ਅਮਰ ਸ਼ਹੀਦ ਮਾਤਾ ਗੁਜਰੀ ਜੀ ( ਈ.)

ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੀ ਪੁੰਜ ਅਮਰ ਸ਼ਹੀਦ ਮਾਤਾ ਗੁਜਰੀ ਜੀ -ਪ੍ਰੋ. ਕਿਰਪਾਲ ਸਿੰਘ ਬਡੂੰਗਰ*

ਗੁਰਮਤਿ ਫ਼ਲਸਫ਼ੇ ਦੇ ਅਰੰਭ ਤੋਂ ਪਹਿਲਾਂ ਦੇ ਭਾਰਤ ਦੇ ਪਿਛਲੇ ਇਤਿਹਾਸ ਵੱਲ ਝਾਤ ਮਾਰਦਿਆਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇੱਥੇ ਸ਼ਹੀਦੀ ਦੀ ਕੋਈ ਪਰੰਪਰਾ ਨਹੀਂ ਸੀ। ਲੋਕਾਂ ਅੰਦਰ ਧਰਮ ਨੂੰ ਸਹੀ ਅਤੇ ਸ਼ੁੱਧ ਗਿਆਨ ਰੂਪ ਵਿੱਚ ਸਮਝਣ ਅਤੇ ਉਸ ਦੇ ਮਹਾਨ ਕ੍ਰਾਂਤੀਕਾਰੀ ਅਸੂਲਾਂ ਨੂੰ ਜੀਵਨ ਦਾ ਪੱਥ-ਪਰਦਰਸ਼ਕ ਬਣਾਉਣ ਦੀ ਥਾਂ ਕਰਮ ਕਾਂਡ ਪਾਖੰਡ, ਅਗਿਆਨਤਾ, ਵਹਿਮਾਂ ਅਤੇ ਭਰਮਾਂ ਦੀ ਭਰਮਾਰ ਸੀ ਅਤੇ ਪੁਜਾਰੀਵਾਦ ਧਰਮ ਦੇ ਨਾਂ ਉੱਤੇ ਲੋਕਾਂ ਦੀ ਲੁੱਟ-ਖਸੁੱਟ ਕਰ ਰਿਹਾ ਸੀ ਅਤੇ ਲੋਕਾਂ ਅੰਦਰ ਗਿਆਨ ਰੂਪੀ ਰੋਸ਼ਨੀ ਦੇਣ ਦੀ ਥਾਂ ਅਗਿਆਨਤਾ ਫੈਲਾ ਕੇ ਲੋਕਾਂ ਦੇ ਮਨਾਂ ਵਿਚ ਇਕ ਡਰ ਅਤੇ ਭੈ ਪੈਦਾ ਕੀਤਾ ਜਾ ਰਿਹਾ ਸੀ। ਕਾਦਰ ਦੀ ਸਾਜੀ, ਸਵਾਰੀ ਅਤੇ ਸ਼ਿੰਗਾਰੀ ਮਨੁੱਖਤਾ ਅੰਦਰ ਊਚ-ਨੀਚ, ਛੂਤ-ਛਾਤ, ਗਰੀਬ-ਅਮੀਰ, ਨਰ-ਨਾਰੀ ਦਰਮਿਆਨ ਨਿਹਕਲੰਕ ਅਤੇ ਕਲੰਕਣ ਦਾ ਗੈਰ-ਕੁਦਰਤੀ ਅਤੇ ਗੈਰ-ਮਨੁੱਖੀ ਪਾੜਾ ਖੜਾ ਕਰ ਕੇ ਸਮਾਜ ਨੂੰ ਲੀਰੋ-ਲੀਰ ਕਰ ਦਿੱਤਾ ਗਿਆ ਸੀ ਜਿਸ ਦਾ ਸਦਕਾ “ਘਰ ਢਾਹਿਆ ਦਹਿਸਿਰ ਮਾਰਿਆ” ਅਨੁਸਾਰ ਦੇਸ਼ ਅਤੀ ਕਮਜ਼ੋਰ ਹੋ ਗਿਆ ਸੀ। ਲੋਕ ਹਿੱਤਾਂ ਅਤੇ ਉਨ੍ਹਾਂ ਦੇ ਜਾਨ, ਮਾਲ, ਗੈਰਤ ਤੇ ਗੌਰਵ ਦੀ ਰਾਖੀ ਕਰਨ ਵਾਲੇ ਰਾਜੇ ਐਸ਼ ਪ੍ਰਸਤੀ ਵਿਚ ਲੱਗੇ ਹੋਏ ਸਨ ਅਤੇ ਪੁਜਾਰੀ ਵਰਗ ਉਨ੍ਹਾਂ ਦੀ ਪੁਸਤ ਪਨਾਹੀ ਕਰ ਰਿਹਾ ਸੀ। ਭਾਵ, ਉਨ੍ਹਾਂ ਜ਼ੁਲਮੀ, ਆਚਰਣਹੀਣ ਅਤੇ ਲੋਕ ਹਿੱਤਾਂ ਦੇ ਕਾਤਲ ਰਾਜਿਆਂ ਨੂੰ ਨਿਹਕਲੰਕ ਹੋਣ ਦਾ ਸਰਟੀਫਿਕੇਟ ਦੇ ਰਿਹਾ ਸੀ। ਇਸ ਤਰ੍ਹਾਂ ਦੇਸ਼ ਦੀ ਸਰਬਪੱਖੀ ਗਿਰਾਵਟ ਕਾਰਨ ਦੇਸ਼ ਇਸਲਾਮੀ ਸ਼ਕਤੀ ਦਾ ਗ਼ੁਲਾਮ ਹੋ ਗਿਆ ਅਤੇ ਉਨ੍ਹਾਂ ਦੇ ਕੱਟੜ੍ਹਵਾਦ ਦਾ ਸ਼ਿਕਾਰ ਹੋ ਗਿਆ ਸੀ। ਅਜਿਹੇ ਸਮੇਂ “ਤੰਗ ਆਮਦ ਬਜੰਗ ਆਮਦ” ਅਨੁਸਾਰ ਪਹਿਲਾਂ “ਸੂਫੀ ਲਹਿਰ” ਅਤੇ ਫਿਰ “ਭਗਤੀ ਲਹਿਰ” ਚੱਲੀ ਜਿਸ ਨਾਲ ਲੋਕਾਂ ਅੰਦਰ ਕਿਸੇ ਹੱਦ ਤਕ ਜਾਗ੍ਰਿਤੀ ਤਾਂ ਜਰੂਰ ਆਈ ਪਰੰਤੂ ਉਹ ਹਾਲੀਂ ਰਾਜਨੀਤਿਕ ਜ਼ੁਲਮ, ਧਾਰਮਿਕ ਕੱਟੜ੍ਹਵਾਦ, ਸਮਾਜਿਕ ਨਾ ਬਰਾਬਰੀ ਅਤੇ ਆਰਥਿਕ ਕਾਣੀ ਵੰਡ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸੀ ਹੋਏ ਕਿਉਂਕਿ ਅਜਿਹੀ ਕ੍ਰਾਂਤੀ ਤਾਂ ਕੁਰਬਾਨੀ ਮੰਗਦੀ ਹੈ ਅਤੇ ਕੁਰਬਾਨੀ ਦੀ ਦੇਸ਼ ਅੰਦਰ ਕੋਈ ਪਰੰਪਰਾ ਹੀ ਨਹੀਂ ਸੀ। ਧਾਰਮਿਕ ਕੱਟੜਵਾਦ ਅਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਦੇਸ਼ ਜਬਰ, ਜ਼ੁਲਮ ਅਤੇ ਧੱਕੇਸ਼ਾਹੀ ਦੀ ਚੱਕੀ ਵਿਚ ਪਿਸ ਰਿਹਾ ਸੀ ਪਰੰਤੂ ਇਸ ਗੈਰ-ਕੁਦਰਤੀ ਤੇ ਗੈਰ-ਮਨੁੱਖੀ ਵਰਤਾਰੇ ਵਿਰੁੱਧ ਉਫ਼ ਕਰਨ ਦੀ ਕਿਸੇ ਅੰਦਰ ਜ਼ੁਰਅਤ ਨਹੀਂ ਸੀ।

ਲੋਕ ਭੇਡਾਂ-ਬੱਕਰੀਆਂ ਵਾਂਗ ਜ਼ੁਲਮ ਝੱਲ ਰਹੇ ਸਨ ਅਤੇ

“ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥ ” ਆਪਣਾ ਧਰਮ ਤੇ

“ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥ ” ਅਨੁਸਾਰ ਆਪਣਾ ਸੱਭਿਆਚਾਰ ਧੜਾ-ਧੜ ਬਦਲ ਰਹੇ ਸਨ।

ਅਜਿਹੇ ਸਮੇਂ ਪੰਜਾਬ ਦੀ ਧਰਤੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਕ੍ਰਾਂਤੀਕਾਰੀ,ਦਾਰਸ਼ਨਿਕ ਅਤੇ ਲੋਕ ਨਾਇਕ ਉੱਚ-ਸ਼ਖ਼ਸੀਅਤ ਦਾ ਪ੍ਰਕਾਸ਼ ਹੋਇਆ ਅਤੇ ਉਨ੍ਹਾਂ ਨੇ ਜ਼ੁਲਮ, ਜਬਰ ਤੇ ਜਾਬਰ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕੀਤੀ। ਹਮਲਾਵਰ ਬਾਬਰ ਨੂੰ “ਜਮ ਰੂਪ” “ਬਾਬਰ ਜਾਬਰ” ਆਦਿ ਕਹਿ ਕੇ ਉਸ ਦਾ ਸਖਤ ਵਿਰੋਧ ਕੀਤਾ।

ਮਹਾਨ ਇਸਲਾਮੀ ਕਵੀ ਮੁਹੰਮਦ ਇਕਬਾਲ ਇਉਂ ਪੁਸ਼ਟੀ ਕਰਦੇ ਹਨ:-

ਫਿਰ ਉਠੀ ਸਦਾ ਤੋਹੀਦ ਕੀ ਪੰਜਾਬ ਸੇ।

ਇਕ ਮਰਦੇ ਕਾਮਲ ਨੇ ਜਗਾਇਆ ਹਿੰਦ ਕੋ ਖਾਬ ਸੇ।

ਇਸ ਤਰ੍ਹਾਂ ਬਾਬੇਕਿਆਂ ਅਤੇ ਬਾਬਰਕਿਆਂ ਤਥਾ ਨੇਕੀ ਅਤੇ ਬਦੀ, ਧਰਮ ਤੇ ਅਧਰਮ, ਨੈਤਿਕਤਾ ਤੇ ਅਨੈਤਿਕਤਾ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ। ਇਸ ਟਕਰਾਅ ਦੌਰਾਨ ਗੁਰੂਕਿਆਂ ਅਤੇ ਗੁਰ ਸਿੱਖਾਂ ਨੇ ਅਸਹਿ ਤੇ ਅਕਹਿ ਜ਼ੁਲਮ ਝੱਲੇ। ਇਸ ਟਕਰਾਅ ਦੌਰਾਨ ਜਿੱਥੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਵੱਲੋਂ ਮਹਾਨ ਯੋਗਦਾਨ ਪਾਇਆ ਗਿਆ ਉੱਥੇ ਜਿਸ ਦੇਸ਼ ਵਿਚ ਔਰਤ ਕਲੰਕਣ, ਪੈਰ ਦੀ ਜੁੱਤੀ ਬਘਿਆੜੀ ਆਦਿ ਵਿਸ਼ੇਸ਼ਣਾਂ ਨਾਲ ਜਾਣੀ ਜਾਂਦੀ ਸੀ ਉਸੇ ਦੇਸ਼ ਅੰਦਰ ਗੁਰੂ ਮਾਤਾਵਾਂ, ਗੁਰੂ ਪੁੱਤਰੀਆਂ, ਗੁਰੂ ਪਤਨੀਆਂ ਨੇ ਵੀ ਉਸ ਕ੍ਰਾਂਤੀ ਵਿਚ ਪੂਰਾ ਯੋਗਦਾਨ ਪਾਇਆ। ਇਸ ਲੇਖ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਨੂੰਹ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਮ ਸੁਪਤਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਮਰ ਸ਼ਹੀਦ ਸਾਹਿਬਜ਼ਾਦਿਆਂ ਦੀ ਦਾਦੀ ਮਾਤਾ ਗੁਜਰੀ ਜੀ ਦੇ ਜੀਵਨ ਅਤੇ ਸ਼ਹੀਦੀ ਉੱਤੇ ਸੰਖੇਪ ਰੂਪ ਵਿਚ ਵਿਚਾਰ ਕਰਨ ਦਾ ਤੁੱਛ ਜਿਹਾ ਯਤਨ ਕਰ ਰਹੇ ਹਾਂ। ਅਫ਼ਸੋਸ ਦੀ ਬਾਤ ਹੈ ਕਿ ਹਿੰਦੋਸਤਾਨ ਦੇ ਜਿਸ ਧਰਮ, ਸ਼ਰਮ, ਗੈਰਤ, ਗੌਰਵ ਅਤੇ ਸਵੈਮਾਣ ਰੂਪੀ ਰੁੱਖ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਉੱਤੇ ਬੈਠ ਅਤੇ ਅਸਹਿ ਤੇ ਅਕਹਿ ਤਸੀਹੇ ਝੱਲਦਿਆਂ ਸ਼ਹੀਦੀ ਦੇ ਕੇ ਮੁੜ ਹਰਿਆ-ਭਰਿਆ ਕਰਨ ਹਿੱਤ ਮਹਾਨ ਸਾਕਾ ਕੀਤਾ,ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮਹਾਨ ਬਲੀਦਾਨ ਦੇ ਕੇ ਆਪਣੇ ਪਵਿੱਤਰ ਖ਼ੂਨ ਨਾਲ ਸਿੰਜਿਆ ਅਤੇ ਆਪਣਾ ਸੀਸ ਭੇਟ ਕਰ ਕੇ ਹਿੰਦੋਸਤਾਨ ਦੇ ਗੌਰਵ ਨੂੰ ਸਦਾਸਦਾ ਲਈ ਕਾਇਮ-ਦਾਇਮ ਰੱਖਿਆ। ਮਾਤਾ ਗੁਜਰੀ ਜੀ ਨੇ ਆਪਣਾ ਪਵਿੱਤਰ ਖ਼ੂਨ ਪਾ ਕੇ ਉਸ ਦੇ ਵੱਧਣ-ਫੁੱਲਣ ਲਈ ਭਾਰਤੀ ਧਰਾਤਲ ਨੂੰ ਜ਼ਰਖੇਜ਼ ਬਣਾਇਆ ਅਤੇ ਉਸ ਰੁੱਖ ਦੀਆਂ ਨੀਂਹਾਂ ਵਿਚ ਇਨ੍ਹਾਂ ਸ਼ਹੀਦਾਂ ਨੇ ਨੀਹਾਂ ਵਿਚ ਖੜੋ ਕੇ “ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰਕੇ” ਸ਼ਹੀਦੀ ਪਾ ਕੇ ਆਪਣੇ ਪਵਿੱਤਰ ਖ਼ੂਨ ਨਾਲ ਉਸ ਰੁੱਖ ਨੂੰ ਸਦਾ ਸਦਾ ਲਈ ਹਰਿਆ-ਭਰਿਆ ਕਰ ਦਿੱਤਾ। ਸਾਂਈਂ ਬੁੱਲ੍ਹੇ ਸ਼ਾਹ ਠੀਕ ਹੀ ਇਸ ਅਟੱਲ ਸੱਚਾਈ ਨੂੰ ਇਉਂ ਬਿਆਨ ਕਰਦੇ ਹਨ,

“ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ। ਬਾਤ ਕਹੂੰ ਅਬ ਕੀ। ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ।“

ਭਾਵ ਸਾਰਾ ਭਾਰਤ ਮੁਕੰਮਲ ਰੂਪ ਵਿਚ ਇਕ ਇਸਲਾਮੀ ਦੇਸ਼ ਹੀ ਹੁੰਦਾ। ਭਾਰਤ ਦੇਸ਼ ਉੱਤੇ ਗੁਰੂਕਿਆਂ ਦਾ ਇਹ ਮਹਾਨ ਅਹਿਸਾਨ ਹੈ। ਪਰਉਪਕਾਰ ਹੈ। ਪਰੰਤੂ ਅਸੀਂ ਅਕ੍ਰਿਤਘਣ ਹਾਂ ਜੋ ਉਨ੍ਹਾਂ ਮਹਾਨ ਲਾਸਾਨੀ ਅਤੇ ਅਦਭੁਤ ਸ਼ਹੀਦਾਂ ਉੱਤੇ ਮਾਣ ਕਰਨ ਦੀ ਥਾਂ ਬਿਲਕੁਲ ਅਭਿੱਜ ਹੀ ਹੋ ਗਏ ਹਾਂ ਸਗੋਂ ਕਈ ਕਿਸਮ ਦੇ ਬੇਲੋੜੇ ਕਿੰਤੂ-ਪਰੰਤੂ ਘੜ੍ਹਨ ਵਿੱਚ ਲੱਗੇ ਹੋਏ ਹਾਂ।

ਮਾਤਾ ਗੁਜਰੀ ਜੀ ਦੇ ਪਰਵਾਰ ਦੇ ਕੁਝ ਬੰਦੇ ਅਜੋਕੇ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਨਗਰ ਲਖਨੌਰ (ਹੁਣ ਲਖਨੌਰ ਸਾਹਿਬ) ਤੋਂ ਜਲੰਧਰ ਲਾਗੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਨਗਰ ਕਰਤਾਰਪੁਰ ਆ ਵੱਸੇ। ਮਹਾਨਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਲਖਨੌਰ ਸਾਹਿਬ ਵਿਖੇ ਮਾਤਾ ਜੀ ਦੇ ਦੂਸਰੇ ਭਰਾਤਾ ਭਾਈ ਮੇਹਰ ਚੰਦ ਇੱਥੇ ਹੀ ਵਸਦੇ ਸਨ।

ਪ੍ਰੋ. ਹਰਬੰਸ ਸਿੰਘ ਅਨੁਸਾਰ ਮਾਤਾ ਗੁਜਰੀ ਜੀ ਆਪਣੇ ਚਾਰ ਸਾਲ ਦੇ ਬੇਟੇ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਸਮੇਤ ਭਾਈ ਕਿਰਪਾਲ ਚੰਦ ਅਤੇ ਕੁਝ ਹੋਰ ਸਿੰਘਾਂ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਂਦਿਆਂ ਹੋਇਆਂ ਆਪਣੇ ਪੁਰਾਣੇ ਪੇਕੇ ਨਗਰ ਲਖਨੌਰ ਵਿਖੇ ਤਕਰੀਬਨ ਛੇ ਮਹੀਨੇ ਲਈ ਰੁਕੇ।

ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਵਿਚ ਹੋਇਆ। ਭਾਵੇਂ ਕੁਝ ਇਤਿਹਾਸਕਾਰਾਂ ਵੱਲੋਂ ਵੱਖ-ਵੱਖ ਤਾਰੀਖਾਂ ਦਾ ਵਰਣਨ ਕੀਤਾ ਹੋਇਆ ਹੈ। ਭਵਿੱਖ ਹਮੇਸ਼ਾਂ ਹੀ ਅਣਬੁਝਿਆ ਹੀ ਹੁੰਦਾ ਹੈ। ਕੌਣ ਜਾਣਦਾ ਸੀ ਕਿ ਉਹ ਬੱਚੀ, ਜਿਸ ਨੂੰ ਜਨਮ ਉਪਰੰਤ ਉਸ ਦੇ ਮਾਪਿਆਂ ਵੱਲੋਂ, ਗੁਜਰੀ ਦਾ ਨਾਮ ਦਿੱਤਾ ਗਿਆ ਉਹ ਭਵਿੱਖ ਦੀ ਇਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ (ਧਰਮ ਸੁਪਤਨੀ) ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਭਾਰਤ ਦੇਸ਼ ਦੀ ਪਹਿਲੀ ਸ਼ਹੀਦ ਇਸਤਰੀ ਹੋਵੇਗੀ ਅਤੇ ਜਿਸ ਦਾ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇਕ ਨਵਾਂ ਮੋੜ ਦੇਵੇਗੀ ਅਤੇ ਭਾਰਤੀ ਨਾਰੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦੇਵੇਗੀ। ਜਿਸ ਨਾਲ ਭਾਰਤੀ ਨਾਰੀ ਦਾ ਜੀਵਨ ਇਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲੈ ਲਵੇਗਾ।

ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਦੇ ਗੁਰੂ-ਘਰ ਪ੍ਰਤੀ ਪਿਆਰ, ਲਗਾਓ ਦਾ ਪ੍ਰਭਾਵ ਬਾਲੜੀ ਗੁਜਰੀ ਜੀ ਨੇ ਵੀ ਖੂਬ ਕਬੂਲਿਆ। ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਘਰ ਅੰਦਰ ਜਵਾਨ ਹੋ ਰਹੀ ਲੜਕੀ ਨੂੰ ਵੇਖਦਿਆਂ ਮਾਪੇ ਉਸ ਦੇ ਵਿਆਹ ਬਾਰੇ ਸੋਚਣ ਲੱਗ ਪੈਂਦੇ ਹਨ। ਭਾਈ ਲਾਲ ਚੰਦ ਦੇ ਪਰਵਾਰ ਵਿਚ ਵੀ ਇਵੇਂ ਹੀ ਹੋਇਆ,ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁੱਤਰ ਸੂਰਜ ਮੱਲ ਦਾ ਅਨੰਦ ਕਾਰਜ ਵੀ ਕਰਤਾਰਪੁਰ ਸਾਹਿਬ ਹੀ ਹੋਇਆ ਸੀ ਅਤੇ ਤੇਗ ਮੱਲ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ) ਵੀ ਬਰਾਤ ਨਾਲ ਆਏ ਸਨ। ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਨੂੰ ਤੇਗ ਮੱਲ ਜੀ ਆਪਣੀ ਬੇਟੀ ਲਈ ਇਕ ਯੋਗ ਵਰ ਜਾਪਿਆ ਭਾਵੇਂ ਤੇਗ ਮੱਲ ਜੀ ਦੀ ਉਮਰ ਗੁਜਰੀ ਜੀ ਨਾਲੋਂ ਦੋ ਸਾਲ ਛੋਟੀ ਸੀ, ਪਰੰਤੂ ਉਨ੍ਹਾਂ ਨੇ ਆਪਣੇ ਮਨ ਦੀ ਇੱਛਾ ਸਤਿਗੁਰੂ ਜੀ ਪਾਸ ਬੜੀ ਨਿਮਰਤਾ ਨਾਲ ਪੇਸ਼ ਕੀਤੀ। ਗੁਰੂ ਸਾਹਿਬ ਨੇ ਗੁਰੂ-ਘਰ ਦੇ ਅਨਿੰਨ ਸੇਵਕ ਪਰਵਾਰ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਅਤੇ ਗੁਜਰੀ ਜੀ ਦੀ ਤੇਗ ਮੱਲ ਜੀ ਨਾਲ ਮੰਗਣੀ ਦੀ ਰਸਮ ਕੀਤੀ ਗਈ। ਇਸ ਤਰ੍ਹਾਂ ਦੋਹਾਂ ਦੇ ਦੰਪਤੀ ਜੀਵਨ ਦੀ ਅਰੰਭਿਕ ਸਮਾਜਿਕ ਕਾਰਵਾਈ ਸੰਪੰਨ ਹੋ ਗਈ। ਕੁਝ ਸਮਾਂ ਬੀਤਣ ਉਪਰੰਤ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ ਮਾਤਾ ਗੁਜਰੀ ਜੀ ਦਾ ਅਨੰਦ ਕਾਰਜ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਦੇ ਸਪੁੱਤਰ ਤੇਗ ਮੱਲ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ) ਨਾਲ 1632 ਈ: ਵਿਚ ਹੋਇਆ। ਇਸ ਤਰ੍ਹਾਂ ਇਕ ਕਿਰਤੀ ਸਿੱਖ ਸੇਵਕ ਦੀ ਪੁੱਤਰੀ ਨਾਲ ਗੁਰੂ ਸਾਹਿਬ ਦੇ ਬੇਟੇ ਨਾਲ ਅਨੰਦ ਕਾਰਜ ਹੋਣਾ ਸਮਾਜਿਕ ਪੱਖੋਂ ਅਤਿਅੰਤ ਮਹੱਤਵ ਰੱਖਦਾ ਹੈ ਕਿਉਂਕਿ ਭਾਰਤੀ ਸਮਾਜ ਤਾਂ ਊਚ-ਨੀਚ, ਗਰੀਬ-ਅਮੀਰ, ਗੁਰੂ-ਚੇਲੇ, ਛੂਤ-ਛਾਤ ਆਦਿ ਦੀਆਂ ਗੈਰ-ਕੁਦਰਤੀ ਵੰਡਾਂ ਕਾਰਨ ਲੀਰੋ ਲੀਰ ਹੋਇਆ ਪਿਆ ਸੀ। ਅਨੰਦ ਕਾਰਜ ਉਪਰੰਤ ਭਾਈ ਲਾਲ ਚੰਦ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਗਰੀਬ ਕਿਰਤੀ ਹੋਣ ਕਾਰਨ ਗੁਰੂ ਜੀ ਦੇ ਵੱਡੇ ਰੁਤਬੇ ਮੁਤਾਬਕ ਉਨ੍ਹਾਂ ਦੀ ਕੋਈ ਯੋਗ ਟਹਿਲ ਸੇਵਾ ਨਹੀਂ ਕਰ ਸਕਿਆ ਹੈ ਅਤੇ ਨਾ ਹੀ ਆਪਣੀ ਧੀ ਨੂੰ ਕੋਈ ਦਾਜ-ਦਹੇਜ ਹੀ ਦੇ ਸਕਿਆ ਹੈ।

ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਭਾਈ ਲਾਲ ਚੰਦ ਨੂੰ ਆਪਣੀ ਗਲਵਕੜੀ ਵਿਚ ਲੈ ਕੇ ਉਸ ਦਾ ਧੰਨਵਾਦ ਕੀਤਾ ਕਿਉਂਕਿ ਉਸ ਨੇ ਆਪਣੀ ਬੇਟੀ ਗੁਰੂ ਪਰਵਾਰ ਦੀ ਝੋਲੀ ਵਿਚ ਪਾਈ ਸੀ। ਗੁਰੂ ਜੀ ਨੇ ਫੁਰਮਾਇਆ:

ਲਾਲ ਚੰਦ! ਤੁਮ ਕੀਨੋ ਸ਼ਕਲ ਵਿਸਾਲਾ। ਜਿਨ ਤਨੁਜਾ ਅਰਪਨ ਕੀਨੋ।

ਕਯਾ ਪਾਛੈ ਤਿਨ ਰਖ ਲੀਨੋ।

ਗੁਰਬਾਣੀ ਵੀ ਸਾਨੂੰ ਦਾਜ-ਦਹੇਜ ਬਾਰੇ ਸਪੱਸ਼ਟ ਰੂਪ ਵਿਚ ਚਾਨਣ ਪਾਉਂਦੀ ਹੈ ਕਿ ਕਿਸ ਤਰ੍ਹਾਂ ਦਾ ਦਾਜ-ਦਹੇਜ ਹਰ ਮਾਤਾ-ਪਿਤਾ ਨੂੰ ਆਪਣੀ ਲਾਡਲੀ ਧੀ ਨੂੰ ਦੇਣਾ ਚਾਹੀਦਾ ਹੈ। ਧਨ-ਦੌਲਤ ਆਦਿ ਵਾਲੇ ਦਾਜ-ਦਹੇਜ ਨੂੰ ਗੁਰਮਤਿ ਪ੍ਰਵਾਨ ਨਹੀਂ ਕਰਦੀ ਸਗੋਂ ਇਸ ਨੂੰ ਮਨੁੱਖ ਦੀ ਹਉਮੈ ਅਤੇ ਹੰਕਾਰ ਦਾ ਪ੍ਰਤੀਕ ਹੀ ਸਮਝਦੀ ਹੈ। ਗੁਰਵਾਕ ਹੈ,

“ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥” ਅਤੇ ਧਨ-ਦੌਲਤ ਵਾਲੇ ਦਾਜ ਬਾਰੇ ਇਉਂ ਫੁਰਮਾਇਆ ਹੈ,

“ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥” ਮਾਤਾ ਗੁਜਰੀ ਜੀ ਦੇ ਜੀਵਨ ਦੇ ਗਹਿਣੇ ਸਨ,

“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥” ਅਤੇ “ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥

ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥”

ਹਰ ਔਰਤ ਦਾ ਅਸਲ ਵਿਚ ਇਹ ਸਭ ਤੋਂ ਉੱਤਮ ਦਾਜ-ਦਹੇਜ ਹੈ ਜੋ ਸਾਰੇ ਪਰਵਾਰ ਲਈ ਸਦਾ ਸੁਖਦਾਈ ਹੁੰਦੇ ਹਨ।

ਅੱਜ ਦੇ ਦਾਜ-ਦਹੇਜ ਦੇ ਲੋਭੀਆਂ ਲਈ, ਜਿਹੜੇ ਦਾਜ-ਦਹੇਜ ਦੀ ਲਾਲਸਾ ਕਾਰਨ ਨੌਜੁਆਨ ਬੱਚੀਆਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ ਅਤੇ ਮੌਤ ਦੇ ਮੂੰਹ ਵਿਚ ਉਤਾਰ ਰਹੇ ਹਨ। ਲੜਕੇ ਅਤੇ ਉਨ੍ਹਾਂ ਦੇ ਮਾਪਿਆਂ ਲਈ ਜਿਹੜੇ ਨੌਜੁਆਨ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਲਈ ਇਕ ਬਹੁਤ ਵੱਡਾ ਸਬਕ ਹੈ। ਸਮਾਜ ਅੰਦਰ ਅਜੋਕੇ ਸਮੇਂ ਤਕਰੀਬਨ 30 ਫੀਸਦੀ ਵਿਆਹ ਟੁੱਟ ਰਹੇ ਹਨ ਅਤੇ ਅਨੇਕਾਂ ਜੋੜੇ ਤਲਾਕ ਅਤੇ ਦਾਜ-ਦਹੇਜ ਦੇ ਕੇਸਾਂ ਵਿਚ ਉਲਝੇ ਹੋਏ ਅਦਾਲਤਾਂ ਵਿਚ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਨੇ ਆਪਣਾ ਮਾਪਿਆਂ ਵਾਲਾ ਫਰਜ਼ ਨਿਭਾਉਂਦਿਆਂ ਡੋਲੀ ਵਿਚ ਆਪਣੀ ਬੇਟੀ ਨੂੰ ਬਿਠਾਉਣ ਤੋਂ ਪਹਿਲਾਂ ਇਉਂ ਸਿੱਖਿਆ ਦਿੱਤੀ:-

ਪਤਿ ਸਮ ਈਸ ਪਛਾਨ ਕੈ ਤੈ ਪੁਤਰੀ ਕਰ ਸੇਵਾ। ਪਤਿ ਪਰਮੇਸਰ ਜਾਨੀਏ, ਔਰ ਤੁਛ ਲਖ ਟੇਵਾ।

ਨਵਦੰਪਤੀ ਦੇ ਜੀਵਨ ਦੀ ਸਫਲਤਾ ਲਈ ਮਾਪਿਆਂ ਦੀ ਸਿੱਖਿਆ ਹਮੇਸ਼ਾਂ ਹੀ ਇਕ ਵਰਦਾਨ ਹੁੰਦੀ ਹੈ। ਅਜੋਕੇ ਤਣਾਅ ਭਰਪੂਰ ਸਮੇਂ ਜਦੋਂ ਆਪਸੀ ਰਿਸਤੇ ਤਿੜਕ ਰਹੇ ਹਨ, ਵਿਆਹ ਟੁੱਟ ਰਹੇ ਹਨ, ਆਪਸੀ ਵਿਸ਼ਵਾਸ ਤੇ ਸਤਿਕਾਰ ਡੋਲ ਰਿਹਾ ਹੈ। ਅਜਿਹੀ ਸਿੱਖਿਆ ਅਤੀ ਲਾਭਦਾਇਕ ਸਿੱਧ ਹੋ ਸਕਦੀ ਹੈ। ਇਸ ਦੇ ਨਾਲ ਹੀ ਸਹੁਰੇ ਪਰਵਾਰ ਵੱਲੋਂ ਵੀ ਆਪਣੀ ਨੂੰਹ ਨੂੰ ਆਪਣੀ ਧੀ ਵਾਲਾ ਪਿਆਰ ਅਤੇ ਸਨੇਹ ਦੇਣਾ ਲਾਜ਼ਮੀ ਹੈ। ਭਾਵ ਨੂੰਹ ਨੂੰ ਬਿਗਾਨੀ ਧੀ ਨਹੀਂ ਸਗੋਂ ਆਪਣੀ ਧੀ ਅਤੇ ਉਸ ਘਰ ਦੀ ਭਵਿੱਖੀ ਮਾਲਕ ਸਮਝਿਆ ਜਾਣਾ ਚਾਹੀਦਾ ਹੈ। ਗੁਰਮਤਿ ਲੜਕੇ-ਲੜਕੀ ਤਥਾ ਮਰਦ-ਔਰਤ ਵਿਚ ਅੰਤਰ ਨਹੀਂ ਸਮਝਦੀ। ਦੋਵੇਂ ਸਮਾਨ ਸਨਮਾਨ ਤੇ ਸਤਿਕਾਰ ਅਤੇ ਅਧਿਕਾਰ ਦੇ ਹੱਕਦਾਰ ਹਨ। ਸਗੋਂ ਗੁਰਮਤਿ ਤਾਂ ਇਸ ਮਿਲਾਪ ਨੂੰ ਇਲਾਹੀ ਹੁਕਮ ਅਨੁਸਾਰ ਹੋਇਆ ਰੂਹਾਨੀ ਮਿਲਾਪ ਸਮਝਦੀ ਹੈ ਅਤੇ ਦੰਪਤੀ ਨੂੰ

“ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥ ”

ਵਾਲਾ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੰਦੀ ਹੈ ਜੋ ਸਮਾਜਿਕ ਜੀਵਨ ਲਈ ਇਕ ਅਨਮੋਲ ਮਾਰਗ ਹੈ। ਜਿਸ ਵਿਚ ਝਗੜਿਆਂ-ਝਮੇਲਿਆਂ ਦੀ ਕੋਈ ਥਾਂ ਨਹੀਂ ਹੈ।

ਅਨੰਦ ਕਾਰਜ ਤੋਂ ਬਾਅਦ ਮਾਤਾ ਗੁਜਰੀ ਜੀ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਆਪਣੇ ਸਹੁਰੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸੱਸ ਮਾਤਾ ਨਾਨਕੀ ਜੀ ਦੀ ਸੇਵਾ ਵਿਚ ਲੀਨ ਹੋ ਗਏ। ਮਾਤਾ ਗੁਜਰੀ ਜੀ ਦੇ ਜੀਵਨ ਅਤੇ ਸੁਭਾਅ ਉੱਤੇ ਇਹ ਗੁਰਵਾਕ ਬਿਲਕੁਲ ਢੁੱਕਦਾ ਹੈ।

“ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥” ਅਤੇ “ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣˆØੀ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥”

ਮਾਤਾ ਨਾਨਕੀ ਜੀ ਨੇ ਵੀ ਜਿੱਥੇ ਆਪਣੀ ਨਵੀਂ ਨਿਵੇਕਲੀ ਨੂੰਹ ਰਾਣੀ ਨੂੰ ਮਾਤਾ ਵਾਲਾ ਪਿਆਰ ਦਿੱਤਾ ਉੱਥੇ ਗੁਰੂ-ਪਰਵਾਰ ਤੇ ਗੁਰੂ-ਘਰ ਦੀ ਸਾਰੀ ਮਰਯਾਦਾ ਵਿਚ ਪਰਪੱਕ ਕੀਤਾ। ਥੋੜੇ ਸਮੇਂ ਵਿਚ ਹੀ ਇਸ ਸੁੰਦਰ, ਸੁਹਿਰਦ, ਸਿਆਣੀ, ਨਿਮਰਤਾ ਭਰਪੂਰ ਗੁਜਰੀ ਜੀ ਨੇ ਸਭ ਕੁਝ ਗ੍ਰਹਿਣ ਕਰ ਲਿਆ। ਆਪਣੀ ਸੱਸ ਮਾਤਾ ਨਾਨਕੀ ਜੀ ਤੋਂ ਉਨ੍ਹਾਂ ਦੇ “ਸਹੁਰੇ-ਪਿਤਾ” ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸ਼ਹੀਦੀ ਉਪਰੰਤ ਦੇ ਗੁਰੂ-ਘਰ ਦੇ ਸਾਰੇ ਹਾਲਾਤ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕਾਇਮ ਕੀਤੀ ਗਈ ਗੁਰੂ-ਘਰ ਦੀ ਮਰਯਾਦਾ, ਮਾਤਾ ਨਾਨਕੀ ਜੀ ਵੱਲੋਂ ਆਪਣੀ ਸੱਸ ਮਾਤਾ “ਮਾਤਾ ਗੰਗਾ ਜੀ ਦੀ ਦਿਲ-ਜਾਨ ਤੇ ਲਗਨ ਨਾਲ ਕੀਤੀ ਸੇਵਾ ਬਾਰੇ ਜਾਣ ਕੇ ਮਾਤਾ ਗੁਜਰੀ ਜੀ ਦਾ ਆਤਮਿਕ ਬਲ ਹੋਰ ਵੀ ਦ੍ਰਿੜ੍ਹਤਾ ਅਤੇ ਸਿਦਕਦਿਲ੍ਹੀ ਵਾਲਾ ਹੋ ਗਿਆ ਸੀ। ਹੁਣ ਉਹ ਕਿਸੇ ਭਿਅੰਕਰ ਤੋਂ ਭਿਅੰਕਰ ਸੰਕਟਮਈ ਹਾਲਾਤ ਦਾ ਦ੍ਰਿੜ੍ਹਤਾ ਅਤੇ ਸਿਦਕਦਿਲ੍ਹੀ ਨਾਲ ਮੁਕਾਬਲੇ ਦੇ ਸਮਰੱਥ ਹੋ ਗਈ ਸੀ ਜੋ ਉਸ ਦੇ ਭਵਿੱਖ ਦੇ ਹਾਲਾਤ ਨੇ ਸਪੱਸ਼ਟ ਕਰ ਦਿੱਤਾ। ਭਾਵੇਂ ਭਵਿੱਖ ਬਾਰੇ ਤਾਂ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਇਸ ਨਾਲੋਂ ਵੀ ਕਠਿਨ ਸਮਾਂ ਵੇਖਣਾ ਪਵੇਗਾ। ਹਾਂ! ਇਹ ਨਿਸਚਿਤ ਹੈ ਕਿ ਸਾਡਾ ਚੰਗਾ ਜਾਂ ਮਾੜਾ ਵਿਰਸਾ ਸਾਡੇ ਭਵਿੱਖ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ। ਮਾਤਾ ਨਾਨਕੀ ਜੀ ਦੀ ਸੇਵਾ ਵਿਚ ਵਿਚਰਦਿਆਂ ਸਿਮਰਨ ਵਿਚ ਲੀਨ ਹੁੰਦੇ ਅਤੇ ਇਸ ਤਰ੍ਹਾਂ ਕਰਦਿਆਂ ਗੁਜਰੀ ਜੀ ਸੱਚਮੁੱਚ ਹੀ “ਸੇਵਾ ਤੇ ਸਿਮਰਨ” ਦੇ ਮੁਜੱਸਮਾ

“ਨਿਜ ਭਗਤੀ ਸੀਲਵੰਤੀ ਨਾਰਿ॥ ਰੂਪਿ ਅਨੂਪ ਪੂਰੀ ਆਚਾਰਿ ॥” ਬਣ ਗਏ।

ਮਾਤਾ ਗੁਜਰੀ ਜੀ ਸਾਹਮਣੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ “ਆਦਿ ਸਚ” “ਪਰਮਸਤਿ” ਨੂੰ ਪੂਰਨ ਰੂਪ ਵਿਚ ਸਮਰਪਤਿ ਹੋ ਕੇ ਉਸ ਦੀ ਸੁਆਸ-ਸੁਆਸ ਅਰਾਧਨਾ ਕਰਨ ਵਾਲਾ ਮਹਾਨ ਉਪਦੇਸ਼ ਸੀ। ਗੁਰਵਾਕ ਹੈ:-

ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ॥ (ਪੰਨਾ 1315 )

Back to previous page

Akali Singh Services and its History | Sikhism | Sikh Youth Camp Programs | Punjabi and Gurbani Grammar | Home