ਵਿਸ਼ੇਸ਼ਣ / Adjective

  ਵਿਸ਼ੇਸ਼ਣ :-

  ਜਿਹੜੇ ਸ਼ਬਦ  ਕਿਸੇ  ਨਾਂਵ ਜਾਂ ਪੜਨਾਂਵ  ਨਾਲ ਆ ਕੇ ਉਨ੍ਹਾਂ ਦੇ   ਗੁਣ  ਜਾਂ   ਔਗਣ  , ਗਿਣਤੀ  ਜਾਂ  ਮਿਣਤੀ  ਦੱਸ ਕੇ  ਉਨ੍ਹਾਂ ਨੂੰ  ਆਮ  ਨਾਲੋਂ   ਖਾਸ  ਬਣਾਉਣ,   ਉਨ੍ਹਾਂ ਨੂੰ  ਵਿਸ਼ੇਸ਼ਣ  ਕਹਿੰਦੇ ਹਨ।  

ਜਿਵੇਂ:-   ਦਲੇਰ ਮੁੰਡਾ,  ਖੱਟੀ ਲੱਸੀ,  ਤੱਤਾ ਦੁਧ,  ਤੀਜੀ ਕਿਤਾਬ ,  ਠੰਡਾ ਪਾਣੀ,  ਸੁਹਣਾ ਫੁੱਲ,  ਭਾਰੀ ਪੰਡ, ਆਦਿ ਵਿੱਚ  ਦਲੇਰ, ਖੱਟੀ,  ਤੱਤਾ,  ਤੀਜੀ ,  ਠੰਡਾ,  ਸੁਹਣਾ, ਭਾਰੀ  ਵਿਸ਼ੇਸ਼ਣ  ਹਨ ।

  ਵਿਸ਼ੇਸ਼:-  ਜਿਸ  ਨਾਂਵ  ਜਾਂ  ਪੜਨਾਂਵ  ਦੀ ਵਿਸ਼ੇਸ਼ਤਾ ਕੀਤੀ ਜਾਵੇ ਉਸ ਨੂੰ  ਵਿਸ਼ੇਸ਼   ਆਖਦੇ ਹਨ; ਜਿਵੇਂ:-  (1)  ਸੁਰਿੰਦਰ ਦਾ ਚਿੱਟਾ ਦੁਪੱਟਾ ਹੈ।  (2)  ਠੰਡਾ ਜਲ ਛਕੋ। ਇਨ੍ਹਾਂ ਵਾਕਾਂ ਵਿੱਚ  ' ਦੁਪੱਟਾ '  ਅਤੇ  ' ਜਲ '  ਵਿਸ਼ੇਸ਼ ਹਨ ਅਤੇ  ' ਚਿੱਟਾ ' ,  ' ਠੰਡਾ  ' ਵਿਸ਼ੇਸ਼ਣ  ਹਨ।

  ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ:- 

 1. ਗੁਣ ਵਾਚਕ ਵਿਸ਼ੇਸ਼ਣ (Adjective of quality)

 2. ਗਿਣਤੀ ਵਾਚਕ ਵਿਸ਼ੇਸ਼ਣ (Adjective of Numeral)

 3. ਮਿਣਤੀ ਵਾਚਕ ਵਿਸ਼ੇਸ਼ਣ (Adjective of Quantity)

 4. ਨਿਸਚੇ ਵਾਚਕ ਵਿਸ਼ੇਸ਼ਣ (Adjective of Demonstration)

 5. ਪੜਨਾਂਵੀ ਵਿਸ਼ੇਸ਼ਣ (Adjective of Pronominal)

1.     ਗੁਣ ਵਾਚਕ ਵਿਸ਼ੇਸ਼ਣ :-   ਜਿਹੜੇ ਵਿਸ਼ੇਸ਼ਣ ਕਿਸੇ ਵਿਸ਼ੇਸ਼ ਦੇ ਗੁਣ, ਔਗਣ ਦੱਸਣ, ਉਹਨਾਂ ਨੂੰ  ਗੁਣ ਵਾਚਕ ਵਿਸ਼ੇਸ਼ਣ   ਆਖਦੇ ਹਨ;  ਜਿਵੇਂ:-  ਸੁੰਦਰ,  ਲਾਲ,  ਪਤਲਾ,  ਸੜੀਅਲ,  ਮੋਟਾ,  ਸੱਚਾ,  ਝੂਠਾ,   ਆਦਿ।

  ਉਦਾਹਰਨ:-

 • ਲਾਲ ਫੁੱਲ ਬੜਾ ਸੁੰਦਰ ਹੈ। ਇਸ ਵਿੱਚ ਲਾਲ ਫੁੱਲ ਦਾ ਗੁਣ ਦੱਸਿਆ ਹੈ ਕਿ ਇਹ ਬੜਾ ਸੁੰਦਰ ਹੈ।

 • ਸੁਰਜੀਤ ਬੜਾ ਸੜੀਅਲ ਹੈ। ਇਸ ਵਿੱਚ ਸੜੀਅਲ ਹੋਣਾ ਸੁਰਜੀਤ ਦਾ ਔਗਣ ਦੱਸਿਆ ਹੈ।

2.     ਗਿਣਤੀ ਵਾਚਕ ਵਿਸ਼ੇਸ਼ਣ:-  ਵਿਸ਼ੇਸ਼ਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣਾਂ ਨੂੰ  ਗਿਣਤੀ ਜਾਂ ਸੰਖਿਆ ਵਾਚਕ ਵਿਸ਼ੇਸ਼ਣ   ਆਖਦੇ ਹਨ; ਜਿਵੇਂ:-   ਚਾਰ,  ਸਤ,  ਪਹਿਲਾ,  ਚੌਥਾ,  ਥੋੜ੍ਹੇ,  ਬਹੁਤੇ ਆਦਿ।

  ਉਦਾਹਰਨ:-

 • ਪਹਿਲੀ ਕਤਾਰ ਵਿੱਚ ਚੌਥਾ ਮੁੰਡਾ ਬੜਾ ਹੋਨਹਾਰ ਹੈ। ਇਥੇ ਕਤਾਰ ਅਤੇ ਮੁੰਡਾ ਵਿਸ਼ੇਸ਼ ਹਨ। ਪਹਿਲੀ ਅਤੇ ਚੌਥਾ ਇਨ੍ਹਾਂ ਦਾ ਦਰਜਾ ਦੱਸਦੇ ਹਨ।

 • ੴ ਵਿੱਚ ੧ , ਓੰਅਕਾਰ ਦਾ, ਜੋ ਸਰਬ ਵਿਆਪਕ ਹੈ, ਜੋ ਇਕ ਰਸ ਸਰਬ ਥਾਈਂ ਪਸਰਿਆ ਹੋਇਆ ਹੈ, ਉਸ ਦਾ ਗਿਣਤੀ ਵਾਚਕ ਵਿਸ਼ੇਸ਼ਣ ਹੈ।

3.    ਮਿਣਤੀ ਵਾਚਕ ਵਿਸ਼ੇਸ਼ਣ :-  ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਦੀ   ਮਿਣਤੀ ਜਾਂ ਨਾਪ-ਤੋਲ ਦਸਦੇ ਹਨ, ਉਹਨਾਂ ਨੂੰ ਮਿਣਤੀ ਵਾਚਕ ਵਿਸ਼ੇਸ਼ਣ ਜਾਂ ਪਰਮਾਣ ਵਾਚਕ ਵਿਸ਼ੇਸ਼ਣ  ਆਖਦੇ ਹਨ; ਜਿਵੇਂ:-   ਬਹੁਤਾ,  ਚੋਖਾ,  ਮੁੱਠੀ ਭਰ,  ਕਿਲੋ ਕੁ ਆਦਿ।

  ਉਦਾਹਰਨ:-

 • ਸਬਜ਼ੀ ਵਿੱਚ ਬਹੁਤਾ ਲੂਣ ਹੈ । ਇਥੇ ਸਬਜ਼ੀ ਅਤੇ ਲੂਣ ਨਾਂਵ ਹਨ ਅਤੇ ਲੂਣ ਦਾ ਬਹੁਤਾ ਹੋਣਾ ਮਿਣਤੀ ਵਾਚਕ ਵਿਸ਼ੇਸ਼ਣ ਹੈ।

 • ਚਾਹ ਵਾਸਤੇ ਕਿਲੋ ਕੁ ਖੰਡ ਬਹੁਤ ਹੋਵੇਗੀ । ਇਥੇ ' ਕਿਲੋ ਕੁ ' ਖੰਡ ਦਾ ਮਿਣਤੀ-ਵਾਚਕ ਵਿਸ਼ੇਸ਼ਣ ਹੈ।

4.     ਨਿਸਚੇ ਵਾਚਕ ਵਿਸ਼ੇਸ਼ਣ :-  ਜਿਹੜੇ ਵਿਸ਼ੇਸ਼ਣ ਕਿਸੇ ਇਸ਼ਾਰੇ ਨਾਲ ਆਪਣੇ ਵਿਸ਼ੇਸ਼ਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਹਨਾਂ ਨੂੰ   ਨਿਸਚੇ ਵਾਚਕ ਵਿਸ਼ੇਸ਼ਣ  ਕਹਿੰਦੇ ਹਨ;  ਜਿਵੇਂ:-   ਇਹ,  ਉਹ,  ਉਹਨਾਂ ਆਦਿ ।

  ਵਾਕਾਂ ਸਹਿਤ ਉਦਾਹਰਨਾਂ:-

 • ਉਹ ਥੱਲੇ ਬੈਠਾ ਮੁੰਡਾ ਬੜਾ ਚੰਗਾ ਵਿਦਿਆਰਥੀ ਹੈ। ਇਥੇ ਮੁੰਡੇ ਨੂੰ ' ਉਹ ' ਅਤੇ ' ਥੱਲੇ ਬੈਠਾ ' ਕਹਿ ਕੇ, ਵਿਸ਼ੇਸ਼ ਦੱਸਿਆ ਹੈ। ਇਸ ਲਈ ' ਉਹ ' ਅਤੇ ' ਥੱਲੇ ਬੈਠਾ ' ਮੁੰਡੇ ਦੇ ਨਿਸਚੇ ਵਾਚਕ ਵਿਸ਼ੇਸ਼ਣ ਹਨ।

5.    ਪੜਨਾਂਵੀ ਵਿਸ਼ੇਸ਼ਣ :-   ਜਿਹੜੇ ਸ਼ਬਦ ਪੜਨਾਂਵ ਹੋਣ ਅਤੇ ਨਾਵਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ, ਉਹ ਸ਼ਬਦ (ਪੜਨਾਂਵ)  ਪੜਨਾਂਵੀ ਵਿਸ਼ੇਸ਼ਣ   ਅਖਵਾਉਂਦੇ ਹਨ;   ਜਿਵੇਂ:-  ਮੇਰਾ ਮਿੱਤਰ,  ਤੇਰਾ ਸਾਥੀ,  ਕਿਹੜਾ ਅਫ਼ਸਰ, ਵਿੱਚ  ਮੇਰਾ,   ਤੇਰਾ,   ਕਿਹੜਾ  ਆਦਿ ਪੜਨਾਂਵੀਂ ਵਿਸ਼ੇਸ਼ਣ ਹਨ, ਜਿਥੇ  ਮਿੱਤਰ, ਸਾਥੀ, ਅਫ਼ਸਰ, ਨਾਂਵ ਹਨ।

  ਵਾਕਾਂ ਸਹਿਤ ਉਦਾਹਰਨਾਂ:-

 • ਮੇਰਾ ਮਿੱਤਰ ਚੰਗਾ ਖਿਡਾਰੀ ਹੈ। ਇਥੇ ' ਮਿੱਤਰ ' ਨਾਂਵ ਹੈ , ' ਮੇਰਾ ' ਪੜਨਾਂਵ ਹੈ ਅਤੇ ਇਹ ' ਮਿੱਤਰ ' ਨੂੰ ਵਿਸ਼ੇਸ਼ ਵੀ ਬਨਾਉਂਦਾ ਹੈ, ਇਸ ਲਈ ' ਮੇਰਾ '  ਮਿੱਤਰ ਦਾ ਪੜਨਾਂਵੀ ਵਿਸ਼ੇਸ਼ਣ ਹੈ।

 • ਤੇਰਾ ਸਾਥੀ ਬੜਾ ਸੁਸਤ ਹੈ। ' ਸਾਥੀ ' ਨਾਂਵ ਹੈ, ' ਤੇਰਾ ' ਸਾਥੀ ਲਈ ਵਰਤਿਆ ਪੜਨਾਂਵ ਵੀ ਹੈ ਅਤੇ ' ਤੇਰਾ ' ਸਾਥੀ ਨੂੰ ਵਿਸ਼ੇਸ਼ ਵੀ ਬਨਾਉਂਦਾ ਹੈ, ਇਸ ਲਈ ' ਤੇਰਾ '  ਸਾਥੀ ਦਾ ਪੜਨਾਂਵੀ ਵਿਸ਼ੇਸ਼ਣ ਹੈ।

 • ਕਿਹੜਾ ਅਫ਼ਸਰ ਇਮਾਨਦਾਰ ਹੈ ? ' ਅਫ਼ਸਰ ' ਨਾਂਵ ਹੈ, ' ਕਿਹੜਾ ' ਉਸਦਾ ਪੜਨਾਂਵ ਹੈ ਅਤੇ ' ਕਿਹੜਾ '  ਅਫ਼ਸਰ ਨੂੰ ਵਿਸ਼ੇਸ਼ ਵੀ ਬਨਾਉਂਦਾ ਹੈ ਇਸ ਲਈ ' ਕਿਹੜਾ '  ਅਫ਼ਸਰ ਦਾ ਪੜਨਾਂਵੀ ਵਿਸ਼ੇਸ਼ਣ ਹੈ।

 • ਉਹ ਚੋਰ ਹੈ। ਇਸ ਵਾਕ ਵਿਚ ' ਉਹ '  ਪੜਨਾਂਵ ਹੈ ਅਤੇ  ' ਚੋਰ '  ਉਸਦਾ  ਵਿਸ਼ੇਸ਼ਣ ਹੈ। ਇਸ ਲਈ  'ਉਹ ਚੋਰ '   ਪੜਨਾਂਵੀ ਵਿਸ਼ੇਸ਼ਣ ਹੈ।

ਅਭਿਆਸ/ Review

ਪ੍ਰਸ਼ਨ:-

 1. ਵਿਸ਼ੇਸ਼ ਅਤੇ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ਅਤੇ ਉਦਾਹਰਨਾਂ ਦੇ ਕੇ ਵਿਆਖਿਆ ਕਰੋ ?

 2. ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹਨ? ਉਦਾਹਰਨਾਂ ਦਿਉ।
  ਹੇਠ ਲਿਖੇ ਵਿਸ਼ੇਸ਼ਣਾਂ ਦੀ ਪ੍ਰਕਾਰ ਵੰਡ ਕਰੋ :-
 1. ਬਹੁਤਾ, ਥੋੜਾ, ਸਾਰੀਆਂ, ਅਨੇਕ, ਕੁਝ, ਚੋਖਾ, ਅੜੀਅਲ, ਰੱਤੀ ਕੁ, ਬੀਬਾ, ਦੂਹਰਾ, ਦੂਣਾ, ਦੋ ਹਜ਼ਾਰ, ਮਣਾਂ-ਮੂੰਹੀਂ, ਬਹੁਤ ਸਾਰੇ, ਇਕ-ਇਕ, ਜਿਹੜਾ, ਕਈ।
  ਹੇਠ ਲਿਖੇ ਵਾਕਾਂ ਵਿੱਚੋਂ ਵਿਸ਼ੇਸ਼ਣ ਚੁਣੋ ਅਤੇ ਉਹਨਾਂ ਦੀਆਂ ਕਿਸਮਾਂ ਦੱਸੋ ।

 1. ਇਹ ਪਾਸਤਕ ਬੜੀ ਦੁਰਲੱਭ ਹੈ ।

 2. ਉਹ ਸ਼ਾਹੀ ਢੰਗ ਨਾਲ ਰਹਿੰਦਾ ਹੈ।

 3. ਇਹ ਰੰਗੀਨ ਚਿੱਤਰ ਹੈ ।

 4. ਉਸ ਦੀ ਗੈਰ-ਹਾਜ਼ਰੀ ਵਿੱਚ ਕਿਹੜਾ ਅਫ਼ਸਰ ਡਿਊਟੀ ਦੇਵੇਗਾ ।

 5. ਸਾਡਾ ਸਕੂਲ ਇਥੋਂ ਤਿੰਨ ਕਿਲੋਮੀਟਰ ਹੈ ।

 6. ਆਕਾਸ਼ ਵਿੱਚ ਕਾਲੇ ਬੱਦਲ ਹਨ ।

 7. ਹਾਕੀ ਦੀ ਟੀਮ ਵਿੱਚ ਗਿਆਰਾਂ ਮੁੰਡੇ ਖੇਡਦੇ ਹਨ ।

  ਹੇਠ ਲਿਖੇ ਸ਼ਬਦਾਂ ਵਿੱਚੋਂ ਹਰ ਇਕ ਨੂੰ ਦੋ-ਦੋ ਵਾਕਾਂ ਵਿੱਚ ਇਸ ਤਰਾਂ ਵਰਤੋ ਕਿ ਇਕ ਵਾਕ ਵਿੱਚ ਉਹ ਪੜਨਾਂਵ ਰੂਪ ਵਿੱਚ ਹੋਵੇ ਅਤੇ ਦੂਜੇ ਵਿੱਚ ਵਿਸ਼ੇਸ਼ਨ ਰੂਪ:-

 1. ਪਹਿਲਾ , ਇਹ, ਕੁਝ , ਕੋਈ, ਕਈ ।

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home