List the names of people who opposed Guru Arjan Dev and what attempts were made by these peole to harm Guru Arjan Dev Ji?

How was Guru Arjan Dev tortured?

Who ordered such a punishment and why?

Who finally tortured Guru Arjan Dev Ji?

List the date when Guru Arjan Dev Ji passed away?

Back to previous page

Akali Singh Services and its History | Sikhism| Sikh Youth Camp | Punjabi and Gurbani Grammar | Home