ਪੜਨਾਂਵ / ProNoun

ਪੜਨਾਂਵ :-   ਉਹ ਸ਼ਬਦ ਹੈ ਜੋ  ਕਿਸੇ ਨਾਂਵ ਦੀ ਥਾਂ  ਵਰਤਿਆ ਜਾਵੇ,   ਜਿਵੇਂ:-  ਉਹ, ਮੈਂ, ਤੂੰ, ਮੇਰੇ, ਆਦਿ।

  ਪੜਨਾਂਵ ਛੇ ਪ੍ਰਕਾਰ ਦੇ ਹਨ:-

1. ਪੁਰਖ ਵਾਚਕ ਪੜਨਾਂਵ :   ਜਿਹੜੇ ਪੜਨਾਂਵ ਕੇਵਲ ਪੁਰਖਾਂ ਦੇ ਨਾਂਵ ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਪੁਰਖ ਵਾਚਕ ਪੜਨਾਂਵ ਆਖਦੇ ਹਨ,   ਜਿਵੇਂ:-  ਅਸੀਂ, ਤੁਸੀਂ, ਮੈਂ, ਉਹ, ਆਦਿ।

    ਪੁਰਖ:-  ਗੱਲਬਾਤ ਕਰਨ ਦੇ ਆਧਾਰ ਉੱਤੇ  ਪੁਰਖ   ਤਿੰਨ ਪ੍ਰਕਾਰ ਦੇ   ਹੁੰਦੇ ਹਨ। ਇਸ ਲਈ   ਪੁਰਖ ਵਾਚਕ ਪੜਨਾਂਵ   ਵੀ  ਤਿੰਨ ਪ੍ਰਕਾਰ ਦੇ ਹੁੰਦੇ ਹਨ।

     (ੳ): ਉੱਤਮ ਪੁਰਖ :  ਗੱਲ ਕਰਨ ਵਾਲੇ ਨੂੰ   ਉੱਤਮ ਪੁਰਖ  ਮੰਨਿਆ ਜਾਂਦਾ ਹੈ,   ਜਿਵੇਂ:- ਮੈਂ, ਅਸੀਂ, ਸਾਨੂੰ, ਮੇਰੇ, ਆਦਿ ਉੱਤਮ ਪੁਰਖ ਵਾਚਕ ਪੜਨਾਂਵ ਹਨ।

     (ਅ): ਮੱਧਮ ਪੁਰਖ :  ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸਨੂੰ   ਮੱਧਮ ਪੁਰਖ  ਕਹਿੰਦੇ ਹਨ,   ਜਿਵੇਂ:-  ਤੂੰ, ਤੁਸੀਂ, ਆਦਿ ਮੱਧਮ ਪੁਰਖ ਵਾਚਕ ਪੜਨਾਂਵ ਹਨ।

     (ੲ): ਅੱਨ ਪੁਰਖ :  ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸਨੂੰ   ਅੱਨ ਪੁਰਖ ਜਾਂ ਤੀਜਾ ਪੁਰਖ  ਮੰਨਿਆ ਜਾਂਦਾ ਹੈ,   ਜਿਵੇਂ:-  ਉਹ, ਉਹਨਾਂ , ਅੱਨ ਮਤੀਏ (ਦੂਸਰੇ ਵਿਸ਼ਵਾਸ਼ ਵਾਲੇ), ਆਦਿ।

2. ਨਿੱਜ ਵਾਚਕ ਪੜਨਾਂਵ :   ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜਨਾਂਵ ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ, ਉਸਨੂੰ ਨਿੱਜ ਵਾਚਕ ਪੜਨਾਂਵ ਕਹਿੰਦੇ ਹਨ।

ਜਿਵੇਂ:-  ਮੈਂ ਆਪ ਉਸਨੂੰ ਛੱਡ ਆਵਾਂਗਾ। ਇਸ ਵਾਕ ਵਿੱਚ " ਆਪ " ਨਿੱਜ ਵਾਚਕ ਪੜਨਾਂਵ ਹੈ।

3. ਸੰਬੰਧ ਵਾਚਕ ਪੜਨਾਂਵ :   ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਯੋਜਕ ਵਾਂਗ, ਇਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਉਹਨਾਂ ਨੂੰ   ਸੰਬੰਧ ਵਾਚਕ ਪੜਨਾਂਵ   ਕਹਿੰਦੇ ਹਨ, ਜਿਵੇਂ:-

ਜਿਹੜਾ ਸਰੀਰਕ ਕੰਮ ਕਰੇਗਾ ਉਸਨੂੰ ਭੁ੍ਖ ਵੀ ਚੰਗੀ ਲਗੇਗੀ, ਵਿੱਚ ਸ਼ਬਦ   "ਜਿਹੜਾ "     ਸੰਬੰਧ ਵਾਚਕ ਪੜਨਾਂਵ  ਹੈ।  

4. ਪ੍ਰਸ਼ਨ-ਵਾਚਕ ਪੜਨਾਂਵ :   ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਪ੍ਰਸ਼ਨ ਲਈ ਵਰਤੇ ਜਾਣ, ਉਹਨਾਂ ਨੂੰ   ਪ੍ਰਸ਼ਨ ਵਾਚਕ ਪੜਨਾਂਵ   ਆਖਦੇ ਹਨ,  ਜਿਵੇਂ:- 

ਕੌਣ ਰੌਲਾ ਪਾ ਰਿਹਾ ਹੈ ?  ਜਾਂ  ,  ਕੌਣ ਚਾਹੁੰਦਾ ਹੈ ਕਿ ਮੈਂ ਕਿਸੇ ਦੇ ਅਧੀਨ ਹੋਵਾਂ? ਜਾਂ , ਇਹ ਜੁੱਤੀ ਕਿਸ ਦੀ ਹੈ?  ਇਹਨਾਂ ਵਾਕਾਂ ਵਿੱਚ ਸ਼ਬਦ  " ਕੌਣ "  ਅਤੇ  " ਕਿਸ ਦੀ "   ਪ੍ਰਸ਼ਨ ਵਾਚਕ ਪੜਨਾਂਵ ਹਨ।

5. ਨਿਸਚੇ-ਵਾਚਕ ਪੜਨਾਂਵ :   ਜਿਹੜੇ ਪੜਨਾਂਵ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵਲ ਸੰਕੇਤ ਕਰਨ ਅਤੇ ਉਹਨਾਂ ਚੀਜ਼ਾਂ ਦੀ ਥਾਂ ਪੜਨਾਂਵ ਦੇ ਰੂਪ ਵਿੱਚ ਵਰਤੇ ਜਾਣ, ਉਹਨਾਂ ਨੂੰ  ਨਿਸਚੇ ਵਾਚਕ ਪੜਨਾਂਵ  ਆਖਦੇ ਹਨ। ਜਿਵੇਂ:-   ਉਹ ਡਿੱਗ ਪਿਆ ਹੈ ।  ਇਹ ਸੜਕ ਬਹੁਤ ਚੰਗੀ ਹੈ।   ਇਹਨਾਂ ਵਾਕਾਂ ਵਿੱਚ ਸ਼ਬਦ  "ਉਹ "   ਅਤੇ  "ਇਹ "  ਨਿਸਚੇ ਵਾਚਕ ਪੜਨਾਂਵ  ਹਨ।

6. ਅਨਿਸਚਿਤ ਪੜਨਾਂਵ :  : ਉਹ ਪੜਨਾਂਵ ਜਿਹੜਾ ਕਿਸੇ ਵਸਤੂ ਦਾ ਅਨੁਮਾਨ ਤਾਂ ਪ੍ਰਗਟ ਕਰੇ, ਪਰੰਤੂ ਉਸਦੀ ਗਿਣਤੀ ਨਾ ਦੱਸੇ , ਉਸਨੂੰ ਅਨਿਸਚਿਤ ਪੜਨਾਂਵ ਆਖਦੇ ਹਨ। ਜਿਵੇਂ:-  (1)  ਕਈ ਲੋਕ ਬੈਂਕ ਵੱਲ ਜਾ ਰਹੇ ਸਨ ਅਤੇ ਕਈ ਆ ਰਹੇ ਸਨ।   (2)  ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ।   (3)   ਇਸ ਦੁਨੀਆਂ ਵਿੱਚ ਅਨੇਕ ਅਨਪੜ੍ਹ ਹਨ।  ਇਨ੍ਹਾਂ ਵਾਕਾਂ ਵਿੱਚ ਸ਼ਬਦ   ' ਕਈ ',  ' ਸਭ ' ਅਤੇ  ' ਅਨੇਕ '   ਅਨਿਸਚਿਤ ਪੜਨਾਂਵ  ਹਨ।

ਅਭਿਆਸ

  1. ਪੜਨਾਂਵ ਤੋਂ ਕੀ ਭਾਵ ਹੈ ? ਨਾਂਵ ਅਤੇ ਪੜਨਾਂਵ ਦਾ ਫਰਕ ਸਪੱਸ਼ਟ ਕਰੋ ।
  2. ਪੜਨਾਂਵ ਦੀਆਂ ਕਿਸਮਾਂ ਉਦਾਹਰਨਾਂ ਦੇ ਕੇ ਸਮਝਾਉ ।
  3. ਪੁਰਖ ਵਾਚਕ ਪੜਨਾਂਵ ਕਿਸ ਨੂੰ ਆਖਦੇ ਹਨ ?
  4. ਪੁਰਖ ਵਾਚਕ ਪੜਨਾਂਵ ਕਿੰਨੀ ਪ੍ਰਕਾਰ ਦੇ ਹਨ ? ਉਦਾਹਰਨਾਂ ਦੇ ਕੇ ਸਮਝਾਉ ।
      ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ ਅਤੇ ਪੜਨਾਂਵ ਦੀ ਕਿਸਮ ਵੀ ਲਿਖੋ।
    • ਸਭ੍ਹ ਨੇ ਹਿਸਾਬ ਦੇਣਾ ਹੈ ।
    • ਇਹ ਮੁੰਡਾ ਖੇਡ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।
    • ਕਿਸ ਨੇ ਸ਼ਰਾਰਤ ਕੀਤੀ ਹੈ ?
    • ਮੋਹਨ ਚਲਾਕ ਹੈ, ਜੋ ਸ਼ਰਾਰਤ ਕਰਕੇ ਚੁੱਪ ਕਰ ਜਾਂਦਾ ਹੈ ।

GO Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home