ਪੰਜਾਬੀ ਅਤੇ ਗੁਰਬਾਣੀ ਵਿਆਕਰਨ- Punjabi and Gurbani Grammar

Akali Singh - ਪੰਜਾਬੀ ਅਤੇ ਗੁਰਬਾਣੀ ਵਿਆਕਰਨ ਦੀ ਮਹੱਤਤਾ – Importance of Punjabi and Gurbani Grammar

ਪੰਜਾਬੀ ਅਤੇ ਗੁਰਬਾਣੀ ਵਿਆਕਰਨ ਦੀ ਮਹੱਤਤਾ – Importance of Punjabi and Gurbani Grammar

ਪੰਜਾਬੀ ਬੋਲੀ ਅਤੇ ਵਿਆਕਰਨ :  ਹਰ ਇੱਕ ਪੰਜਾਬੀ ਲਈ, ਭਾਵੇਂ ਉਹ ਮਰਦ ਹੈ, ਤੀਵੀਂ ਹੈ ਜਾਂ ਬੱਚਾ ਹੈ, ਇੱਕ ਮਾਣ ਦੀ ਗੱਲ ਹੈ ਕਿ ਉਸਦਾ ਪੰਜਾਬੀ ਬੋਲੀ ਨਾਲ ਬੜਾ ਗੂੜ੍ਹਾ ਅਤੇ ਸੱਚਾ ਸੁੱਚਾ ਸੰਬੰਧ ਹੈ ਅਤੇ ਇਹ ਸੰਬੰਧ ਉਤਨਾ ਹੀ ਨੇੜੇ ਦਾ ਅਤੇ ਸੱਚਾ ਸੁੱਚਾ ਹੈ ਜਿਤਨਾ ਉਸਦਾ ਆਪਣੀ ਮਾਂ ਨਾਲ ਸੰਬੰਧ ਹੈ। ਪੰਜਾਬੀ ਮਾਂ-ਬੋਲੀ ਉਤੇ ਹਰ ਪੰਜਾਬੀ ਨੂੰ ਮਾਣ ਹੈ ਜੋ ਇਕ ਸੁਭਾਵਕ ਗੱਲ ਹੈ ।

ਉਹੀ ਕੌਮਾਂ ਸਫਲਤਾ ਦੀ ਸਿੱਖਰ ਉਤੇ ਪਹੁੰਚਦੀਆਂ ਹਨ ਜਿਨ੍ਹਾਂ ਦੀ ਬੋਲੀ ਸਫਲਤਾ ਦੀ ਸਿੱਖਰ ਉਤੇ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਅੰਗ੍ਰੇਜ਼ੀ ਬੋਲੀ ਹੀ ਲੈ ਲਵੋ। ਸਭ ਤੋਂ ਵਧ ਦੇਸ਼ਾਂ ਵਿਚ ਬੋਲੀ ਅਤੇ ਵਰਤੀ ਜਾਂਦੀ ਹੈ ਅਤੇ ਅੰਗਰੇਜ਼ ਕੌਮ ਦੇ ਰਾਜ ਵਿਚ ਸੂਰਜ ਨਹੀ ਸੀ ਡੁਬਦਾ।

ਪੰਜਾਬੀ ਬੋਲੀ ਸਦੀਆਂ ਤੋਂ ਵਿਸ਼ਾਲ ਪੰਜਾਬ ਵਿੱਚ ਬੋਲੀ ਜਾਂਦੀ ਰਹੀ ਹੈ ਅਤੇ ਉੱਪ ਬੋਲੀਆਂ ਦੇ ਰੂਪ ਵਿੱਚ ਵਿਸ਼ਾਲ ਪੰਜਾਬ ਦੇ ਨਾਲ ਲਗਦੇ ਇਲਾਕਿਆਂ ਅਤੇ ਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਰਹੀ ਹੈ। ਕਈ ਖੋਜੀਆਂ ਨੇ ਪੰਜਾਬੀ ਬੋਲੀ ਦਾ ਸੰਬੰਧ ਚੰਗੇਜ਼ ਖਾਂ, ਮਾਰਕੋ ਪੋਲੋ, ਅਤੇ ਮਹਾਤਮਾਂ ਬੁੱਧ ਦੇ ਭਿਕਸ਼ੂਆਂ ਨਾਲ ਵੀ ਲਿਖਿਆ ਹੈ।

ਭਾਰਤ ਵਿੱਚ ਸਾਰੇ ਲੋਕਾਂ ਨੂੰ ਵਿਦਿਆ ਲੈਣ ਦਾ ਹੱਕ ਨਹੀਂ ਸੀ ਅਤੇ ਇਸ ਹੱਕ ਦੀ ਅਦੂਲੀ ਨਾਂ ਕਰਦੇ ਹੋਏ ਸਾਰੇ ਲੋਕ ਪੋਥੀਆਂ (ਕਿਤਾਬਾਂ) ਨਹੀਂ ਸਨ ਪੜ੍ਹ ਸਕਦੇ। ਪਰੰਤੂ ਪੰਜਾਬੀ ਵਿੱਚ ਬੋਲਣ ਦੀ ਕੋਈ ਮਨਾਹੀ ਨਹੀਂ ਸੀ। ਸੰਸਕ੍ਰਿਤ ਭਾਰਤੀਆਂ ਦੀ ਦੈਵੀ ਬੋਲੀ ਸੀ। ਪੜ੍ਹਾਈ ਦੀ ਸਿਖਿਆ ਕੇਵਲ ਬ੍ਰਾਹਮਣ ਹੀ ਦੇ ਸਕਦਾ ਸੀ। ਬ੍ਰਾਹਮਣਾਂ ਅਤੇ ਕੁਝ ਖਤਰੀਆਂ ਦੇ ਸਿਵਾਏ ਹੋਰ ਸਭ੍ਹ ਨੂੰ ਇਸ ਬੋਲੀ ( ਸੰਸਕ੍ਰਿਤ ) ਦੇ ਪੜ੍ਹਨ ਅਤੇ ਸਿੱਖਣ ਦੀ ਸਖਤ ਮਨਾਹੀਂ ਸੀ।

ਭਾਰਤ ਵਿੱਚ ਇੱਕ ਹਜ਼ਾਰ ਸਾਲਾਂ ਤੋਂ ਊਪਰ ਮੁਸਲਮਾਨਾਂ ਦਾ ਰਾਜ ਰਿਹਾ ਹੈ, ਜਿਸ ਸਮੇਂ ਵਿੱਚ ਮੁਸਲਮਾਨਾਂ ਨੇ ਵੀ ਆਪਣੀ ਬੋਲੀ ਫਾਰਸੀ ਅਤੇ ਉਰਦੂ , ਆਪਣਾ ਧਰਮ, ਆਪਣਾ ਸਭਿਆਚਾਰ ਅਤੇ ਆਪਣੇ ਕਾਨੂੰਨਾਂ ਆਦਿ ਨੂੰ ਲੋਕਾਂ ਉਤੇ ਲਾਗੂ ਕੀਤਾ ਸੀ।

ਸ਼ੇਖ ਫਰੀਦ ਜੀ (੧੧੭੩) ਸੂਫੀ ਫਕੀਰ (ਮੁਸਲਮਾਨ) ਸਨ ਜਿਨ੍ਹਾਂ ਦੀ ਸਾਰੀ ਬਾਣੀ ਪੰਜਾਬੀ ਬੋਲੀ ਵਿੱਚ ਹੈ। ਗੁਰੂ ਨਾਨਕ ਦੇਵ ਜੀ ਨੇ ਸ਼ੇਖ ਫਰੀਦ ਜੀ ਦੇ ਚੇਲੇ (ਮੁਰੀਦ) ਕੋਲੋਂ ਇਹ ਬਾਣੀ ਪਾਕਪਟਨ ਤੋਂ ਲਿਆਂਦੀ ਸੀ ਅਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਮਹਾਨ ਕਾਰਜ ਕਰਦਿਆਂ ਹੋਇਆਂ ਇਸ ਬਾਣੀ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਕੇ ਸਾਂਭ੍ਹ ਲਿਆ।

ਪੰਜਾਬੀ ਬੋਲੀ ਆਮ ਲੋਕਾਂ ਵਿੱਚ ਬੋਲੀ ਤਾਂ ਜਾਂਦੀ ਸੀ ਪਰੰਤੂ ਆਮ ਲੋਕ, ਇਸ ਬੋਲੀ ਦੀ ਲਿੱਪੀ ਵਿੱਚ ਲਿਖਣ ਅਤੇ ਇਸ ਬੋਲੀ ਵਿੱਚ ਪੜ੍ਹਾਈ ਕਰਨ ਦੇ ਪਖੋਂ ਅਜੇ ਪਛੜੇ ਹੋਏ ਸਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਇੱਕ ਬਾਣੀ “ ਰਾਗੁ ਆਸਾ ਮਹਲਾ ੧ ਪਟੀ ਲਿਖੀ ” ਵਿੱਚ, ਪੰਜਾਬੀ ਬੋਲੀ ਦੇ ਅਖਰਾਂ ਦੀਆਂ ਧੁਨੀਆਂ (ਭਾਵ ਆਵਾਜ਼ਾਂ) ਨੂੰ ਲਿਖ ਕੇ ਜਨਤਾ ਸਾਹਮਣੇ ਲਿਆਂਦਾ। ਇਹ ਧੁਨੀਆਂ ਫਾਰਸੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਦੇ ਅਖਰਾਂ ਦੀਆਂ ਧੁਨੀਆਂ ਨਾਲੋਂ ਵਖਰੀਆਂ ਹਨ। ਗੁ੍ਰੂ ਅੰਗਦ ਦੇਵ ਜੀ ਨੇ ੧੬ਵੀਂ ਸਦੀ ਵਿੱਚ, ਲਗਾਂ ਮਾਤਰਾਂ, ਸਵੱਰਾਂ ਅਤੇ ਵਿਅੰਜਨਾਂ ਨੂੰ ਤਿਆਰ ਕਰਕੇ ਅਤੇ ਪੰਜਾਬੀ ਬੋਲੀ ਦੇ ਅੱਖਰਾਂ ਦੇ ਵਰਗਾਂ ਨੂੰ ਨਵੀਂ ਤਰਤੀਬ ਦੇ ਕੇ, ਆਪਣੀ ਹਥੀਂ ਛੋਟੇ ਛੋਟੇ ਬਾਲ ਬੋਧ ਲਿਖ ਕੇ ਲੋਕਾਂ ਨੂੰ ਇਸ ਬੋਲੀ ਰਾਹੀਂ ਵਿਦਿਆ ਦੇਣੀ ਸ਼ੁਰੂ ਕੀਤੀ। ਇਹ ਖਿਆਲ ਰਖਦਿਆਂ ਹੋਇਆਂ ਕਿ ਸਿੱਖਾਂ ਵਾਸਤੇ ਗੁਰਬਾਣੀ ਪੜ੍ਹਨਾ ਅਤੇ ਵੀਚਾਰਨਾ ਬਹੁਤ ਮਹੱਤਤਾ ਰਖਦਾ ਹੈ, ਇਸ ਲਈ ਗੁ੍ਰੂ ਅੰਗਦ ਦੇਵ ਜੀ ਨੇ ੧੬ਵੀਂ ਸਦੀ ਵਿੱਚ ਸਿੱਖਾਂ ਨੂੰ ਪੰਜਾਬੀ ਬੋਲੀ ਪੜ੍ਹਾਨ ਵਿੱਚ ਬਹੁਤ ਧਿਆਨ ਦਿੱਤਾ।

ਇਹ ਪਹਿਲਾ ਮੌਕਾ ਸੀ ਜਦੋਂ ਵਿਸ਼ਾਲ ਪੰਜਾਬ ਵਿੱਚ ਜਾਂ ਭਾਰਤ ਵਿੱਚ ਕਿਸੇ ਨੂੰ ਪੰਜਾਬੀ ਬੋਲੀ ਪੜ੍ਹਨ ਦਾ ਮੌਕਾ ਪਰਾਪਤ ਹੋਇਆ ਅਤੇ ਇਹ ਸੀ ਪੰਜਾਬੀ ਲੋਕਾਂ ਦਾ ਪਹਿਲਾ ਮੌਕਾ ਜਦੋਂ ਗੁਰੂ ਅੰਗਦ ਦੇਵ ਜੀ ਨੇ ਸਾਰਿਆਂ ਨੂੰ ਵਿਦਿਆ ਲੈਣ ਦਾ ਹੱਕ ਦਿਤਾ ਅਤੇ ਇਸਦੇ ਪ੍ਰਚਾਰਨ ਅਤੇ ਪ੍ਰਸਾਰਨ ਲਈ ਹੋਕਾ ਹੀ ਨਹੀਂ ਦਿਤਾ ਸਗੋਂ ਗੁਰਮੁਖੀ ਲਿੱਪੀ ਵਿੱਚ ਬਾਲ ਬੋਧ ਲਿਖ ਕੇ ਬੱਚਿਆਂ ਅਤੇ ਹੋਰ ਲੋਕਾਂ ਲਈ ਇਸ ਬੋਲੀ ਦੀ ਪੜ੍ਹਾਈ ਸ਼ੁਰੂ ਕੀਤੀ।

ਪੰਜਾਬੀ ਬੋਲੀ ਨੂੰ ਸਭ੍ਹ ਤੋਂ ਵਡੀ ਦੇਣ ਬਾਣੀ ਰਚਨ ਵਾਲਿਆਂ ਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਾਰੇ ਭਾਰਤ ਦੀਆਂ ਵੱਖ ਵੱਖ ਯਾਤਰਾਵਾਂ ਸਮੇਂ ਸਾਰੇ ਭਗਤਾਂ ਦੀ ਬਾਣੀ ਇਕੱਤਰ ਕੀਤੀ ਸੀ ਜੋ ਗੁਰੂ ਅੰਗਦ ਦੇਵ ਜੀ ਨੂੰ ਗੁਰਤਾਗੱਦੀ ਦੇਣ ਵੇਲੇ ਭੇਂਟ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਭਗਤਾਂ , ਭਟਾਂ , ਬਾਬਾ ਸੁੰਦਰ ਜੀ, ਸਤਾ ਅਤੇ ਬਲਵੰਡ ਵਰਗੇ ਪ੍ਰਮਾਤਮਾ ਨਾਲ ਇਕ ਸੁਰ ਹੋਏ ਸਿਖਾਂ ਦੀ ਬਾਣੀ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਲੜੀ ਵਾਰ, ਗੁਰੂ ਰਾਮਦਾਸ ਜੀ ਤੱਕ, ਸਾਰੀ ਬਾਣੀ (ਪਿਉ ਦਾਦੇ ਦਾ ਖਜ਼ਾਨਾ) ਜੋ ਗੁਰੂ ਅਰਜਨ ਦੇਵ ਜੀ ਨੂੰ ਗੁਰਤਾਗੱਦੀ ਵੇਲੇ, ਗੁਰੂ ਰਾਮਦਾਸ ਜੀ ਵਲੋਂ ਭੇਂਟ ਕੀਤੀ ਗਈ ਸੀ, ਉਸ ਵਿੱਚ ਆਪਣੀ ਲਿਖੀ ਬਾਣੀ ਸਹਿਤ, ਭਾਈ ਗੁਰਦਾਸ ਜੀ ਕੋਲੋਂ ਲਿਖਵਾ ਕੇ ੧੬੦੪ ਈ. ਵਿੱਚ, ਗ੍ਰੰਥ ਤਿਆਰ ਕੀਤਾ, ਜਿਸ ਨੂੰ ਪੋਥੀ ਸਾਹਿਬ ਕਿਹਾ, " ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ( ਪੰਨਾ ੧੨੨6)। ਇਸ ਤਰਾਂ, ਪੋਥੀ ਸਾਹਿਬ ਜੀ ਦੀ ਸੰਪਾਦਨਾ ਕਰ ਦਿੱਤੀ। ਸਿੱਖ ਇਤਹਾਸ ਅਤੇ ਪੰਜਾਬੀ ਬੋਲੀ ਦੇ ਇਤਹਾਸ ਵਿੱਚ ਇਹ ਇੱਕ ਬੜਾ ਵੱਡਾ ਮੀਲ ਪੱਥਰ ਸਾਬਤ ਹੋਇਆ। ਇਸ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ (ਅਨੰਦਪੁਰ) ਵਿਖੇ, ਪੋਥੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਵਲੋਂ ਦਿੱਤੀ ਰਾਗਾਂ ਦੀ ਤਰਤੀਬ ਨੂੰ ਅਪਣਾਉਂਦਿਆਂ ਹੋਇਆਂ, ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਲਿੱਖਕੇ ਇਸ ਪੋਥੀ (ਗ੍ਰੰਥ ) ਨੂੰ ਸੰਪੂਰਨ ਕਰ ਦਿੱਤਾ ਸੀ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਕਿਹਾ ।

ਗੁਰਬਾਣੀ ਵਿਆਕਰਨ ਅਤੇ ਇਸ ਦੀ ਮਹੱਤਤਾ - Gurbani Grammar and its Importance

ਗੁਰੂ ਅਰਜਨ ਦੇਵ ਜੀ ਨੇ ਪੋਥੀ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ, ਪੰਜਾਬੀ ਬੋਲੀ ਨੂੰ ਦੂਜੀ ਵਡੀ ਦੇਣ ਇਹ ਦਿੱਤੀ ਸੀ ਕਿ ਸਾਰੀ ਗੁਰਬਾਣੀ ਨੂੰ ਗੁਰਬਾਣੀ ਦੀ ਵਿਆਕਰਨ ਅਨੁਸਾਰ ਭਾਈ ਗੁਰਦਾਸ ਜੀ ਤੋਂ ਲਿਖਿਵਾਇਆ ਸੀ। ਗੁਰਬਾਣੀ ਵਿਆਕਰਨ ਦੀ ਚੰਗੀ ਜਾਣਕਾਰੀ ਰੱਖਣ ਨਾਲ ਗੁਰਬਾਣੀ ਦੇ ਗੁੱਝੇ ਭੇਦਾਂ ਦੀ ਸਮਝ ਆਉਂਦੀ ਹੈ ਅਤੇ ਗੁਰਬਾਣੀ ਦੀ ਚੰਗੀ ਸਮਝ ਆਉਣ ਨਾਲ ਹੀ ਗੁਰਬਾਣੀ ਗਿਆਨ ਦੇ ਵਡਮੁੱਲੇ ਖਜ਼ਾਨੇ ਦੇ ਭੇਦ ਖੁਲਦੇ ਹਨ, ਜਿਸ ਨਾਲ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਨਾਨਕ ਜੋਤ ਦੇ ਪ੍ਰਕਾਸ਼ਾਂ ਅਤੇ ਹੋਰ ਬਾਣੀ ਰਚਨਾਕਾਰਾਂ ਦੇ ਵਡਮੁੱਲੇ ਬੋਲਾਂ ਦੀ ਸਮਝ ਆਉਂਦੀ ਹੈ। ਗੁਰਬਾਣੀ ਦੇ ਵਾਕ " ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ (ਪੰਨਾ ੧੪੮)" ਅਨੁਸਾਰ ਗੁਰਬਾਣੀ ਸ਼ਬਦ ਨੂੰ ਪੜ੍ਹਨ, ਵਿਚਾਰਨ ਅਤੇ ਸਮਝਣ /ਬੁੱਝਣ ਨਾਲ ਹੀ ਗੁਰਬਾਣੀ ਸਿਧਾਤਾਂ ਦਾ ਪਤਾ ਲਗਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਸਿਧਾਤਾਂ ਨੂੰ ਚੰਗੀ ਤਰਾਂ ਸਮਝਿਆ ਜਾ ਸਕਦਾ ਹੈ।

ਪਿ੍. ਤੇਜਾ ਸਿੰਘ ਜੀ ਅਤੇ ਫਿਰ ਪ੍ਰੌ: ਭਾਈ ਸਾਹਿਬ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਵਲੋਂ ਦਿੱਤੇ ਗੁਰਬਾਣੀ ਵਿਆਕਰਨ ਦੇ ਨਿਯਮਾਂ ਨੂੰ ਗੁਰਬਾਣੀ ਵਿਆਕਰਨ ਦੇ ਰੂਪ ਵਿੱਚ ਪੋਥੀਆਂ ਤਿਆਰ ਕਰਕੇ ਸਿੱਖ ਜਗਤ ਦੇ ਸਾਹਮਣੇ ਲਿਆਂਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਬਾਣੀ ਵਿਆਕਰਨ ਅਨੁਸਾਰ ਦਸ ਭਾਗਾਂ ਵਿੱਚ ‘ਗੁਰਬਾਣੀ ਦਰਪਨ’ ਲਿਖ ਕੇ ਸਿੱਖ ਜਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ। ਗੁਰਬਾਣੀ ਵਿਆਕਰਨ ਦੇ ਬਗੈਰ ਕਈ ਲਿਖਾਰੀ, ਪਰਚਾਰਕ ਅਤੇ ਵਿਆਖਿਆਕਾਰ ਗੁਰਬਾਣੀ ਸ਼ਬਦਾਂ ਦੇ ਕਈ ਕਈ ਅਰਥ ਕਰਦੇ ਸਨ ਜੋ ਠੀਕ ਨਹੀਂ ਸੀ। ਗੁਰਬਾਣੀ ਵਿਆਕਰਨ ਨੇ ਇਸ ਸਾਰੇ ਕੁਝ ਨੂੰ ਠੱਲ ਪਾ ਦਿਤੀ ਹੈ।

੧੭੦੮ ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖਾਂ ਨੂੰ ਇੱਕਠਿਆ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਅਰਦਾਸ ਕੀਤੀ ਅਤੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਈ ਗੁਰਤਾਗੱਦੀ ਦੀ ਰੀਤ ਨੂੰ ਅਪਨਾਉਂਦਿਆਂ ਹੋਇਆਂ, ਸਾਰੇ ਹਾਜ਼ਰ ਸਿੱਖਾਂ ਨੂੰ ਹੁਕਮ ਕੀਤਾ ਕਿ ਅਗੇ ਤੋਂ “ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ॥“ ਅਨੁਸਾਰ, ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸੰਪੂਰਨ ਗੁਰੂ ਹੋਣਗੇ। ਇਸ ਪਿਛੋਂ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਅਗ਼ੇ ਮੱਥਾ ਟੇਕਿਆ ਅਤੇ ਫਿਰ ਹਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਅਗੇ ਮੱਥਾ ਟੇਕਿਆ।

ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰਬਾਣੀ ਵਿਆਕਰਨ ਸਮੇਤ, ਪੰਜਾਬੀ ਬੋਲੀ, ਸਾਹਿਤ ਅਤੇ ਰਾਗ ਨੂੰ ਬਹੁਤ ਵੱਡੀ ਦੇਣ ਹੈ ਅਤੇ ਇਹ ਦੇਣ ਸਦੀਵੀਂ ਰਹੇਗੀ।

ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਉੱਚਾ ਅਤੇ ਸੱਚਾ ਸਤਿਕਾਰ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ (ਪੰਨਾ 982) ਅਨੁਸਾਰ ਸਿੱਖ ਦਾ ਗੁਰੂ " ਸ਼ਬਦ ਗੁਰੂ ਹੈ " ਅਤੇ " ਸ਼ਬਦ ਗੁਰੂ " ਗ੍ਰੰਥ ਸਾਹਿਬ ਵਿੱਚ ਅੰਕਿਤ ਹੈ । ਇਸ ਦੀ ਸਾਂਭ੍ਹ ਸੰਭਾਲ ਕਰਨ ਦੇ ਨਾਲ ਨਾਲ ਇਸਦਾ ਦਾ ਸਭ ਤੋਂ ਉੱਚਾ ਅਤੇ ਅਸਲੀ ਸਤਿਕਾਰ ਇਸ ਨੂੰ ਸੋਹਣੇ ਰੁਮਾਲਿਆਂ ਵਿੱਚ ਸਾਂਭ੍ਹ ਕੇ ਰੱਖਦਿਆਂ ਹੋਇਆਂ " ਸ਼ਬਦ ਗੁਰੂ " ਵਿੱਚ ਅੰਕਿਤ ਬੋਲਾਂ ਨੂੰ ਸ਼ੁਧ ਸਰੂਪ ਵਿੱਚ ਸੰਭਾਲਿਆ ਜਾਵੇ। ਇਸ ਵਿੱਚ ਛਾਪੇਖਾਨਿਆਂ ਵਲੋਂ ਹੋਈਆਂ ਉਕਤਾਈਆਂ ਨੂੰ ਪੂਰੀ ਜ਼ੁਮੇਵਾਰੀ ਨਾਲ ਠੀਕ ਕੀਤਾ ਜਾਵੇ; ਕਿਉਂਕਿ ਇਸ ਬਾਣੀ ਨੂੰ ' ਸੱਚ ' ਅਤੇ ' ਨਿਰੰਕਾਰ ' ਦਾ ਮਾਨ ਪ੍ਰਾਪਤ ਹੈ ਅਤੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਸਾਰੀ ਗੁਰੂ ਗ੍ਰੰਥ ਸਾਹਬ ਦੀ ਬਾਣੀ ਨੂੰ ' ਸਤਿ ਸਤਿ ਕਰ ਕੇ ਜਾਣੀਏ; ਜਿਵੇਂ :-

 • ਵਾਹੁ ਵਾਹੁ ਬਾਣੀ ਨਿਰੰਕਾਰ ਹੈ    ਤਿਸੁ ਜੇਵਡੁ  ਅਵਰੁ ਨ ਕੋਇ ॥ (ਪੰਨਾ ੫੧੫)

 • ਵਾਹੁ ਵਾਹੁ ਬਾਣੀ ਸਚੁ ਹੈ  ਸਚਿ ਮਿਲਾਵਾ ਹੋਇ ॥ (ਪੰਨਾ ੫੧੪)

 • ਵਾਹੁ ਵਾਹੁ ਬਾਣੀ ਸਤਿ ਹੈ  ਗੁਰਮੁਖਿ ਬੂਝੈ ਕੋਇ ॥ (ਪੰਨਾ ੧੨੭੬)

 • ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ  ਗੁਰਬਾਣੀ ਬਣੀਐ ॥ (ਪੰਨਾ ੩੦੪)

 • ਸਤਿਗੁਰ ਕੀ ਬਾਣੀ  ਸਤਿ ਸਤਿ ਕਰਿ ਜਾਣਹੁ  ਗੁਰਸਿਖਹੁ   ਹਰਿ ਕਰਤਾ ਆਪਿ   ਮੁਹਹੁ ਕਢਾਏ ॥

 • ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ  ਗੁਰ ਕਾ ਜੈਕਾਰੁ  ਸੰਸਾਰਿ ਸਭਤੁ ਕਰਾਏ ॥ (ਪੰਨਾ ੩੦੮)

  ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਦਾ ਕੰਮ ਕਹਿਣ ਨੂੰ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਹੈ, ਪਰੰਤੂ ਚੀਫ ਖਾਲਸਾ ਦਿਵਾਨ ਵਲੋਂ ਅਤੇ ਇਸ ਪਿੱਛੋਂ ਪੰਜਾਬ ਸਰਕਾਰ ਵਲੋਂ ਹੋਰ ਪ੍ਰਕਾਸ਼ਕਾਂ ਨੂੰ ਖ਼ੁਸ਼ ਰੱਖਣ ਦੀ ਖ਼ਾਤਰ, ਇਹ ਕੰਮ ਵਾਪਾਰੀ ਪ੍ਰਕਾਸ਼ਕਾਂ ਕੋਲੋਂ ਵੀ ਕਰਵਾਇਆ ਜਾਂਦਾ ਰਿਹਾ ਹੈ। ਇਨ੍ਹਾਂ ਪ੍ਰਕਾਸ਼ਕਾਂ ਵਲੋਂ ਪੂਰੀ ਜ਼ੁਮੇਵਾਰੀ ਨਾਲ ਸੰਪਾਦਨਾ ਨਾ ਕਰਨ ਕਾਰਨ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਲਗਾਂ, ਮਾਤ੍ਰਾਂ ਅਤੇ ਮੰਗਲਾਚਰਨਾਂ ਵਿਚ ਕਈ ਉਕਤਾਈਆਂ ਹੋ ਗਈਆਂ ਹਨ। ਇਸ ਬਾਰੇ ਪ੍ਰਿੰਸੀਪਲ ਭਾਈ ਜੋਧ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਜੀ ਵਲੋਂ ਦਿੱਤੀ ਚਿਤਾਵਨੀ (ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ ਭਾਗ 2, ਦੂਜੀ ਵਾਰ ਛਪੀ 1996 ਪੰਨਾ 74 ਅਤੇ 75) ਨੂੰ ਪੜ੍ਹਨ ਤੋਂ ਪਤਾ ਚਲਦਾ ਹੈ। ਇਸ ਲਈ ਸਮੂਹ ਸਿੱਖ ਜਗਤ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਵੇਲੇ ਜੋ ਉਕਤਾਈਆਂ ਹੋ ਰਹੀਆਂ ਹਨ ਉਸ ਪ੍ਰਤੀ ਧਿਆਨ ਦੇਣ ਦੀ ਬੜੀ ਜ਼ਰੂਰਤ ਹੈ। ਇਸ ਮਹਾਨ ਕੰਮ ਲਈ ਕੋਈ ਇਕ ਜ਼ੁਮੇਵਾਰ (Accountabilty) ਨਾ ਹੋਣ ਕਰਕੇ, ਲਗਾਂ, ਮਾਤਰਾਂ ਅਤੇ ਜੁੜਵੇਂ ਸ਼ਬਦਾਂ ਦੇ ਪਦ ਛੇਦ ਕਰਨ ਵਿੱਚ ਬੜਾ ਰਲ ਗੱਡ ਕੀਤਾ ਜਾ ਰਿਹਾ ਹੈ, ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸਰੂਪਾਂ ਵਿੱਚ ਫ਼ਰਕ ਆਈ ਜਾ ਰਿਹਾ ਹੈ ਅਤੇ ਅਰਥ ਕਰਨ ਵੇਲੇ ਵੀ ਠੀਕ ਅਰਥ ਨਹੀਂ ਹੋਣਗੇ। ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਉੱਚਾ ਅਤੇ ਸੱਚਾ ਸਤਿਕਾਰ ਇਸੇ ਵਿੱਚ ਹੈ ਕਿ ਸਾਰੇ ਬਾਣੀ ਰਚਨਾਕਾਰਾਂ ਦੇ ਬੋਲਾਂ ਨੂੰ ਉਸੇ ਸਰੂਪ ਵਿੱਚ ਸਾਂਭ੍ਹਿਆ ਜਾਵੇ ਜਿਸ ਵਿੱਚ ਗੁ੍ਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਪਾਦਤ ਕੀਤੇ ਸਨ।

  ਇਸ ਸ਼ੁਭ ਕਾਰਜ ਲਈ SGPC ਵਲੋਂ , ਅਖੰਡ ਕੀਰਤਨੀ ਜਥੇ ਵਲੋਂ ਅਤੇ ਭਿੰਡਰਾਂਵਾਲਿਆਂ ਵਲੋਂ ਛਪਾਈਆਂ " ਲਗਾਂ ਮਾਤਰਾਂ ਦੇ ਭੇਦ " ਪੁਸਤਕਾਂ ਲੈ ਕੇ ਅਤੇ ਕੁਝ ਗੁਰਬਾਣੀ ਅਤੇ ਗੁਰਬਾਣੀ ਵਿਆਕਰਨ ਦੇ ਮਾਹਰ ਵਿਦਿਵਾਨਾਂ ਦੀ ਸਹਾਇਤਾ ਨਾਲ ਇਸ ਕੰਮ ਨੂੰ ਸੁਚੱਜੇ ਤਰੀਕੇ ਨਾਲ ਨਜਿੱਠਿਆ ਜਾਵੇ। ਉਸ ਪਿਛੋਂ ਛਾਪਕਾਂ ਕੋਲੋਂ ਪੂਰੀ ਨਿਗਰਾਨੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਾਏ ਜਾਇਆ ਕਰਨ।

  ਗੁਰਬਾਣੀ ਵਿਆਕਰਨ ਦੇ ਲਗ/ਮਾਤਰੀ ਨਿਯਮਾਂ ਬਾਰੇ ਕੁਝ ਵੀਚਾਰ :-

  ਹਰ ਇਕ ਸਿੱਖ ਲਈ, ਜੋ ਗੁਰਬਾਣੀ ਪੜ੍ਹਨੀ ਜਾਣਦਾ ਹੈ (ਸਮੇਤ ਰਾਗੀ, ਢਾਡੀ, ਪ੍ਰਚਾਰਕ, ਗ੍ਰੰਥੀ ਆਦਿ ਦੇ), ਇਹ ਬਹੁਤ ਜ਼ਰੂਰੀ ਹੈ ਕਿ ਉਹ ਗੁਰਬਾਣੀ ਦੀ ਵਿਆਕਰਨ ਤੋਂ ਜਾਣੂ ਹੋਵੇ । ਗੁਰਬਾਣੀ ਪੜ੍ਹਨ ਵੇਲੇ ਕਾਹਲੀ ਨਾ ਕਰੇ ਅਤੇ ਠੀਕ ਉਚਾਰਨ ਕਰੇ ; ਨਹੀਂ ਤਾਂ ਅਸ਼ੁੱਧ ਬਾਣੀ ਉਚਾਰਨ ਨਾਲ ਆਪਣੇ ਆਪ ਨੂੰ ਵੀ ਅਤੇ ਸੁਣਨ ਵਾਲੇ ਨੂੰ ਵੀ ਬਾਣੀ ਦਾ ਅਸ਼ੁੱਧ ਉਚਾਰਨ ਹੀ ਸੁਣੇਗਾ ਅਤੇ ਉਸਦੇ ਅਰਥ ਅਤੇ ਭਾਵ ਵੀ ਠੀਕ ਨਹੀਂ ਹੋਣਗੇ। ਇਹੀ ਕਾਰਨ ਹਨ ਕਿ ਗੁਰਬਾਣੀ ਪੜ੍ਹੀ, ਸੁਣੀ , ਗਾਈ ਅਤੇ ਪ੍ਰਚਾਰੀ ਤਾਂ ਬਹੁਤ ਜਾਂਦੀ ਹੈ ਪਰੰਤੂ ਸਾਨੂੰ ਸਮਝ ਨਹੀਂ ਕਿ ਇਸਦੇ ਅਰਥ ਕੀਹ ਹਨ ਅਤੇ ਇਹ ਇਸ ਤਰਾਂ ਹੀ ਹੈ ਕਿ ਪਾਠ, ਕੀਰਤਨ ਅਤੇ ਪ੍ਰਚਾਰ ਤਾਂ ਬਹੁਤ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਇਹ ਹੇਠ ਲਿਖੇ ਸ਼ਬਦ ਅਨੁਸਾਰ

   ਸੋਰਠਿ ਮਹਲਾ ੫ ॥

  • ਕੋਟਿ ਬ੍ਰਹਮੰਡ ਕੋ , ਠਾਕੁਰ ਸੁਆਮੀ, ਸਰਬ ਜੀਆ ਕਾ , ਦਾਤਾ ਰੇ॥

  • ਪ੍ਰਤਿਪਾਲੈ , ਨਿਤ ਸਾਰਿ ਸਮਾਲੈ, ਇਕੁ ਗੁਨੁ ਨਹੀ, ਮੂਰਖਿ ਜਾਤਾ ਰੇ ॥੧॥

  • ਹਰਿ ਆਰਾਧਿ, ਨ ਜਾਨਾ ਰੇ ॥

  • ਹਰਿ ਹਰਿ , ਗੁਰੁ ਗੁਰੁ , ਕਰਤਾ ਰੇ ॥ (ਪੰਨਾ ੬੧੨ ) ਵਾਲੀ ਗੱਲ ਹੀ ਹੋਵੇਗੀ।

   ਊਪਰਲੀਆਂ ਗੁਰਬਾਣੀ ਦੀਆਂ ਪੰਗਤੀਆਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਨਿਰਾ ਹਰਿ ਹਰਿ , ਗੁਰੁ ਗੁਰੁ , ਕਰਤਾ ਰੇ ॥ (ਪੰਨਾ ੬੧੨ ), ਹੀ ਨਹੀ ਕਰਦੇ ਰਹਿਣਾ, ਸਗੋਂ ' ਹਰਿ ਹਰਿ , ਗੁਰੁ ਗੁਰੁ ' ਕਰਦਿਆਂ ਹੋਇਆਂ ਨਾਲ ਨਾਲ ਗੁਰਬਾਣੀ ਸ਼ਬਦ ਦੀ ਵੀਚਾਰ ਕਰਨੀ, ਇਸ ਨੂੰ ਸਮਝਣਾ, ਇਸ ਵਿੱਚੋਂ ਸਿੱਖੇ ਗੁਣਾਂ ਅਨੁਸਾਰੀ ਜੀਵਨ ਬਤੀਤ ਕਰਨ ਨਾਲ ਹੀ ਜੀਵਨ ਸਫ਼ਲ ਹੋਵੇਗਾ ਅਤੇ ' ਹਰਿ ਹਰਿ , ਗੁਰੁ ਗੁਰੁ ' ਕੀਤਾ ਸਾਰਥਕ ਹੋਵੇਗਾ।

   ਇਸ ਲਈ, ਗੁਰਬਾਣੀ ਵਿੱਚ ਸ਼ਰਧਾ ਰੱਖਣ ਵਾਲੇ ਅਤੇ ਗੁਰਬਾਣੀ ਦਾ ਸੱਚਾ ਸਤਿਕਾਰ ਕਰਨ ਵਾਲੇ ਸਮੂਹ ਸਿੱਖਾਂ ਲਈ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਜਿੰਨਾ ਛੇਤੀ ਹੋ ਸਕੇ, ਹਰ ਸੰਭਵ ਉੱਦਮ ਕਰ ਕੇ:-

  • ਗੁਰਬਾਣੀ ਦਾ ਠੀਕ ਉਚਾਰਨ ਕਰਨਾ ਸਿੱਖਿਆ ਜਾਵੇ;

  • ਗੁਰਬਾਣੀ ਪੜ੍ਹਨ ਵੇਲੇ ਅਰਧ ਵਿਸ਼ਰਾਮ ਅਤੇ ਪੂਰਨ ਵਿਸ਼ਰਾਮ ਲਗਾਣ ਬਾਰੇ ਸਿੱਖਿਆ ਜਾਵੇ ; ਅਤੇ

  • ਹਰ ਸਿੱਖ ਗੁਰਬਾਣੀ ਦੇ ਠੀਕ ਅਰਥ ਜਾਨਣ ਲਈ ਹਰ ਸੰਭਵ ਉੱਦਮ ਕਰੇ ।

   ਇਨ੍ਹਾਂ ਗੱਲਾਂ ਵਲ ਧਿਆਨ ਦੇਣ ਨਾਲ ਹੀ ਅਸੀਂ ਗੁਰਬਾਣੀ ਦੇ ਸਮੂਹ ਰਚਨਹਾਰਿਆਂ ਵਲੋਂ ਗੁਰਬਾਣੀ ਰਾਹੀਂ ਹਰ ਇਕ ਪ੍ਰਾਣੀ ਮਾਤਰ ਨੂੰ ਦਿੱਤੀ ਸਿੱਖਿਆ ਸਮਝ ਸਕਾਂਗੇ ਅਤੇ ਬਿਬੇਕ ਬੁਧੀ ਦੇ ਧਾਰਨੀ ਬਣਾਂਗੇ, ਜਿਸ ਨਾਲ:

  • ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ॥

  • ਅਕਲੀ ਪੜ੍ਹ ਕੈ ਬੁਝੀਐ, ਅਕਲੀ ਕੀਚੈ ਦਾਨ॥

  • ਨਾਨਕੁ ਆਖੈ   ਰਾਹੁ ਏਹੁ, ਹੋਰਿ ਗਲਾਂ ਸ਼ੈਤਾਨ ॥    ਦਾ ਮਹੱਤਵ ਬੁੱਝ ਸਕਾਂਗੇ; ਕਿਉਂਕਿ

  • ਪੜਿਐ ਨਾਹੀ ਭੇਦੁ, ਬੁਝਿਐ ਪਾਵਣਾ ॥ (ਪੰਨਾ 148) ; ਬਿੰਦੀ ਸਹਿਤ 'ਪੜਿਐਂ ' ਹੀ ਉਚਾਰਨ ਠੀਕ ਹੈ।

   ਪੰਜਾਬੀ ਬੋਲੀ ਨੂੰ ਸਮੇਂ ਦਾ ਹਾਣੀ ਬਣਾਈ ਰੱਖਣਾ ਅਤੇ ਇਸ ਦੀ ਜ਼ੁਮੇਵਾਰੀ

   ਪੰਜਾਬੀ ਬੋਲੀ ਨੂੰ ਸਮੇਂ ਦਾ ਹਾਣੀ ਬਣਾਈ ਰੱਖਣਾ ਅਤੇ ਇਸ ਦੀ ਜ਼ੁਮੇਵਾਰੀ ਸਾਰੇ ਪੰਜਾਬੀਆਂ ਦੀ ਹੈ ਭਾਂਵੇ ਉਹ ਪੰਜਾਬ ਵਿੱਚ ਵੱਸਦੇ ਹਨ ਜਾਂ ਪੰਜਾਬ ਤੋਂ ਬਾਹਰ ਸਾਰੀ ਲੋਕਾਈ ਵਿੱਚ ਕਿਤੇ ਵੀ ਵੱਸਦੇ ਹਨ । ਹਰੇਕ ਪੰਜਾਬੀ ਲਈ ਬਹੁਤ ਹੀ ਜ਼ਰੂਰੀ ਹੈ ਕਿ ਉਹ ਇਸ ਜ਼ੁਮੇਵਾਰੀ ਨੂੰ ਜਾਣੇ, ਸਮਝੇ ਅਤੇ ਆਪਣੇ ਪਰਿਵਾਰ ਵਿੱਚ ਆਪ ਵੱਧ ਤੋਂ ਵੱਧ ਪੰਜਾਬੀ ਪੜ੍ਹਨ, ਬੱਚਿਆਂ ਨੂੰ ਪੜ੍ਹਾਨ ਅਤੇ ਪੰਜਾਬੀ ਬੋਲਣ ਲਈ ਯਤਨਸ਼ੀਲ ਰਹੇ ਅਤੇ ਹੋਰਨਾਂ ਨਾਲ ਵੀ ਪੰਜਾਬੀ ਬੋਲੀ ਵਿੱਚ ਬੋਲਣ ਨੂੰ ਮਹੱਤਤਾ ਦੇਵੇ ਅਤੇ ਪੰਜਾਬੀ ਦੀਆਂ ਚੰਗੀ ਕਿਤਾਬਾਂ ਪੜ੍ਹੇ । ਚੰਗੀ ਤਰ੍ਹਾਂ ਪੰਜਾਬੀ ਬੋਲੀ ਨੂੰ ਜਾਨਣ ਤੋਂ ਬਗੈਰ ਅਸੀਂ ਗੁਰੂ ਸਾਹਿਬ ਅਤੇ ਬਾਣੀ ਦੇ ਹੋਰ ਰਚਨਾਕਾਰਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਬੋਲਾਂ ਨੂੰ ਸਮਝਣਾ ਤਾਂ ਕਿਤੇ ਰਿਹਾ ਪੜ੍ਹ ਵੀ ਨਹੀਂ ਸਕਾਂਗੇ।

   ਬੋਲੀ ਦਾ ਲੋਕ ਸਭਿਆਚਾਰ ਨਾਲ ਬੜਾ ਡੂੰਘਾ ਸੰਬੰਧ ਹੁੰਦਾ ਹੈ। ਇਸ ਲਈ ਚੰਗੀ ਤਰ੍ਹਾਂ ਪੰਜਾਬੀ ਬੋਲੀ ਨੂੰ ਜਾਨਣ ਤੋਂ ਬਗੈਰ, ਅਸੀਂ ਆਪਣੇ ਅਸਲੀ ਸਭਿਆਚਾਰ ਅਤੇ ਗੁਰਬਾਣੀ ਤੋਂ ਵੀ ਦੂਰ ਹੋ ਜਾਵਾਂਗੇ।

   ਪੰਜਾਬੀ ਬੋਲੀ ਨੂੰ ਸਮੇਂ ਦਾ ਹਾਣੀ ਬਣਾਈ ਰੱਖਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਲੋਂ ਬੜਾ ਉੱਦਮ ਹੋ ਰਿਹਾ ਹੈ ਅਤੇ ਇਸ ਉੱਦਮ ਸਦਕਾ ਪੰਜਾਬੀ ਦਾ ਵਰਡ ਪਰੌਸੈੱਸਰ ਤਿਆਰ ਕੀਤਾ ਗਿਆ ਹੈ ਜਿਸਦਾ ਨਾਂ "ਅੱਖਰ" ਹੈ। ਇਸਦੇ ਨਾਲ ਹੀ ਪੰਜਾਬੀ ਬੋਲੀ ਦਾ ਸਕੈਨਿੰਗ ਸਾਫਟਵੇਅਰ ਵੀ ਤਿਆਰ ਕੀਤਾ ਗਿਆ ਹੈ ਜਿਸ ਦੀ ਵਰਤੋਂ ਕਰਨ ਨਾਲ ਪਹਿਲੀਆਂ ਲਿਖਤਾਂ ਨੂੰ ਸਕੈਨ ਕਰਕੇ ਕੰਪਿਊਟਰੀ ਕਰਨ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਨਸਲਰ ਡਾ: ਜਸਪਾਲ ਸਿੰਘ ਜੀ ਨੇ ੨੦੧੧ ਦੀ ਵੈਨਕੂਵਰ ਫੇਰੀ ਵੇਲੇ ਇੱਕ ਇਕੱਠ ਵਿੱਚ ਦੱਸਿਆ ਸੀ ਕਿ ਪੰਜਾਬੀ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਲਿਖਤਾਂ ਦਾ ਕੰਪਿਊਟਰੀਕਰਨ ਹੋ ਗਿਆ ਹੈ ਅਤੇ ਬਾਕੀ ਰਹਿੰਦਾ ਵੀ ਛੇਤੀ ਪੂਰਾ ਕੀਤੇ ਜਾਣ ਦੀ ਆਸ ਹੈ।

   ਇੱਕ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਓਪਨ ਸੋਰਸ ਟੀਮ (Punjabi Open Source Team) ਨੇ ਜਿਸ ਵਿੱਚ ਅਰਵਿੰਦਰ ਸਿੰਘ ਕੰਗ ਜੋ ਮਿਸਸਿੱਪੀ ਯੂਨੀਵਰਸਿਟੀ ਦੇ ਹਨ ਅਤੇ ਅਮਨਪਰੀਤ ਸਿੰਘ ਬਰਾਰ ਨੇ ਜੋ ਰੈੱਡ ਹੈਟ ਇੰਕ., ਓਪਨ ਸੋਰਸ ਟੀਮ ਜੋ ਸਤਲੁਜ ਪਰੌਜੈਕਟ ਦੇ ਹੇਠਾਂ ਕੰਮ ਕਰ ਰਹੇ ਹਨ, ਫੈਡੋਰਾ ਲਿਨਕਸ ਅਤੇ ਫਾਇਰ ਫੌਕਸ ਦਾ ਬਰਾਊਜ਼ਰ ਤਿਆਰ ਕੀਤਾ ਹੈ ਜੋ ਦੋਨੋਂ ਹੀ ਪੰਜਾਬੀ ਵਿੱਚ ਹਨ।" Arvinder Singh Kang of the University of Mississippi and Amanpreet Singh Brar of Red Hat Inc., both working with Punjabi OPen Source Team on Project Satluj ਨੇ " Fedora Linux running in Punjabi interface and "Firefox browser in Punjabi" ਤਿਆਰ ਕੀਤਾ ਹੈ। ਸਮੂਹ ਪੰਜਾਬੀ ਸਾਫਟਵੇਅਰ ਤਿਆਰ ਕਰਨ ਵਾਲਿਆਂ ਲਈ ਬੜਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸਾਫਟਵੇਅਰ ਦੀ ਵਰਤੋਂ ਕਰਨ ਜੋ ਬਗੈਰ ਕੋਈ ਖਰਚ ਕਰਨ ਦੇ ਮਿਲ ਸਕਦਾ ਹੈ। ਇਸ ਨਾਲ ਅਰਵਿੰਦਰ ਸਿੰਘ ਕੰਗ ਅਤੇ ਅਮਨਪਰੀਤ ਸਿੰਘ ਬਰਾਰ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਇਸ ਖੇਤਰ ਵਿੱਚ ਹੋਰ ਹਿੱਸਾ ਪਾ ਸਕਣਗੇ।

   Back to prevoius page

Akali Singh Services and History | Sikhism | Sikh Youth Camp Programs | Punjabi and Gurbani Grammar | Home