ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਲੋੜ ਅਤੇ ਮਹੱਤਤਾ ਬਾਰੇ ਜਾਨਣ ਤੋਂ ਪਹਿਲਾਂ ਕੁਝ ਮਹੱਤਵ ਪੂਰਨ ਜਾਣਕਾਰੀ :-

ਗੁਰਬਾਣੀ ਵਿੱਚ ਲਗ-ਮਾਤਰੀ ਨਿਯਮਾਵਲੀ

ਗੁਰਮਤਿ ਪ੍ਰਕਾਸ਼,   ਵਲੋਂ:- ਗਿਆਨੀ ਜੋਗਿੰਦਰ ਸਿੰਘ     

ਗੁਰਬਾਣੀ ਵਿੱਚ ਗੁਰੂ- ਸ਼ਬਦ ਦਾ ਅੰਤ੍ਰੀਵ ਗਿਆਨ ਅਦਭੁੱਤ ਹੈ। ਪਰ ਇਸ ਦਾ ਪ੍ਰਗਟ-ਰੂਪ ਵੀ ਵਿਸਮਾਦ-ਜਨਕ ਹੈ। ਇਸ ਲੇਖ ਦੀ ਵੀਚਾਰ ਦਾ ਵਿਸ਼ਾ ਗੁਰੂ-ਸ਼ਬਦ ਦੇ ਪ੍ਰਗਟ-ਰੂਪ ਅਤੇ ਵਿਸ਼ੇਸ਼ ਕਰਕੇ ਗੁਰਬਾਣੀ ਦੀਆਂ ਲਗ-ਮਾਤਰਾਂ ਦੇ ਬੱਝਵੇਂ ਰੂਪ ਅਤੇ ਇਨ੍ਹਾਂ ਅੰਦਰ ਲੁਪਤ ਭੇਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ।

ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਕ-ਇਕ ਸ਼ਬਦ (Word)) ਦੇ ਵੱਖ-ਵੱਖ ਰੂਪਾਂ ਵਿੱਚ ਦਰਸ਼ਨ ਹੁੰਦੇ ਹਨ। ਕਈ ਥਾਵੇਂ ਇੱਕੋ ਪੰਗਤੀ ਵਿੱਚ ਹੀ ਇੱਕੋ ਸ਼ਬਦ ਵੱਖ-ਵੱਖ ਰੂਪਾਂ ਵਿੱਚ ਆਉਂਦਾ ਹੈ:

- ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ॥ (ਪੰਨਾ 545) (ਉਦਕੁ- ਪਾਣੀ (ਇਕ-ਵਚਨੀ ਰੂਪ); ਉਦਕਿ- ਪਾਣੀ ਵਿੱਚ)

- ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ॥ (ਪੰਨਾ 548) (ਜਗੁ- ਜਗਤ ; ਜਗਿ- ਜਗਤ ਨੇ ਜਾਂ ਜਗਤ ਵਿੱਚ)

- ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ॥ (ਪੰਨਾ 644) (ਗੁਰਿ- ਗੁਰੂ ਨੇ; ਗੁਰ (ਸੇਵਾ) ਗੁਰੂ ਦੀ ਸੇਵਾ)

ਉਪਰੋਕਤ ਪੰਗਤੀਆਂ ਦੇ ਗਹੁ ਨਾਲ ਪੜ੍ਹਨ ਅਤੇ ਵੀਚਾਰ ਕਰਨ ’ਤੇ ਇਹ ਪ੍ਰਤੀਤ ਹੋ ਜਾਂਦੀ ਹੈ ਕਿ ਇੱਕੋ ਸ਼ਬਦ ਨੂੰ ਵੱਖ-ਵੱਖ ਲਗਾਂ ਲੱਗਣ ਨਾਲ ਉਸ ਦੇ ਅਰਥਾਂ ਵਿੱਚ ਤਬਦੀਲੀ ਆ ਜਾਂਦੀ ਹੈ। ਇਕ-ਇਕ ਲਗ ਵਿੱਚ ਕਈ-ਕਈ ਸੰਬੰਧਕੀ-ਪਦ ਲੁਪਤ ( ਸੰਮਿਲਤ) ਹਨ।

ਇਸ ਕਥਨ ਦੀ ਸਪੱਸ਼ਟਤਾ ਲਈ ‘ਗੁਰ’ ਸ਼ਬਦ ਦੇ ਬਦਲਵੇਂ ਰੂਪਾਂ ਵਿੱਚ ਬਦਲਵੇਂ ਅਰਥਾਂ ਸਬੰਧੀ ਵੀਚਾਰ ਕਰਦੇ ਹਾਂ:-

1. ਗੁਰਬਾਣੀ ਵਿਆਕਰਨ ਦੀ ਲੋੜ ਅਤੇ ਮਹੱਤਤਾ :

(ੳ). ਗੁਰਬਾਣੀ ਵਿਆਕਰਨ ਦੀ ਲੋੜ

ਕੁਝ ਕੁ ਸ਼ਰਧਾਲੂ ਵੀਰਾਂ ਦਾ ਵੀਚਾਰ ਹੈ ਕਿ ਗੁਰਬਾਣੀ ਦੀ ਲਿਖਾਈ ਸੁਤੰਤਰ ਹੈ ਅਤੇ ਕਿਸੇ ਨਿਯਮ ਦੇ ਅਧੀਨ ਨਹੀਂ। ਉਨ੍ਹਾਂ ਦਾ ਗੁਰਬਾਣੀ ਪ੍ਰਤੀ ਸਤਿਕਾਰ ਅਤੇ ਸ਼ਰਧਾ ਮੁਬਾਰਿਕ ਹੈ ਪਰ ਗੁਰਬਾਣੀ ਦੀ ਲਿਖਾਈ ਦਾ ਨਿਯਮ -ਪੂਰਵਕ ਹੋਣਾ ਗੁਰਬਾਣੀ ਦੀ ਗੌਰਵਤਾ ਨੂੰ ਹਰਗਿਜ਼ ਨਹੀਂ ਘਟਾਉਂਦਾ, ਸਗੋਂ ਵਧਾਉਂਦਾ ਹੈ।

ਗੁਰਬਾਣੀ ਦੇ ਦੋ ਰੂਪ ਹਨ:- ਭਾਵਾਤਮਿਕ ਅਤੇ ਵਰਣਾਤਮਿਕ।

ਗੁਰਬਾਣੀ ਦਾ ਭਾਵਾਤਮਿਕ ਰੂਪ ਗੁਪਤ ਹੈ, ਅਗਾਧ ਅਤੇ ਅਗੋਚਰ ਹੈ। ਇਹ ਧੁਰ ਕੀ ਬਾਣੀ ਹੈ ਜਿਸ ਦਾ ਆਧਾਰ ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਵੱਲੋਂ ਵਰੋਸਾਏ ਹੋਏ ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਗੁਰੂ ਘਰ ਦੇ ਅਨਿੰਨ ਗੁਰਸਿੱਖਾਂ ਦੇ ਨਿੱਜੀ ਅਨੁਭਵ ਉੱਤੇ ਆਧਾਰਿਤ ਹੈ। ਸੋ ਗੁਰਬਾਣੀ ਦਾ ਭਾਵਾਤਮਿਕ ਰੂਪ ਬਿਲਕੁਲ ਮੌਲਿਕ ਅਤੇ ਸੁਤੰਤਰ ਹੈ।

ਗੁਰਬਾਣੀ ਦਾ ਵਰਣਾਤਮਿਕ ਰੂਪ ਪ੍ਰਗਟ ਹੈ ਅਤੇ ਇਸ ਦਾ ਸੰਬੰਧ ਗੁਰਬਾਣੀ ਦੀ ਲਿਖਣ-ਤਕਨੀਕ ਨਾਲ ਹੈ। ਇਹ ਤਕਨੀਕ ਬੱਝਵੇਂ ਨੇਮਾਂ ਅਨੁਸਾਰ ਹੈ ਅਤੇ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਹ ‘ਬੱਝਵੇਂ’ ਨੇਮ, ਕਿਸੇ ਹੋਰ ਬੋਲੀ ਜਾਂ ਮਨੁੱਖ ਦੇ ਬਣਾਏ ਵਿਆਕਰਨ ਦੇ ਅਧੀਨ ਨਹੀਂ, ਸਗੋਂ ਸੁਤੰਤਰ ਹਨ। ਇਹ ਨੇਮ ਆਪਣੇ ਆਪ ਵਿੱਚ ਵਿਲੱਖਣ ਹਨ ਅਤੇ ਇਨ੍ਹਾਂ ਦੇ ਨਿਰਮਾਤਾ ਗੁਰੂ ਸਾਹਿਬਾਨ ਆਪ ਹੀ ਹਨ। ਰੱਬੀ ਗਿਆਨ ਨੂੰ ਸਾਧਾਰਨ ਜਗਿਆਸੂਆਂ ਉੱਤੇ ਆਸ਼ਕਾਰਾ (ਪ੍ਰਗਟ) ਕਰਨ ਲਈ ਇਹ ਸੁਜਾਨ ਸਤਿਗੁਰਾਂ ਦੀ ਮਹਾਨ ਦੇਣ ਹਨ। ਇਨ੍ਹਾਂ ਦੀ ਹੋਂਦ ਤੋਂ ਇਨਕਾਰ ਕਰਨਾ ਸੱਚ ਅੱਗੇ ਅੱਖਾਂ ਮੀਟਣ ਦੇ ਤੁਲ ਹੈ। ਲੋੜ ਹੈ ਇਨ੍ਹਾਂ ਨਿਯਮਾਂ ਨੂੰ ਸਮਝਣ ਦੀ ਅਤੇ ਸਮਝ ਕੇ ਸਿੱਖ ਸੰਗਤਾਂ ਵਿੱਚ ਪ੍ਰਚਾਰਨ ਦੀ, ਤਾਂ ਜੋ ਗੁਰਬਾਣੀ ਦੇ ਗੁਹਜ ਅਤੇ ਅਮੁੱਲੇ ਭਾਵ ਸਹੀ ਰੂਪ ਵਿੱਚ ਸਮਝੇ ਜਾ ਸਕਣ।

ਇੱਥੇ ਇਹ ਗੱਲ ਸਪਸ਼ਟ ਕਰਨੀ ਬਹੁਤ ਜ਼ਰੂਰੀ ਹੈ ਕਿ ਭਾਵੇਂ ਕਿਸੇ ਭਾਸ਼ਾ ਵਿੱਚ ਬੋਲਣਾ ਹੋਵੇ ਜਾਂ ਬੋਲੇ ਸ਼ਬਦਾਂ ਨੂੰ ਅੱਖਰੀ ਰੂਪ ਦੇਣਾ ਹੋਵੇ, ਉਸ ਲਈ ਭਾਸ਼ਾ ਵਿਗਿਆਨੀਆਂ ਵੱਲੋਂ ਕੁਝ ਨਿਯਮ ਤੈਅ ਕੀਤੇ ਜਾਂਦੇ ਹਨ। ਇਨ੍ਹਾਂ ਨਿਯਮਾਂ ਨੂੰ ਹੀ ‘ਵਿਆਕਰਨ’ ਦਾ ਨਾਮ ਦਿੱਤਾ ਜਾਂਦਾ ਹੈ। ਸਮੱਗਰ ਨਿਯਮਾਂ ਨੂੰ ਵਰਣਨ ਕਰਨ ਲਈ ਤਾਂ ਵੱਡੇ ਆਕਾਰ ਦੀਆਂ ਕਈ ਪੁਸਤਕਾਂ ਬਣ ਸਕਦੀਆਂ ਹਨ, ਪਰੰਤੂ ਹੁਣ ਤੱਕ ਜੋ,

  ਇਸੇ ਵਿਸ਼ੇ ’ਤੇ ਕੁਝ ਪੁਸਤਕਾਂ ਹੋਂਦ ਵਿੱਚ ਆਈਆਂ ਹਨ, ਉਹ ਹਨ; ਜਿਵੇਂ:-

 1. ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ , ਪ੍ਰਿੰ. ਤੇਜਾ ਸਿੰਘ ਜੀ;

 2. ਗੁਰਬਾਣੀ ਵਿਆਕਰਨ , ਪ੍ਰੋ. ਸਾਹਿਬ ਸਿੰਘ ਜੀ;

 3. ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਣਤਾ , ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ;

 4. ਨਵੀਨ ਗੁਰਬਾਣੀ ਵਿਆਕਰਨ , ਗਿ. ਹਰਬੰਸ ਸਿੰਘ ਜੀ ;ਅਤੇ

 5. ਗੁਰਬਾਣੀ ਦਾ ਸਰਲ ਵਿਆਕਰਨ-ਬੋਧ ਭਾਈ , ਜੋਗਿੰਦਰ ਸਿੰਘ ਜੀ ਤਲਵਾੜਾ ਆਦਿਕ।

  ਜਿੱਥੋਂ ਤਕ ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਦਾ ਸਬੰਧ ਹੈ, ਅੱਜ ਦੀਆਂ ਕਈ ਸਤਿਕਾਰਤ ਸੰਪ੍ਰਦਾਵਾਂ ਅਤੇ ਕੁਝ ਵਿਦਵਾਨ ਗੁਰਬਾਣੀ ਦੀ ਨਿਯਮਾਵਲੀ ਨੂੰ ਮੰਨਣ ਤੋਂ ਇਨਕਾਰੀ ਹੀ ਨਹੀਂ ਸਗੋਂ ਗਾਹੇ-ਬਗਾਹੇ ਬੇਲੋੜਾ ਵਿਵਾਦ ਵੀ ਖੜ੍ਹਾ ਕਰਦੇ ਹਨ।

  ਸੋ ਮੈਂ ਆਪ ਜੀ ਦੇ ਸਾਹਮਣੇ ਪਿਛਲੀ ਇਕ ਸਦੀ ਤੋਂ ਵੱਧ ਸਮੇਂ ਦੇ ਸੰਪ੍ਰਦਾਇਕ ਅਤੇ ਦੂਸਰੇ ਵਿਦਵਾਨਾਂ ਦੁਆਰਾ ਲਗ ਮਾਤ੍ਰੀ ਨਿਯਮਾਵਲੀ ਅਤੇ ਨਿਰਣੇ ਬਾਰੇ ਵੀਚਾਰ ਸਾਂਝੇ ਕਰ ਰਿਹਾ ਹਾਂ।

  • 1. ਗਿਆਨੀ ਚੰਦਾ ਸਿੰਘ ਜੀ ਦੇ ਸ਼ਗਿਰਦ ਪੰਡਤ ਗਿਆਨੀ ਹਜ਼ਾਰਾ ਸਿੰਘ ਜੀ ਨੇ , ਜੋ ਭਾਈ ਮਨੀ ਸਿੰਘ ਜੀ ਦੀ ਸੰਪ੍ਰਦਾਇ ਨਾਲ ਸੰਬੰਧਿਤ ਸਨ, ਸੰਨ 1897-98 ਨੂੰ ਜੈਤਸਰੀ ਦੀ ਵਾਰ ਦੇ ਟੀਕੇ ਦੀ ਭੂਮਿਕਾ ਦੇ ਅੰਤ ਵਿੱਚ ਗੁਰਬਾਣੀ ਵਿਆਕਰਨ ਦੀ ਲੋੜ ਬਾਰੇ ਕੁਝ ਸ਼ਬਦ ਇਸ ਤਰ੍ਹਾਂ ਅੰਕਿਤ ਕੀਤੇ ਹਨ:

   ਕਈ ਗਿਆਨੀ ਆਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਯਾਕਰਣ ਨਹੀਂ ਤੁਰਦਾ ਅਰ ਇਹ ਗੱਲ ਪਰਮੇਸਰ ਦੇ ਅਨੁਭਵੀ ਪਵਿੱਤ੍ਰ ਪੁਸਤਕ ਵਿੱਚ ਇਕ ਤਰ੍ਹਾਂ ਠੀਕ ਭੀ ਹੈ, ਇਹ ਗੱਲ ਪੱਕੀ ਹੈ ਕਿ ਵਯਾਕਰਣ ਅਰਥ ਕਰਨੇ ਵਿੱਚ ਬਹੁਤ ਕੰਮ ਦਿੰਦਾ ਹੈ ਅਰ ਮਨਘੜਤ ਅਰਥ ਅਤੇ ਅਨੇਕਾਂ ਤਰ੍ਹਾਂ ਦੀਆਂ ਖਿੱਚਾਂ ਨੂੰ ਜੋ ਲੋਕੀਂ ਆਪੋ ਆਪਣੇ ਮਤਲਬ ਲਈ ਮਾਰਦੇ ਹਨ, ਰੋਕ ਪਾ ਦਿੰਦਾ ਹੈ ਅਰ ਅਰਥ ਦੇ ਅਨਰਥ ਨਹੀਂ ਹੋਣ ਦਿੰਦਾ। ਭਾਵੇਂ ਪੰਜਾਬੀ ਬੋਲੀ ਯਾ ਸੰਸਕ੍ਰਿਤ ਦੇ ਵਯਾਕਰਣ ਦੇ ਸੂਤ੍ਰ ਹਰ ਥਾਂ ਨਹੀਂ ਵਰਤੇ ਜਾ ਸਕਦੇ, ਪਰ ਜੇ ਗੁਣੀ ਜਨ ਮਿਹਨਤ ਕਰਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਖਰਾ ਵਯਾਕਰਨ ਬਣ ਸਕਦਾ ਹੈ, ਕਿਉਂਕਿ ਮਹਾਰਾਜ ਦੀ ਬਾਣੀ ਅਕਾਸ਼ ਦੇ ਤਾਰਿਆਂ ਵਾਙੂੰ ਠੀਕ ਅਰ ਦ੍ਰਿੜ੍ਹ ਨਿਯਮ ਵਿੱਚ ਚਲਦੀ ਹੈ, ਭਾਵੇਂ ਇਕ ਅਣਜਾਣ ਪੁਰਖ ਨੂੰ ਅਕਾਸ਼ ਦੇ ਤਾਰੇ ਖਿਲਰੀ ਹੋਈ ਰੇਤ ਤੋਂ ਕੁਝ ਵਧੀਕ ਨਹੀਂ ਭਾਸਦੇ।

   ਇਕ ਮਹਾਤਮਾ ਦਾ ਕਹਿਣਾ ਹੈ :-

   ਗੁਰੂ ਨਾਨਕ ਕੀ ਬਾਤ ਮੇਂ ਬਾਤ ਬਾਤ ਮੇਂ ਬਾਤ। ਜਿਉਂ ਮਹਿੰਦੀ ਕੇ ਪਾਤ ਮੇਂ ਪਾਤ ਪਾਤ ਮੇਂ ਪਾਤ। ਇਸ ਟੀਕੇ ਵਿੱਚ ਜਿੱਥੋਂ ਤਕ ਹੋ ਸਕਿਆ ਹੈ ਸੰਪ੍ਰਦਾ ਅਰ ਵਯਾਕਰਣ ਨੂੰ ਮੁੱਖ ਰੱਖਿਆ ਗਿਆ ਹੈ।” (ਜੈਤਸਰੀ ਦੀ ਵਾਰ, ਪੰਡਤ ਗਿ. ਹਜ਼ਾਰਾ ਸਿੰਘ)

  • 2. ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੰਨ 1954 ਵਿੱਚ ਛਪੀ ਪੁਸਤਕ ‘ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਣਤਾ’ ਦੀ ਭੂਮਿਕਾ ਵਿੱਚ ਉਨ੍ਹਾਂ ਦੁਆਰਾ ਲਿਖੇ ਸ਼ਬਦ ਵੀ ਗੁਰਬਾਣੀ ਵਿਆਕਰਨ ਅਤੇ ਨਿਯਮਾਵਲੀ ਦੀ ਲੋੜ ਬਾਰੇ ਸਾਖ ਭਰਦੇ ਹਨ।

   “ਗੁਰਬਾਣੀ ਅੰਦਰ ਆਈਆਂ ਲਗਾਂ-ਮਾਤ੍ਰਾਂ ਸਤਿਗੁਰੂ ਦੀ ਅਗਾਧ ਨੇਤ ਅਨੁਸਾਰ ਅਜਿਹੇ ਗੁਰਮਤਿ ਅਸੂਲਾਂ ਬੱਧੇ (ਸੈੱਟ) ਨਿਯਮਾਂ ਅੰਦਰ ਅਜਿਹੇ ਸੋਭਨੀਕ, ਮੋਤੀਆਂ ਵਾਂਙੂੰ ਜੜੀਆਂ ਹੋਈਆਂ ਹਨ ਕਿ ਇਨ੍ਹਾਂ ਤੋਂ ਬਿਨਾਂ ਕਿਸੇ ਵੀ ਗੁਰਵਾਕ ਪੰਕਤੀ ਦਾ ਭਾਵ ਬਣਦਾ ਹੀ ਨਹੀਂ, ਅਧੂਰਾ ਹੀ ਰਹਿੰਦਾ ਹੈ, ਪੂਰਾ ਹੁੰਦਾ ਹੀ ਨਹੀਂ। ਗੁਰਬਾਣੀ ਦਾ ਤੱਤ ਆਸ਼ਾਵੀ ਭਾਵ ਇਨ੍ਹਾਂ ਲਗਾਂ-ਮਾਤ੍ਰਾਂ ਅੰਦਰ ਹੀ ਗੁਪਤ ਹੈ ਅਤੇ ਅਜਿਹੀ ਤੱਤ ਮਰਯਾਦਾ ਅੰਦਰ ਗੁੰਫਤ ਹੈ ਕਿ ਸਮਗ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਕ ਰਸ ਨਿਯਮ ਪਰੋਤਾ ਪੂਰਤ ਸੰਧੂਰਤ ਹੈ। ਵਿਲੱਖਣਤਾਮਈ ਵਾਧਾ ਇਹ ਹੈ ਕਿ ਇਨ੍ਹਾਂ ਲਗਾਂ-ਮਾਤ੍ਰਾਂ ਅੰਦਰ ਨਿਯਮਤ ਹੋਏ ਗੁਰਬਾਣੀ ਦੇ ਭਾਵ ਇਕ ਤੋਂ ਅਨੇਕ ਨਹੀਂ ਹੋ ਸਕਦੇ। ਇਕ ਗੁਰ-ਵਾਕ ਪੰਕਤੀ ਦਾ ਭਾਵ ਇਕੋ ਹੀ ਰਹਿੰਦਾ ਹੈ।”

  • 3. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਿਰੋਮਣੀ ਵਿਆਕਰਨ ਕਰਤਾ ਪੰਡਤ ਕਰਤਾਰ ਸਿੰਘ ਜੀ ਦਾਖਾ ਵਿਆਕਰਨ ਬਾਰੇ ਆਪਣੇ ਵਿਚਾਰ ਦਰਸਾਉਂਦੇ ਇਉਂ ਆਖਦੇ ਹਨ ਕਿ, ਕਈ ਮੂਰਖ ਪੰਡਤ ਇਸ ਗੱਲ ਦਾ ਜ਼ੋਰ ਨਾਲ ਪ੍ਰਚਾਰ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਆਕਰਨ ਬਣ ਹੀ ਨਹੀਂ ਸਕਦਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਬਾਣੀ ਬੇ-ਨਿਯਮੀ ਨਹੀਂ, ਕਿੰਤੂ ਆਪਣੇ ਸ੍ਵਤੰਤ੍ਰ ਨਿਯਮਾਂ ਵਿੱਚ ਹੈ। ਜਿਨ੍ਹਾਂ ਦੇ ਸਮੂਹ ਦਾ ਨਾਉਂ ਹੀ ‘ਵਿਆਕਰਣ’ ਹੈ। ਇਹ ਸ੍ਰੀ ਗੁਰੂ ਬਿਆਕਰਣ ਪੰਚਾਇਣ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਿਰੋਮਣੀ ਵਿਆਕਰਣ ਲੱਗਭਗ 1945-46 ਈ: ਵਿੱਚ ਪ੍ਰਕਾਸ਼ਿਤ ਹੋਇਆ ਹੈ।

  • 4. ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਦੇ ਸਿਰਲੇਖ ਹੇਠ ਪ੍ਰਿੰ. ਤੇਜਾ ਸਿੰਘ ਜੀ ਨੇ ਗੁਰਬਾਣੀ ਵਿੱਚ ਲਗਾਂ ਮਾਤ੍ਰਾਂ ਦੀ ਵਿਲੱਖਣਤਾ ਦੇ ਵਿਸ਼ੇ ਤੇ ਆਪਣੇ ਵੀਚਾਰ ਇਸ ਤਰ੍ਹਾਂ ਦਿੱਤੇ ਹਨ, “ਆਮ ਲੋਕਾਂ ਦਾ ਖਿਆਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਾਂ ਦੇ ਅੰਤ ਵਿਚ ਲੱਗੀਆਂ ਹੋਈਆਂ ਸਿਹਾਰੀਆਂ ਬਿਹਾਰੀਆਂ ਔਂਕੜਾਂ ਦਾ ਕੋਈ ਖਾਸ ਅਰਥ ਨਹੀਂ ਹੁੰਦਾ, ਐਵੇਂ ਹੀ ਲੱਗੀਆਂ ਹੁੰਦੀਆਂ ਹਨ। ਪਰ ਜੇ ਖੋਜ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਕਿਸੇ ਨਾ ਕਿਸੇ ਨੇਮ ਅਨੁਸਾਰ ਲੱਗੀਆਂ ਹੋਈਆਂ ਹਨ ਅਤੇ ਆਪਣੀ-ਆਪਣੀ ਥਾਂ 'ਤੇ ਵਿਸ਼ੇਸ਼ ਅਰਥ ਰੱਖਦੀਆਂ ਹਨ। ਇਸ ਭੇਦ ਦੇ ਨਾ ਜਾਣਨ ਤੋਂ ਕਈ ਘਾਟੇ ਪੈਦਾ ਹੋ ਰਹੇ ਹਨ। ਸਧਾਰਨ ਮਨੁੱਖਾਂ ਪਾਸੋਂ ਗੁਰਬਾਣੀ ਦੇ ਪਾਠ ਕਰਨ ਵਿੱਚ ਬਹੁਤ ਭੁੱਲਾਂ ਹੋ ਜਾਂਦੀਆਂ ਹਨ।...... ਬਹੁਤ ਸਾਰੀਆਂ ਮਿਸਾਲਾਂ ਇਕੱਠੀਆਂ ਕਰਨ ਤੋਂ ਪਤਾ ਲੱਗਾ ਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਗਾਂ ਮਾਤ੍ਰਾਂ ਦੇ ਬੱਝਵੇਂ ਨੇਮ ਹਨ ਜੋ ਇਕ ਸਾਰ ਵਰਤੇ ਗਏ ਹਨ ਅਤੇ ਜਿਨ੍ਹਾਂ ਦੀ ਪੜਤਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਿਤ ਕਰਤਾ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਵਿਦਵਤਾ ਦਾ ਇਕ ਨਵਾਂ ਸਬੂਤ ਮਿਲਦਾ ਹੈ। ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਨਾ ਕੇਵਲ ਆਪਣੀ ਅਤੇ ਪਿਛਲੇ ਗੁਰੂ ਸਾਹਿਬਾਨ ਦੀ ਰਚੀ ਬਾਣੀ ਵਿੱਚ ਹੀ ਇਹ ਨੇਮ ਵਰਤੇ ਹਨ ਸਗੋਂ ਹੋਰ ਭਗਤਾਂ ਅਤੇ ਭੱਟਾਂ ਦੀ ਜੋ ਬਾਣੀ ਦਰਜ ਕੀਤੀ ਹੈ, ਉਸ ਦੀ ਲਿਖਤ ਵੀ ਉਸੇ ਰੀਤੀ ਨਾਲ ਕੀਤੀ ਹੈ।”

  • 5. ਸਤਿਕਾਰਯੋਗ ਨਿਰਣੈਕਾਰ ਗਿਆਨੀ ਹਰਬੰਸ ਸਿੰਘ ਜੀ ਦੁਆਰਾ ਰਚਿਤ ‘ਨਵੀਨ ਗੁਰਬਾਣੀ ਵਿਆਕਰਣ’ ਜੋ ਸੰਨ 2000 ਵਿੱਚ ਪ੍ਰਕਾਸ਼ਿਤ ਹੋਇਆ, ਵਿੱਚ ਗਿਆਨੀ ਜੀ ਵਿਅਕਾਰਨ ਨਿਯਮਾਵਲੀ ਦੀ ਲੋੜ ਬਾਰੇ ਚਾਨਣ ਪਾਉਂਦੇ ਹੋਏ ਇਸ ਤਰ੍ਹਾਂ ਜ਼ਿਕਰ ਕਰਦੇ ਹਨ:

   “ਗੁਰਬਾਣੀ ਦੀ ਵਿਲੱਖਣਤਾ ਦਾ ਰਾਜ਼ ਇਸ ਵਿੱਚ ਵਰਤੇ ਹੋਏ ਲਗ-ਮਾਤ੍ਰੀ ਨੇਮ ਹਨ ਜੋ ਗੁਰਬਾਣੀ ਦਾ ਅਨਿੱਖੜਵਾਂ ਅੰਗ ਹਨ। ਗੁਰਬਾਣੀ ਵਿਆਕਰਣ ਮਾਨੋ ਸ਼ਬਦ ਅਰਥਾਂ ਦੀ ਕੁੰਜੀ ਹੈ, ਇਸ ਦੀ ਅਗਵਾਹੀ ‘ਅੰਧਿਆਰੇ ਮਹਿ ਦੀਪ’ ਸਮਾਨ ਹੈ।”

  • 6. ਨਵੀਨ ਗੁਰਬਾਣੀ ਵਿਆਕਰਣ ਦੀ ਭੂਮਿਕਾ ਵਿੱਚ ਸ. ਹਰਨਾਮ ਸਿੰਘ ਸ਼ਾਨ ਨੇ ਟਰੰਪ ਵੱਲੋਂ ਤਿਆਰ ਕੀਤੇ ਗੁਰਬਾਣੀ ਵਿਆਕਰਨ ਦਾ ਜ਼ਿਕਰ ਕੀਤਾ ਹੈ। ਟਰੰਪ ਵੱਲੋਂ ਕੀਤੇ ਕੰਮ ਨੂੰ ਵਿਦਵਾਨਾਂ ਵੱਲੋਂ ਦੇਖਣ ਦੀ ਲੋੜ ਹੈ।

  • 7. ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਿਆਕਰਨ ਬਾਰੇ ਪੰਨਾ 189 ਦੇ ਸ਼ਬਦ “ਕਰ ਕਰਿ ਟਹਲ ਰਸਨਾ ਗੁਣ ਗਾਵਉ॥... 4॥51॥120॥” ਦੀ ਵਿਆਖਿਆ ਕਰਦੇ ਸਮੇਂ ਇਹ ਕਹਿ ਰਹੇ ਹਨ ਕਿ ਕਰ ਸ਼ਬਦ ਮੁਕਤੇ ਨਾਲ, ਹੱਥਾਂ ਦਾ ਵਾਚਕ ਹੈ, ਰ ਨੂੰ ਸਿਹਾਰੀ ਨਾਲ ਕਿਰਿਆ ਦਾ ਵਾਚਕ ਹੈ, ਕਰ ਕਰਿ ਵਿਆਕਰਣ ਵੀ ਵਿੱਚੇ ਰਖਿਆ ਪਿਆ ਹੈ।”

  ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਦੇ ਵਿਸ਼ੇ ਨੂੰ ਸਮਝਣ, ਨਿਖਾਰਨ ਅਤੇ ਸਪਸ਼ਟਾਉਣ ਲਈ, ਇਸ ਸਬੰਧੀ ਦ੍ਰਿੜ੍ਹਤਾ ਪੈਦਾ ਕਰਨ ਲਈ, ਗੁਰਬਾਣੀ ਵਿੱਚੋਂ ਸ਼ਬਦਾਂ ਦੇ ਬਦਲਵੇਂ ਰੂਪ ਅਤੇ ਇਸ ਨਾਲ ਬਦਲਵੇਂ ਅਰਥਾਂ ਦੀਆਂ ਕੁਝ 'ਕੁ ਉਦਾਹਰਨਾਂ ਆਪ ਜੀ ਦੇ ਸਨਮੁਖ ਪੇਸ਼ ਹਨ:-

  ਓਹ ਸ਼ਬਦ: - ਓਹ, ਓਹਿ, ਓਹੁ, ਓਹੇ, ਓਹੈ, ਓਹੋ, ਓਇ, ਓਈ, ਉਹ, ਉਹੁ, ਆਦਿ , ਦਸ ਰੂਪਾਂ ਵਿੱਚ ਆਉਂਦੇ ਹਨ।

  ਪੜਨਾਂਵ ਦੇ ਰੂਪ ਵਿੱਚ ਓਹ ਦੇ ਚਾਰ ਰੂਪ ਆਉਂਦੇ ਹਨ:- ਓਹ, ਓਹਿ, ਓਇ, ਓਹੁ।

  ਓਹ -ਇਸਤਰੀ ਲਿੰਗ, ਇਕ ਵਚਨ ਪੜਨਾਂਵ:-

  1. ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ॥
  2. ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ॥ (ਪੰਨਾ 168) ; ' ਓਹ ' ਇਸਤਰੀ ਲਿੰਗ, ਇਕ ਵਚਨ ਪੜਨਾਂਵ ਹੈ।

  3. ਸਫਲ ਮੂਰਤੁ ਸਫਲ ਓਹ ਘਰੀ॥ ਜਿਤੁ ਰਸਨਾ ਉਚਰੈ ਹਰਿ ਹਰੀ॥ (ਪੰਨਾ 191)

  4. ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ   ਓਤਿ ਪੋਤਿ ਭਗਤਨ ਸੰਗਿ ਜੋਰੀ॥

  5. ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ   ਜੈਸੇ ਦ੍ਰਿਸਟਿ ਓਹ ਚੰਦ ਚਕੋਰੀ॥ (ਪੰਨਾ 208)

   ਓਹਿ - ਬਹੁ-ਵਚਨ, ਪੁਲਿੰਗ ਪੜਨਾਂਵ:-

  6. ਜੇ ਤੂ ਸਾਹਿਬ ਆਵਹਿ ਰੋਹਿ॥ ਤੂ ਓਨਾ ਕਾ ਤੇਰੇ ਓਹਿ॥ (ਪੰਨਾ 25)

  7. ਪੁਤੁ ਕਲਤੁ ਕੁਟੰਬੁ ਹੈ   ਇਕਿ ਅਲਿਪਤ ਰਹੇ ਜੋ ਤੁਧੁ ਭਾਇਆ॥ ; ' ਇਕਿ ' ਬਹੁ-ਵਚਨ, ਪੁਲਿੰਗ ਪੜਨਾਂਵ ਹੈ।

  8. ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ॥ (ਪੰਨਾ 139)

  9. ਪਾਥਰੁ ਲੇ ਪੂਜਹਿ ਮੁਗਧ ਗਵਾਰ॥ ਮੁਗਧ ਅਤੇ ਗਵਾਰ ਦੋਵੇਂ ਬਹੁ-ਵਚਨ ਹਨ। ਇਸ ਲਈ ' ਪੂਜਹਿ ' ਨਾਸਕੀ ਹੈ, ਭਾਵ ' ਪੂਜਹਿਂ ' ਪਿਛੇ ਬਿੰਦੀ ਲਗੇਗੀ।

  10. ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥ (ਪੰਨਾ 556)

  11. ਨਾ ਓਹਿ ਮਰਹਿ ਨ ਠਾਗੇ ਜਾਹਿ॥ (ਪੰਨਾ 8) (ਇਹ ਬਹੁ ਵਚਨ ਪੁਲਿੰਗ ਪੜਨਾਂਵ ਅੱਨ-ਪੁਰਖ ਦੀ ਉਦਾਹਰਨ ਜਾਪਦੀ ਹੈ ? ); ' ਮਰਹਿਂ ' ਨਾਸਕੀ ਉਚਾਰਨ ਹੈ।

   ਓਇ - ਬਹੁ ਵਚਨ , ਪੁਲਿੰਗ ਪੜਨਾਂਵ , ਅਨ-ਪੁਰਖ

  12. ਓਇ ਦਰਗਹ ਪੈਧੇ ਸਤਿਗੁਰੂ ਛਡਾਏ॥ (ਪੰਨਾ 1028) ; ' ਪੈਧੇਂ ' ਨਾਸਕੀ ਹੈ।
  13. ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ॥ (ਪੰਨਾ 28) ; ' ਅੰਦਰਹੁ ਬਾਹਰਹੁ ' ਦੋਨਾਂ ਵਿਚ ਹ ਉਤੇ ਬਿੰਦੀ ਹੋਵੇਗੀ, ਜਿਵੇਂ ਅੰਦਰਹੁਂ ਬਾਹਰਹੁਂ ;

  14. ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ॥ (ਪੰਨਾ 41) ; ਨਿਵਹਿ ਨਾਸਕੀ ਹੈ।

   ਓਹੁ - ਇਕ ਵਚਨ ਪੁਲਿੰਗ ਪੜਨਾਂਵ, ਅਨ-ਪੁਰਖ :-

  15. ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ (ਪੰਨਾ 4)

   ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।

  16. ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ (ਪੰਨਾ 7) ; ਪ੍ਰਮਾਤਮਾ ਤਾਂ ਦੇਖਦਾ ਹੈ ਪਰ ( ਓਨਾ ਬਹੁ-ਵਚਨ ) ਓਹਨਾਂ ਨੂੰ ਨਜ਼ਰ ਨਹੀਂ ਆ ਰਿਹਾ।
  17. ਬਾਬਾ ਮਾਇਆ ਰਚਨਾ ਧੋਹੁ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ॥ (ਪੰਨਾ 15)

  18. ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ॥ ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ॥ (ਪੰਨਾ 20) ; ਅਤੋਲਵਾਂ ਬਿੰਦੀ ਸਹਿਤ ਹੋਵੇਗਾ।

  19. ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ॥ ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ॥ (ਪੰਨਾ 28)

   ਓਹੇ - ਇਕ ਵਚਨ ਪੜਨਾਂਵ, ਕਰਮ ਕਾਰਕ :-

  20. ਓਹੇ ਉਧਰੇ ਹਰਿ ਸੰਤ ਦਾਸ   ਕਾਟਿ ਦੀਨੀ ਜਮ ਕੀ ਫਾਸ, ਪਤਿਤ ਪਾਵਨ ਨਾਮੁ ਜਾ ਕੋ , ਸਿਮਰਿ ਨਾਨਕ ਓਹੇ ॥ (ਪੰਨਾ 1231) ; ਓਹੇ = ਉਸ ਨੂੰ;

   ਓਹੈ (ਉਹੀ) -ਇਕ ਵਚਨ, ਪੁਲਿੰਗ, ਪੜਨਾਂਵ :-

  21. ਜਪਿ ਗੋਵਿੰਦੁ ਗੋਵਿੰਦੁ ਧਿਆਈਐ   ਸਭ ਕਉ ਦਾਨੁ ਦੇਇ ਪ੍ਰਭੁ ਓਹੈ॥ (ਪੰਨਾ 492)

   ਓਹ - ਇਸਤ੍ਰੀ ਲਿੰਗ, ਪੜਨਾਂਵ :-

  22. ਬਿਰਖ ਕੀ ਛਾਇਆ   ਸਿਉ ਰੰਗੁ ਲਾਵੈ॥ ਓਹ ਬਿਨਸੈ, ਉਹੁ ਮਨਿ ਪਛੁਤਾਵੈ॥ (ਪੰਨਾ 268)

  23. ਕਾਇਆ ਹੰਸ ਪ੍ਰੀਤਿ ਬਹੁ ਧਾਰੀ॥ ਓਹੁ ਜੋਗੀ ਪੁਰਖੁ   ਓਹ ਸੁੰਦਰਿ ਨਾਰੀ॥ (ਪੰਨਾ 1028)

   ਉਪਰੋਕਤ ਦੋ ਤੁਕਾਂ ਵਿੱਚ, ' ਓਹ ' ਦੇ ਦੋ ਰੂਪ ਆਉਂਦੇ ਹਨ । ਪਹਿਲਾ ' ਓਹ ' - ਇਸਤਰੀ ਲਿੰਗ ਪੜਨਾਂਵ ਹੈ, ਅਤੇ ਦੂਸਰਾ ' ਓਹੁ '- ਇਕ ਵਚਨ ਪੁਲਿੰਗ ਪੜਨਾਂਵ ਹੈ ਜੋ ਨਿਯਮਾਵਲੀ ਨੂੰ ਹੋਰ ਵਧੇਰੇ ਸਪਸ਼ਟ ਕਰਦੇ ਹਨ।

(ਅ). ਗੁਰਬਾਣੀ ਵਿਆਕਰਨ ਦੀ ਮਹੱਤਤਾ

ਗੁਰਬਾਣੀ ਵਿਆਕਰਨ ਦੀ ਮਹੱਤਤਾ ਇਸ ਲਈ ਹੈ ਕਿ ਗੁਰਬਾਣੀ ਵਿਆਕਰਨ ਦੇ ਬਗੈਰ ਵੱਖ ਵੱਖ ਅਰਥ ਹੋਣ ਦੀ ਬਹੁਤ ਸੰਭਾਵਨਾ ਬਣੀ ਰਹਿੰਦੀ ਹੈ ਜਿਸ ਨੂੰ ਗੁਰਬਾਣੀ ਵਿਆਕਰਨ ਨਾਲ ਠੱਲ ਪੈ ਜਾਂਦੀ ਹੈ। ਗੁਰਬਾਣੀ ਵਿਆਕਰਨ ਦੀ ਸਹਾਇਤਾ ਨਾਲ ਗੁਰਬਾਣੀ ਦੇ ਕਿਸੇ ਵੀ ਸ਼ਬਦ ਦੇ ਵੱਖ ਵੱਖ ਅਰਥ ਹੋ ਹੀ ਨਹੀਂ ਸਕਦੇ।

ਇਸ ਨੂੰ ਕੁਝ ਉਦਾਹਰਨਾਂ ਰਾਹੀ ਸਪੱਸ਼ਟ ਕੀਤਾ ਜਾਵੇਗਾ ।

ਭਾਗ 1 ਅਤੇ ਭਾਗ 2 ਵਿਚ ਵਿਦਿਵਾਨਾਂ ਵਲੋਂ ਕੀਤੇ ਗੁਰਬਾਣੀ ਦੀਆਂ ਪੰਗਤੀਆਂ ਦੇ ਅਰਥਾਂ ਦੀਆਂ ਉਦਾਹਰਨਾਂ:-

ਉਪਰੋਕਤ ਪੰਕਤੀਆਂ ਦੇ ਅਰਥ ਵੱਖ-ਵੱਖ ਵਿਦਵਾਨਾਂ ਵੱਲੋਂ ਇਸ ਪ੍ਰਕਾਰ ਕੀਤੇ ਗਏ ਹਨ :-

 1. ਟੀਕਾ ਫਰੀਦਕੋਟ ਵਾਲਾ ਸਟੀਕ, ਭਾਸ਼ਾ ਵਿਭਾਗ ਜਿਲਦ 1 ਪੰਨਾ 256

  ਹੇ ਭਗਵਾਨ! ਜਬ ਅਤੀ ਪੁੰਨ ਉਦੇ ਹੂਆ ਤਬ ਸ੍ਰੀ ਬੁਢਾ ਜੀ ਜੋ ਸੰਤ ਹੈਂ ਆਪ ਜੋ ਮੇਰੇ ਗੁਰੂ ਹੋ ਤਿਸਨੇ ਆਪ ਸੇ ਮਿਲਾਇ ਦੀਆ ਹੈ, ਹੇ ਗੁਰੋ ! ਆਪਕੀ ਕ੍ਰਿਪਾ ਕਰਕੇ ਪ੍ਰਭੁ ਅਬਿਨਾਸੀ ਅੰਤਹਕਰਣ ਰੂਪੀ ਘਰ ਕੇ ਬੀਚ ਹੀ ਪ੍ਰਾਪਤਿ ਹੂਆ ਹੈ॥

 2. ਸੰਪ੍ਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਸੰਤ ਕਿਰਪਾਲ ਸਿੰਘ ਜੀ ਸੈਂਚੀ ਪਹਿਲੀ ਪੰਨਾ 464

  ਹੇ ਗਰੀਬ ਨਿਵਾਜ਼! ਜਿਸ ਵੇਲੇ ਮੇਰਾ ਭਾਗ ਆਪ ਜੀ ਦੇ ਮਿਲਾਪ ਰੂਪੀ ਫਲ ਦੇਣ ਨੂੰ ਉਦੇ ਹੋਇਆ ਤਾਂ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਕਰ ਕੇ ਸੰਤੁ= ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਹੋਰਾਂ ਨਾਲ ਮਿਲਾਵਣਾ ਕੀਤਾ ਹੈ। ਤਿੰਨ੍ਹਾਂ ਸੰਤਾਂ ਦੀ ਕਿਰਪਾ ਕਰ ਕੇ ਹੀ ਚਿਰੰਕਾਲ ਮਗਰੋਂ¬

  ਹੇ ਅਬਿਨਾਸੀ=ਨਾਸ ਤੋਂ ਰਹਿਤ ਪ੍ਰਭੂ=ਰਖਯਕ ਵਾਹਿਗੁਰੂ ਦੇ ਸਰੂਪ ਸਤਿਗੁਰੋ! ਅੰਮ੍ਰਿਤਸਰ ਰੂਪੀ ਘਰ ਵਿਖੇ ਆਪ ਜੀ ਦੇ ਦਰਸ਼ਨਾਂ ਨੂੰ ਪਾਵਣਾ ਕੀਤਾ ਹੈ।

  ਅਥਵਾ -ਭਾਗੁ ਹੋਆ ਗੁਰਿ ਸੰਤੁ ਮਿਲਾਇਆ॥

  ਜਿਸ ਵੇਲੇ ਭਾਗਾਂ ਦਾ ਫਲ ਉਦੇ ਹੋਇਆ ਤਾਂ ਸੰਤ = ਬਾਬਾ ਬੁੱਢਾ ਜੀ ਨੇ, ਹੇ ਗੁਰੋ! ਆਪ ਜੀ ਨਾਲ ਮਿਲਾਵਣਾ ਕੀਤਾ ਹੈ।

 3. ਸਿਧਾਂਤਕ-ਸਟੀਕ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ, ਪਹਿਲੀ ਸੈਂਚੀ, ਪੰਨਾ 431, ਹੇ ਗੁਰੂ ਜੀ! ਜਦ ਮੇਰਾ ਚੰਗਾ ਭਾਗ ਜਾਗਿਆ, ਤਾਂ ਸੰਤ ਗੁਰੂ ਨੇ ਮੈਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ।

 4. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ, ਪੰਡਤ ਨਰੈਣ ਸਿੰਘ ਗਯਾਨੀ ਪਹਿਲੀ ਪੋਥੀ, ਪੰਨਾ 240

  (ਹੇ) ਗੁਰੂ ਜੀ! (ਜਦ ਮੇਰਾ) ਚੰਗਾ ਭਾਗ ਜਾਗਿਆ (ਤਾਂ ਬਾਬਾ ਬੁੱਢਾ ਰੂਪ) ਸੰਤ ਨੇ (ਆਪ ਜੀ ਦੇ ਨਾਲ ਦਾਸ ਨੂੰ) ਮਿਲਾ ਦਿੱਤਾ। (ਹੇ) ਪ੍ਰਭੂ! (ਆਪ ਜੀ ਦੀ ਕਿਰਪਾ ਨਾਲ) ਘਰ ਵਿੱਚ ਹੀ ਅਬਿਨਾਸੀ (ਪਦ) ਪਾ ਲਿਆ ਹੈ।

 5. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ, ਸ਼੍ਰੀਮਾਨ ਗਿਆਨੀ ਬਿਸ਼ਨ ਸਿੰਘ ਜੀ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਾਲੇ, ਸੈਚੀਂ 1, ਪੰਨਾ 490

  ਜਦੋਂ ਮੇਰੇ ਬੜੇ ਚੰਗੇ ਭਾਗ ਹੋਏ ਤਾਂ ਭਾਈ ਬੁੱਢੇ ਵਰਗੇ ਸੰਤਾਂ ਨੇ ਆਪ ਜੇਹੜੇ ਮੇਰੇ ਗੁਰੂ ਹੋ ਤੁਹਾਡੇ ਨਾਲ ਮੈਨੂੰ ਮਿਲਾਇਆ ਹੈ ਤਾਂ ਮੈਂ ਆਪ ਦੀ ਕਿਰਪਾ ਨਾਲ ਜੇਹੜਾ ਮੇਰਾ ਮਾਲਕ ਅਬਿਨਾਸ਼ੀ ਹੈ ਉਸ ਨੂੰ ਮੈਂ ਦਿਲ ਦੇ ਵਿੱਚ ਹੀ ਪਾ ਲਿਆ ਹੈ ਜਾਂ ਘਰ ਦੇ ਅੰਦਰ ਭਾਵ ਗ੍ਰਿਹਸਤ ਵਿੱਚ ਹੀ ਪਰਮੇਸ਼ਰ ਮਿਲ ਪਿਆ ਹੈ। ਗੁਰੂ ਜੀ, ਮੈਂ ਆਪਦਾ ਦਾਸ, ਆਪ ਦੀ ਸੇਵਾ ਕਰਦਾ ਰਹਾਂ ਅਤੇ ਥੋੜ੍ਹਾ ਜੇਹਾ ਚਿਰ ਵੀ ਨਾ ਵਿਛੜਾਂ।

 6. ਅਰਥ ਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ, ਡਾ. ਰਤਨ ਸਿੰਘ ਜੱਗੀ ਭਾਗ ਪਹਿਲਾ ਪੰਨਾ 138, ਮੇਰਾ) ਭਾਗ ਜਾਗ ਪਿਆ ਹੈ ਅਤੇ ਹਰਿ-ਗੁਰੂ ਨੇ ਸਤਿਗੁਰੂ (ਰਾਮਦਾਸ) ਦਾ ਮੇਲ ਕਰਾ ਦਿੱਤਾ ਹੈ। (ਗੁਰੂ ਦੀ ਮਿਹਰ ਨਾਲ ਮੈਂ) ਅਵਿਨਾਸ਼ੀ ਪ੍ਰਭੂ ਨੂੰ ਆਪਣੇ ਅੰਦਰ ਹੀ ਪ੍ਰਾਪਤ ਕਰ ਲਿਆ ਹੈ।

 7. ਸ੍ਰੀ ਗੁਰੂ ਗ੍ਰੰਥ ਸਾਹਿਬ ਮੂਲ ਪਾਠ ਐਵਮ ਹਿੰਦੀ ਅਨੁਵਾਦ ਭਾਗ 1, ਡਾ. ਜੋਧ ਸਿੰਘ ਪੰਨਾ 97 , ਬੜੇ ਭਾਗਯ ਸੇ ਗੁਰੂ ਰੂਪੀ ਸ਼ਾਂਤ ਪੁਰਸ਼ ਨੇ ਮੁਝੇ ਪ੍ਰਭੂ ਸੇ ਮਿਲਾ ਦੀਆ ਹੈ। ਉਸ ਅਵਿਨਾਸ਼ੀ ਪ੍ਰਭੂ ਨੋ ਮੈਂਨੇ ਅਪਨੇ ਅੰਦਰ ਹੀ ਪਾ ਲਿਆ ਹੈ।

 8. ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪੋਥੀ ਦੂਜੀ, ਪੰਨਾ 789 , ਮੇਰਾ ਸੁਭਾਗ ਹੋਇਆ ਹੈ ਕਿ ਸੰਤ ਗੁਰੂ ਨੇ (ਮੈਨੂੰ ਪ੍ਰਭੂ) ਮਿਲਾ ਦਿੱਤਾ ਹੈ, (ਹਾਂ) ਕਦੇ ਨਾ ਨਾਸ਼ ਹੋਣੇ ਵਾਲਾ ਪ੍ਰਭੂ (ਮੈਂ) ਘਰ ਵਿੱਚੋਂ ਹੀ ਪਾ ਲਿਆ ਹੈ।

 9. ਡਾ. ਮਨਮੋਹਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਟਰਾਂਸਲੇਸ਼ਨ ਵਾਲੀਅਮ 1, ਪੰਨਾ 323 , ਮੇਰੀ ਚੰਗੀ ਕਿਸਮਤ ਹੈ ਕਿ ਮੈਂ ਸਾਧ ਸਰੂਪ ਗੁਰਾਂ ਨੂੰ ਮਿਲ ਪਿਆ ਹਾਂ।

 10. ਪੰਡਤ ਨਰਾਇਣ ਸਿੰਘ ਮੁਜੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਸਟੀਕ ਪਹਿਲੀ ਪੋਥੀ, ਪੰਨਾ 7, (ਹੇ) ਗੁਰੂ ਜੀ! (ਜਦ ਮੇਰਾ) ਚੰਗਾ ਭਾਗ ਜਾਗਿਆ (ਤਾਂ ਬਾਬਾ ਬੁੱਢਾ ਰੂਪ) ਸੰਤ ਨੇ (ਆਪ ਜੀ ਦੇ ਨਾਲ ਦਾਸ ਨੂੰ) ਮਿਲਾ ਦਿੱਤਾ।

 11. ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪ੍ਰੋ. ਸਾਹਿਬ ਸਿੰਘ, ਪੋਥੀ ਪਹਿਲੀ, ਪੰਨਾ 604, ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਕਿਰਪਾ ਨਾਲ ਉਸ ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ ਹੈ।

  ਨੋਟ:- ਉਂਞ ਤਾਂ ਸਾਧਾਰਨ ਤੌਰ ’ਤੇ ਹਰੇਕ ਸ਼ਬਦ ਕਿਸੇ ਪਰਥਾਇ ਹੀ ਹੋਇਆ ਕਰਦਾ ਹੈ ‘ਪਰਥਾਇ ਸਾਖੀ ਮਹਾ ਪੁਰਖ ਬੋਲਦੇ’। ਪਰ ਇਸ ਸ਼ਬਦ ਨਾਲ ਚਿੱਠੀਆਂ ਵਾਲੀ ਕਹਾਣੀ ( ਜੋ,ਕਿਹਾ ਜਾਂਦਾ ਹੈ ਕਿ ਅਰਜਨ ਪਾਤਸ਼ਾਹ ਜੀ ਨੇ ਪਿਤਾ ਰਾਮਦਾਸ ਜੀ ਨੂੰ ਲਾਹੌਰ ਤੋਂ ਲਿਖੀਆਂ ਸਨ, ਆਦਿ) ਮਨ ਘੜਤ ਦਿਸ ਰਹੀ ਹੈ। ਚੌਥੇ ਬੰਦ ਦੀ ਤੁਕ ‘ਭਾਗੁ ਹੋਆ ਗੁਰਿ ਸੰਤੁ ਮਿਲਾਇਆ’ ਧਿਆਨ ਨਾਲ ਪੜ੍ਹੋ। ਇਸ ਦਾ ਅਰਥ ਹੈ ‘ਗੁਰੂ ਨੇ ਸੰਤ (ਪ੍ਰਭੂ) ਮਿਲਾ ਦਿੱਤਾ ਹੈ। ਜੇ ਇਹ ਕਹਾਣੀ ਠੀਕ ਹੁੰਦੀ ਤਾਂ ਆਖਦੇ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਹੈ। ਉਸ ਕਹਾਣੀ ਵਿੱਚ ਹੋਰ ਵੀ ਕਈ ਖਾਮੀਆਂ ਹਨ ਇੱਥੇ ਦੱਸਣੀਆਂ ਬੇਲੋੜੀਆਂ ਹਨ। ਬਿਰਹੋਂ ਅਵਸਥਾ ਦਾ ਸ਼ਬਦ ਹੈ ਅਤੇ ਅਜਿਹੇ ਹੋਰ ਕਈ ਸ਼ਬਦ ਮਿਲਦੇ ਹਨ। ਇਸੇ ਹੀ ਰਾਗ ਵਿੱਚ ਆ ਚੁੱਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦ ਭੀ ਬਿਰਹੋਂ ਅਵਸਥਾ ਦੇ ਹਨ। ਮੁੜ ਮੁੜ ਆਖਦੇ ਹਨ ‘ਗੁਰੁ ਮੇਲਹੁ’।

 12. ਸ੍ਰੀ ਗੁਰੂ ਗਰੰਥ ਸਾਹਿਬ ਜੀ ਦਰਸ਼ਨ ਨਿਰਣੈ ਸਟੀਕ ਤੁਲਨਾਤਮਿਕ ਅਧਿਐਨ ਗਿ. ਹਰਬੰਸ ਸਿੰਘ ਪੋਥੀ 2, ਪੰਨਾ 57 , ਮੇਰਾ ਭਾਗ (ਉਦੇ) ਹੋਇਆ (ਭਾਵ ਕਿਸਮਤ ਜਾਗੀ) ਹੈ ਅਤੇ (ਗੁਰੂ ਪਾਤਸ਼ਾਹ ਜੀ) ਨੇ (ਮੈਨੂੰ) ਸੰਤ (ਸ੍ਰੀ ਗੁਰੂ ਰਾਮਦਾਸ ਜੀ) ਮਿਲਾ ਦਿੱਤਾ ਹੈ (ਜਿਸ ਦੀ ਕਿਰਪਾ ਨਾਲ ਮੈਂ) ਨਾਸ਼ ਰਹਿਤ ਪਰਮੇਸ਼ਰ ਨੂੰ (ਆਪਣੇ) ਹਿਰਦੇ ਰੂਪੀ ਘਰ ਵਿੱਚ ਪਾ ਲਿਆ ਹੈ (ਭਾਵ ਅਨੁਭਵ ਕਰ ਲਿਆ ਹੈ )।ਗਿਆਨੀ ਜੀ ਦੇ ਵਿਸ਼ੇਸ਼ ਵੀਚਾਰ ਅਤੇ ਨਿਰਣੈ:-

  ੳ) ‘ਗੁਰਿ’ ਪਦ ਦੇ ਰਾਰੇ ਨੂੰ ਸਿਹਾਰੀ ਹੋਣ ਕਰ ਕੇ ਇੱਥੇ ‘ਗੁਰੂ’ ਤੋਂ, ਅਰਥ ਨਹੀਂ ਕੀਤੇ ਜਾ ਸਕਦੇ ਅਤੇ ਇਸੇ ਪ੍ਰਕਾਰ ‘ਸੰਤੁ’ ਪਦ ਦੇ ਅਰਥ ਇੱਥੇ ‘ਸ੍ਰੀ ਬੁੱਢਾ ਜੀ’ ਕਰਨੇ ਵੀ ਉਚਿਤ ਨਹੀਂ।

  ਅ) ਪ੍ਰੋ. ਸਾਹਿਬ ਸਿੰਘ ਨੇ ‘ਸੰਤ’ ਦੇ ਅਰਥ ‘ਪ੍ਰਭੂ’ ਕੀਤੇ ਹਨ ਪਰ ਇਸ ਦੀ ਪ੍ਰੋੜਤਾ ਗੁਰਬਾਣੀ ਚੋਂ ਕਿਸੇ ਸ਼ਬਦ ਪ੍ਰਮਾਣ ਨਾਲ ਨਹੀਂ ਕੀਤੀ। ਕਿਸੇ ਕੋਸ਼ ਵਿੱਚ ਵੀ ‘ਸੰਤ’ ਪਦ ਦੇ ਅਰਥ ‘ਪ੍ਰਭੂ’ ਨਹੀਂ ਮਿਲਦੇ। ਹਾਂ ਗੁਰਬਾਣੀ ਦੇ ਆਧਾਰ ’ਤੇ ‘ਸੰਤ ਰਾਮੁ ਹੈ ਏਕੋੁ’ ਅਥਵਾ ‘ਸੰਤ ਗੋਬਿੰਦ ਕੈ ਏਕੈ ਕਾਮ’ ਆਦਿ ਪੰਕਤੀਆਂ ਨੂੰ ਮੁੱਖ ਰੱਖਦੇ ਹੋਏ ਭਾਵਕ ਜਾਂ ਆਦਰਵਾਚੀ ਅਰਥ ਕੀਤੇ ਜਾ ਸਕਦੇ ਹਨ ਪਰ ਕੇਵਲ ਉੱਥੇ ਜਿੱਥੇ ਅਜਿਹੀ ਵਿਵਸਥਾ ਹੋਵੇ। ਇੱਥੇ ਤਾਂ ਅਰਥ ਸਪਸ਼ਟ ਪੰਕਤੀ ਹੈ:-

  ਭਾਗੁ ਹੋਆ ਗੁਰਿ ਸੰਤੁ ਮਿਲਾਇਆ ਭਾਵ ਇਹ ਕਿ ਮੇਰਾ (ਪੂਰਬਲਾ) ਭਾਗ (ਉਦੇ) ਹੋਇਆ ਹੈ (ਤਾਂ) ਗੁਰੂ (ਨਾਨਕ ਪਾਤਸ਼ਾਹ ਜੀ) ਨੇ ਸੰਤੁ (ਗੁਰੂ ਰਾਮਦਾਸ) ਮਿਲਾ ਦਿੱਤਾ ਹੈ।

  ਨੋਟ :- ਪੁਰਾਤਨ ਹੱਥ -ਲਿਖਤ ਸਰੂਪ ਵਿੱਚ ‘ਭਾਗੁ ਹੋਆ ਗੁਰ ਸੰਤੁ ਮਿਲਾਇਆ’ (ਗੁਰ ਮੁਕਤਾ) ਪਾਠ ਵੀ ਉਪਲਬਧ ਹੈ।

 13. ਸਾਰ: - ਗਿ. ਹਰਬੰਸ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਪ੍ਰੋ. ਸਾਹਿਬ ਨੇ ‘ਸੰਤ’ ਦੇ ਅਰਥ ‘ਪ੍ਰਭੂ’ ਕੀਤੇ ਹਨ ਪਰ ਇਸ ਦੀ ਪ੍ਰੋੜ੍‍ਤਾ ਗੁਰਬਾਣੀ ਚੋਂ ਕਿਸੇ ਸ਼ਬਦ ਪ੍ਰਮਾਣ ਨਾਲ ਨਹੀਂ ਕੀਤੀ। ਕਿਸੇ ਕੋਸ਼ ਵਿੱਚ ਵੀ ‘ਸੰਤ’ ਪਦ ਦੇ ਅਰਥ ‘ਪ੍ਰਭੂ’ ਨਹੀਂ ਮਿਲਦੇ। ਕਈ ਵਾਰ ਕਿਸੇ ਵਿਦਵਾਨ ਦੇ ਅੰਦਰ ਅਰਥ-ਧਾਰਾ ਜੋ ਬਣੀ ਹੁੰਦੀ ਹੈ ਉਹ ਅਰਥ ਉਸ ਅੰਦਰ ਦ੍ਰਿੜ ਹੋਇਆ ਹੁੰਦਾ ਹੈ। ਗਿਆਨੀ ਜੀ ਇਹ ਗੱਲ ਬਹੁਤ ਦ੍ਰਿੜ ਵਿਸ਼ਵਾਸ ਨਾਲ ਕਹਿ ਰਹੇ ਹਨ ਕਿ ਗੁਰਬਾਣੀ ਵਿੱਚ ਸੰਤ ਪਦ, ਪਰਮੇਸ਼ਰ ਦੇ ਅਰਥ ਵਿੱਚ ਨਹੀਂ ਆਇਆ। ਪ੍ਰੋਫੈਸਰ ਸਾਹਿਬ ਜੀ ਨੇ ਕੋਈ ਪ੍ਰਮਾਣ ਨਹੀਂ ਦਿੱਤਾ ਨਾ ਹੀ ਕਿਸੇ ਕੋਸ਼ ਨੇ ਪ੍ਰਭੂ ਅਰਥ ਕੀਤਾ ਹੈ। ਪਰੰਤੂ ਪੰਚਮ ਗੁਰਦੇਵ, ਸਤਿਗੁਰੂ ਜੀ ਨੇ ਪੰਨਾ 958 ’ਤੇ:

  ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ॥ ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ॥ ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ॥ ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ॥ ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ॥

  ਗਿਆਨੀ ਜੀ ਇਸੇ ਤੁਕ ਦੇ ਅਰਥ (ਪੋਥੀ 9, ਪੰਨਾ 690) ਵਿੱਚ ਕਰਦੇ ਹੋਏ ਦੱਸਦੇ ਹਨ ਕਿ ਸਤਿਗੁਰੂ ਨੇ (ਮੇਰੇ) ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਸੰਤ (ਪ੍ਰਭੂ) ਮਿਲਾਇਆ ਹੈ। ਇਥੇ ਗਿਆਨੀ ਜੀ ਆਪਣੇ ਊਪਰ ਦਿੱਤੇ ‘ਸੰਤ’ ਸ਼ਬਦ ਦੇ ਵੀਚਾਰ ਨੂੰ ਕਟ ਰਹੇ ਹਨ ।ਗੁਰੂ ਨੇ ਮੈਨੂੰ ਵੱਡਾ ਸਾਹਿਬ (ਸਭ ਜੀਆਂ ਦਾ ਮਾਲਕ) ਮਿਲਾਇਆ, ਜਿਸ ਨੇ ਸਾਰਾ ਸੰਸਾਰ ਤਾਰਿਆ ਹੈ। ਇਸੇ ਤਰ੍ਹਾਂ ਪ੍ਰੋ. ਸਾਹਿਬ ਸਿੰਘ ਜੀ ਵੀ ਇਸ ਤੁਕ ਦੇ ਅਰਥ ਕਰਦੇ ਹੋਏ ਲਿਖਦੇ ਹਨ: ਉਹ ਸ਼ਾਂਤੀ ਦਾ ਸੋਮਾ ਪਰਮਾਤਮਾ, ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ।

 • ਗੁਰਬਾਣੀ ਵਿੱਚ ‘ਸੰਤੁ’ ਸ਼ਬਦ ਇਕ ਵਚਨ ਪੁਲਿੰਗ ਪ੍ਰਭੂ ਵਾਸਤੇ ਆਇਆ ਹੈ;

 • ਦੂਸਰਾ ਗੁਰੂ ਵਾਸਤੇ; ਅਤੇ

 • ਤੀਸਰਾ ਭਗਤਾਂ, ਗੁਰਮੁਖਾਂ ਅਤੇ ਪ੍ਰਭੂ ਦੇ ਸੇਵਕਾਂ ਬਾਰੇ ਆਇਆ ਹੈ।

 • ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ॥

 • ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ॥ (ਪੰਨਾ 958)

 • ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ॥ (ਪੰਨਾ 1198)

 • ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ॥ (ਪੰਨਾ 667)

 • ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ॥3॥ (ਪੰਨਾ 484) ; ਹਾੜੰਬੈ = ਮਗਹਰ ਦੀ ਕਲਰਾਠੀ ਧਰਤੀ;

 • ਸੋਈ ਸੰਤੁ ਜਿ ਭਾਵੈ ਰਾਮ॥ (ਪੰਨਾ 867)
ਸੋ ਪ੍ਰੋ. ਸਾਹਿਬ ਸਿੰਘ ਜੀ ਦੇ ਗੁਰਬਾਣੀ ਵਿਆਕਰਨ ਦੁਆਰਾ ਕੀਤੇ ਅਰਥ ਗੁਰਬਾਣੀ ਦੇ ਨਿਯਮਾਂ ਅਨੁਸਾਰ ਬਿਲਕੁਲ ਠੀਕ ਹਨ। ਗਿਆਨੀ ਹਰਬੰਸ ਸਿੰਘ ਜੀ ਉਲਾਰ ਹੋ ਗਏ ਹਨ।

ਭਾਗ 2

 • ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ॥ (ਪੰਨਾ 1279)

 • ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ॥ (ਪੰਨਾ 1328)

ਉਪਰੋਕਤ ਦੋ ਪੰਕਤੀਆਂ ,ਜਿਸ ਦੀ ਵੀਚਾਰ ਚੱਲ ਰਹੀ ਹੈ, ਵਿਦਵਾਨਾਂ ਨੇ ਜੋ ਅਰਥ ਕੀਤੇ ਹਨ ਇਸ ਤਰ੍ਹਾਂ ਹਨ:

 • 1. ਟੀਕਾ ਫਰੀਦਕੋਟ ਜਿਲਦ 2 ਪੰਨਾ 1016

  ਸਨਕ ਸਨੰਦਨ ਸੇ ਦੋਨੋਂ ਭਾਈ ਸਨਾਤਨ ਸਨਤ ਕੁਮਾਰ ਭੀ ਜਾਨ ਲੇਨੇ ਇਨੋਂ ਨੇ ਉਸ ਭਗਵੰਤ ਕਾ ਅੰਤ ਨਹੀਂ ਪਾਇਆ ਬ੍ਰਹਮਾ ਨੇ ਭੀ ਬੇਦ ਪਢ ਪਢ ਕਰ ਜਨਮ ਬਿਤਾਇ ਦੀਆ ਵਾ ਜਨਮੁ ਮਰਨ ਗਵਾਯਾ ਪਰੰਤੂ ਅੰਤ ਨਹੀਂ ਪਾਇਆ॥1॥

 • 2. ਸੰਪ੍ਰਦਾਈ ਟੀਕਾ ਅਮੀਰ ਭੰਡਾਰ ਸੈਚੀਂ 4, ਪੰਨਾ 701

  ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ, ਚਾਰੇ ਭਰਾਵਾਂ ਨੇ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ।

  ਯਥਾ: ਸਨਕ ਸਨੰਦ ਮਹੇਸ ਸਮਾਨਾਂ॥ ਸੇਖਨਾਗਿ ਤੇਰੋ ਮਰਮੁ ਨ ਜਾਨਾ॥

  ਵੇਦਾਂ ਨੂੰ ਪੜ੍ਹ ਪੜ੍ਹ ਕੇ ਬ੍ਰਹਮਾ ਨੇ ਵੀ ਆਪਣਾ ਜਨਮ ਗਵਾਇਆ, ਬਿਤੀਤ ਕਰ ਲਿਆ ਹੈ, ਪ੍ਰੰਤੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਅਥਵਾ:- ਬ੍ਰਹਮਾ, ਜਿਨ੍ਹਾਂ ਵੇਦਾਂ ਦਾ ਪੁਜਾਰੀ ਹੈ ਉਨ੍ਹਾਂ ਨੂੰ ਪੜ੍ਹ -ਪੜ੍ਹ ਕੇ ਅਤੇ ਸਿਧਾਂਤ ਧਾਰ ਕੇ ਗੁਰਮੁਖਾਂ ਨੇ ਆਪਣੇ ਜਨਮ ਮਰਨ ਨੂੰ ਗਵਾਇਆ, ਨਵਿਰਤ ਕਰ ਲੀਤਾ ਹੈ।

 • 3. ਸਿਧਾਂਤਕ ਸਟੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੰਘ ਸਾਹਿਬ ਗਿ: ਮਨੀ ਸਿੰਘ ਸਾਬਕਾ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਪ੍ਰ: ਕਬੀਰ ਜੀ ! ਜਿਸ ਪਰਮੇਸ਼ਰ ਦੀ ਪ੍ਰਾਪਤੀ ਦਾ ਆਪ ਜ਼ਿਕਰ ਕਰਦੇ ਆ ਰਹੇ ਹੋ, ਉਸ ਦੀ ਰੂਪ ਰੇਖਾ ਦਾ ਨਿਰਣਾ ਕਰ ਕੇ ਸਾਨੂੰ ਭੀ ਸਮਝਾ ਦਿਉ। ਉ: (1). ਹੇ ਭਾਈਉ ਸੁਣੋ! ਜਿਸ ਪਰਮੇਸ਼ਰ ਦਾ ਬ੍ਰਹਮਾ ਦੇ ਚਾਰੇ ਪੁੱਤਰਾਂ (ਸਨਕ, ਸਨੰਦਨ, ਸਨਤਕੁਮਾਰ ਅਤੇ ਸਨਾਤਨ, ਜੋ ਕਿ ਜਨਮ ਤੋਂ ਹੀ ਵੈਰਾਗਵਾਨ ਹੋ ਰਹੇ (ਹਿੰਦੂ ਵੀਰਾਂ ਵਲੋਂ ਮੰਨੇ ਜਾਂਦੇ ਹਨ) ਉਨ੍ਹਾਂ ਨੇ ਭੀ ਅੰਤ ਨਹੀਂ ਪਾਇਆ, ਭਾਵ ਉਸ ਪਰਮੇਸ਼ਰ ਦੇ ਗੁਣ ਬੇਅੰਤ ਹੀ ਹਨ।

  (2). ਉਸ ਬ੍ਰਹਮਾ ਨੇ ਵੀ ਬੇਦ ਪੜ੍ਹ-ਪੜ੍ਹ ਕੇ ਪਰਮੇਸ਼ਰ ਦਾ ਅੰਤ ਲੈਣ ਲਈ ਯਤਨ ਕੀਤਾ, ਪਰ ਆਖਰ ਉਸ ਨੇ ਆਪਣਾ ਜਨਮ, ਭਾਵ ਸਾਰੀ ਉਮਰ ਵਿਅਰਥ ਹੀ ਗਵਾ ਲਈ, ਅੰਤ ਨਾ ਲੈ ਸਕਿਆ।1।

 • 4. ਅਰਥ ਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ, ਡਾ. ਰਤਨ ਸਿੰਘ ਜੱਗੀ ਭਾਗ ਦੂਜਾ ਪੰਨਾ 614

  (ਹੇ ਜਗਿਆਸੂ! ਬ੍ਰਹਮਾ ਦੇ ਮਾਨਸਿਕ ਪੁੱਤਰ) ਸਨਕ ਅਤੇ ਸਨੰਦਨ ਨੇ (ਪ੍ਰਭੂ) ਦਾ ਅੰਤ ਨਹੀਂ ਪਾਇਆ। (ਉਨ੍ਹਾਂ ਦੇ ਪਿਤਾ) ਬ੍ਰਹਮਾ ਨੇ ਵੀ ਵੇਦ ਪੜ੍ਹ-ਪੜ੍ਹ ਕੇ ਹੀ ਜਨਮ ਗਵਾ ਲਿਆ।

 • 5. ਸ੍ਰੀ ਗੁਰੂ ਗ੍ਰੰਥ ਸਾਹਿਬ ਮੂਲ ਪਾਠ ਐਵਮ ਹਿੰਦੀ ਅਨੁਵਾਦ ਭਾਗ 2 ਡਾ. ਜੋਧ ਸਿੰਘ ਪੰਨਾ 478

  ਬ੍ਰਹਮ ਪੁੱਤਰ ਸਨਕ ਸਨੰਦਨ ਆਦਿ ਬੀ ਉਸ ਪ੍ਰਭੂ ਦਾ ਔਰ ਛੋਰ ਨਹੀਂ ਪਾ ਸਕੇ। ਬ੍ਰਹਮਾ ਨੇ ਬੀ ਵੇਦ ਪੜ ਪੜ ਕਰ ਹੀ ਅਪਨਾ ਜਨਮ ਗਵਾ ਦੀਆ॥1॥

 • 6. ਸ੍ਰੀ ਗੁਰੂ ਗ੍ਰੰਥ ਸਾਹਿਬ ਇੰਗਲਿਸ਼ ਅਤੇ ਪੰਜਾਬੀ ਅਨੁਵਾਦ, ਡਾ. ਮਨਮੋਹਨ ਸਿੰਘ, ਭਾਗ 3 ਪੰਨਾ 1579, ਸਨਕ ਅਤੇ ਸਨੰਦ (ਬ੍ਰਹਮਾ ਦੇ ਪੁੱਤਰਾਂ) ਨੂੰ ਸੁਆਮੀ ਦਾ ਓੜਕ ਨਹੀਂ ਲੱਭਾ। ਬ੍ਰਹਮਾ ਨੇ ਵੇਦਾਂ ਨੂੰ ਲਗਾਤਾਰ ਵਾਚਣ ਦੁਆਰਾ ਆਪਣਾ ਜੀਵਨ ਵੰਞਾ ਲਿਆ।

 • 7. ਸ੍ਰੀ ਗੁਰੂ ਗ੍ਰੰਥ ਸਾਹਿਬ ਇੰਗਲਿਸ਼ ਅਨੁਵਾਦ ਗੁਰਚਰਨ ਸਿੰਘ ਤਾਲਿਬ, ਪੋਥੀ 2 ਪੰਨਾ 1015 ਪੰਜਾਬੀ ਭਾਵ - ਬ੍ਰਹਮਾ ਦੇ ਪੁੱਤਰ ਸਨਕ ਅਤੇ ਸਨੰਦਨ ਆਦਿ ਉਨ੍ਹਾਂ ਦੇ ਉਸ ਪ੍ਰਭੂ ਦਾ ਅੰਤ ਨਹੀਂ ਪਾਇਆ। ਬ੍ਰਹਮਾ ਨੇ ਵੇਦ ਪੜ੍ਹ-ਪੜ੍ਹ ਕੇ ਆਪਣਾ ਜਨਮ ਗਵਾ ਲਿਆ ।

 • 8. ਸ੍ਰੀ ਗੁਰੂ ਗ੍ਰੰਥ ਸਾਹਿਬ ਡਾ. ਗੋਪਾਲ ਸਿੰਘ ਭਾਗ 2 ਪੰਜਾਬੀ ਭਾਵ - ਬ੍ਰਹਮਾ ਦੇ ਪੁੱਤਰ ਸਨਕ ਅਤੇ ਸਨੰਦਨ ਆਦਿ ਉਨ੍ਹਾਂ ਦੇ ਉਸ ਪ੍ਰਭੂ ਦਾ ਅੰਤ ਨਹੀਂ ਪਾਇਆ। ਬ੍ਰਹਮਾ ਨੇ ਵੇਦ ਪੜ੍ਹ-ਪੜ੍ਹ ਕੇ ਆਪਣਾ ਜਨਮ ਗਵਾ ਲਿਆ।

 • 9. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ, ਸ੍ਰੀ ਮਾਨ ਗਯਾਨੀ ਬਿਸ਼ਨ ਸਿੰਘ ਜੀ ਖਾਲਸਾ ਕਾਲਜ ਵਾਲੇ , ਤੀਸਰੀ ਸੈਂਚੀ, ਪੰਨਾ 1348, ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ ਨੇ ਵਾਹਿਗੁਰੂ ਦਾ ਅੰਤ ਨਹੀਂ ਪਾਇਆ। ਬੇਦਾਂ ਨੂੰ ਪੜ੍ਹ ਪੜ੍ਹ ਕੇ ਬ੍ਰਹਮਾਂ ਨੇ ਭੀ ਜਨਮ ਗਵਾ ਲਿਆ।

 • 10. ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਵੀਰ ਸਿੰਘ ਜੀ, ਪੋਥੀ ਛੇਵੀਂ, ਪੰਨਾ 2966 (ਬ੍ਰਹਮਾ ਦੇ ਪੁਤਰਾਂ) ਸਨਕ ਸਨੰਦਨ (ਸਨਤ ਕੁਮਾਰ ਅਤੇ ਸਨਾਤਨ) ਨੇ (ਪਰਮਾਤਮ ਦੇਵ ਦਾ) ਅੰਤ ਨਹੀਂ ਪਾਇਆ। ਬ੍ਰਹਮਾ ਨੇ ਬੀ ਵੇਦ ਪੜ੍ਹ-ਪੜ੍ਹ ਕੇ (ਅੰਤ ਲੈਣ ਲਈ ਯਤਨ ਕੀਤਾ, ਪਰ) ਜਨਮ ਹੀ ਗਵਾ ਲਿਆ (ਸਾਰੀ ਉਮਰ ਖਰਚ ਹੋ ਗਈ, ਅੰਤ ਨਾ ਮਿਲਿਆ॥1॥

 • 11. ਸੱਚਖੰਡ ਵਾਸੀ ਸੰਤ ਗਿ. ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ (ਸੀ. ਡੀ. ਰਿਕਾਡਿੰਗ ਵਿੱਚੋਂ) ਬ੍ਰਹਮਾ ਜੀ ਨੇ ਵੇਦਾਂ ਦੀ ਪੜ੍ਹਾਈ ਨੂੰ ਪੜ੍ਹ-ਪੜ੍ਹ ਕੇ ਵੀ ਆਪਣੇ ਜਨਮ ਨੂੰ ਬਤੀਤ ਕਰ ਲਿਆ ਪਰ ਅੰਤ ਨਹੀਂ ਮਹਾਰਾਜ ਜੀ ਦਾ ਪਾਇਆ। ਉਹ ਪਰਮੇਸ਼ਰ ਬੇਅੰਤ ਹੈ।

 • 12. ਬਾਣੀ ਭਗਤ ਸਟੀਕ, ਪੰਡਤ ਤਾਰਾ ਸਿੰਘ ਜੀ ਨਰੋਤਮ, ਪੰਨਾ 288 ਮਹਾ ਨਿਬ੍ਰਿਤੀ ਵਾਲੇ ਬ੍ਰਹਮਾ ਕੇ ਪੁਤ੍ਰ ਸਨਕਾਦਿਕੋਂ ਨੇ ਜਿਸ ਹਰਿ ਕਾ ਅੰਤ ਨਹੀਂ ਪਾਇਆ। ਪੁਨਾ ਸਰਬ ਕਾ ਗ੍ਰਹਨ ਕਰ ਮਹਾ ਪ੍ਰਬਿਤ ਵਾਲੇ ਬ੍ਰਹਮਾ ਨੇ ਭੀ ਜਿਸ ਕੀ ਪ੍ਰਾਪਤੀ ਹੇਤ ਬੇਦ ਪੜੇ ਪੜਿ, ਵੇਦੋਂ ਬਾਰ ਬਾਰ ਪੜਤੇ ਹੂਏ ਜਨਮ ਗਵਾਇਆ, ਅਪਨਾ ਜਨਮ ਬਤੀਤ ਕੀਆ।

  ਉਕਤ 12 ਸਤਿਕਾਰਤ ਵਿਦਵਾਨਾਂ ਨੇ ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਅਤੇ ਗੁਰਮਤਿ ਅਨੁਸਾਰ ਢੁੱਕਵੇਂ ਅਰਥ ਨਹੀਂ ਕੀਤੇ।

  ਅੱਗੇ ਜਿਨ੍ਹਾਂ ਵਿਦਵਾਨਾਂ ਨੇ ਲਗ ਮਾਤ੍ਰੀ ਨਿਯਮਾਵਲੀ ਅਨੁਸਾਰ ਅਰਥ ਕੀਤੇ ਹਨ ਇਸ ਤਰ੍ਹਾਂ ਹਨ :-

 • 13. ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪ੍ਰੋ. ਸਾਹਿਬ ਸਿੰਘ ਪੋਥੀ ਤੀਜੀ ਪੰਨਾ 711 ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ, ਉਨ੍ਹਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ।1।

 • 14. ਸ੍ਰੀ ਗੁਰੂ ਗਰੰਥ ਸਾਹਿਬ ਜੀ ਦਰਸ਼ਨ ਨਿਰਣੈ ਸਟੀਕ ਤੁਲਨਾਤਮਿਕ ਅਧਿਐਨ ਗਿ. ਹਰਬੰਸ ਸਿੰਘ ਪੋਥੀ 6 ਪੰਨਾ 472 (ਹੇ ਮੇਰੇ ਭਾਈ! ਬ੍ਰਹਮਾ ਦੇ ਪੁੱਤਰ) ਸਨਕ ਸਨੰਦਨ (ਸਨਤ ਕੁਮਾਰ) ਨੇ (ਪਰਮੇਸ਼ਰ ਦਾ) ਅੰਤ ਨਹੀਂ ਪਾਇਆ। ਬ੍ਰਹਮੇ ਦੇ ਵੇਦ ਪੜ੍ਹ ਪੜ੍ਹ ਕੇ (ਆਪਣਾ) ਜਨਮ ਹੀ (ਵਿਅਰਥ) ਗੁਆ ਲਿਆ ।1।

  ਸੋ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਗੁਰਬਾਣੀ ਵਿਚਲੇ ਕਿਸੇ ਵੀ ਨਾਉਂ-ਸ਼ਬਦ ਦੇ ਅਰਥ ਕਰਨ ਲੱਗਿਆਂ ਪਹਿਲਾਂ ਉਸ ਸ਼ਬਦ ਦੀ ਮੂਲਕ-ਬਣਤਰ ਨੂੰ ਸਾਹਮਣੇ ਰੱਖਣਾ ਬਣਦਾ ਹੈ, ਫਿਰ ਉਸ ਨੂੰ ਲੱਗੇ ਕਾਰਕ-ਚਿੰਨ੍ਹ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ।

  ਸੋ ਉਪਰੋਕਤ ਵੀਚਾਰ ਅਧੀਨ ਪੰਕਤੀ ਦਾ ਸਾਰ ਸਿੱਟਾ ਇਹ ਹੈ ਕਿ ਬ੍ਰਹਮਾ ਸ਼ਬਦ ਅੰਤ ਕੰਨਾ ਹੈ। ਜਦ ਇਹ ਲਾਂ ( ੇ ) ਨਾਲ ਆਵੇਗਾ ਤਾਂ ਸੰਪਰਦਾਨ ਕਾਰਕ, ਸਬੰਧ ਕਾਰਕ ਅਤੇ ਬਹੁ–ਵਚਨ ਦੇ ਰੂਪ ਵਿੱਚ ਆਵੇਗਾ। ਦੋ ਲਾਵਾਂ ( ੈ ) ਦੇ ਨਾਲ ਕਰਤਾ ਕਾਰਕ ਦੇ ਰੂਪ ਵਿਚ ਆਵੇਗਾ। ਸੋ, ਲਾਂ ( ੇ) ਹੋਣ ਕਾਰਨ ‘ਬ੍ਰਹਮੇ ਨੇ’ ਅਰਥ ਨਹੀਂ ਹੋ ਸਕਦਾ।

  ਜਪੁ ਬਾਣੀ ਅੰਦਰ ‘ਨਾਨਕੁ ਨੀਚੁ ਕਹੈ ਵੀਚਾਰੁ॥’ ਪੰਕਤੀ ਅੰਕਿਤ ਹੈ ਜਿਸ ਦੇ ਅਰਥ ਵਿਦਵਾਨਾਂ ਨੇ ਭਿੰਨ-ਭਿੰਨ ਕੀਤੇ ਹਨ। ਇਹ ਪਾਠਕਾਂ ਦੀ ਦ੍ਰਿਸ਼ਟੀਗੋਚਰ ਕਰਨਾ ਚਾਹਾਂਗਾ।

  ਨਾਨਕੁ ਨੀਚੁ ਕਹੈ ਵੀਚਾਰੁ॥ (ਪੰਨਾ 4)

  ਸ੍ਰੀ ਜਪੁ ਸਾਹਿਬ ਸਟੀਕ ਗਰਬ ਗੰਜਨੀ ਟੀਕਾ, ਕਵੀ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਸ੍ਰੀ ਨਾਨਕ ਜੀ ਕਹਤ ਹੈਂ : ਇਸ 'ਤੇ ਅਤਿ ਨੀਚੁ ਜੋ ਪ੍ਰਾਨੀ ਹੈਂ ਤਿਨੋਂ ਕਾ ਬਿਚਾਰਨਾ ਅਸੰਖ ਹੀ ਹੈ, ਕੁਛ ਗਨਨਿ ਮੇਂ ਨਹੀਂ ਆਵਤ ਹੈ।

  ਟੀਕਾ ਫਰੀਦਕੋਟ ਵਾਲਾ ਜਿਲਦ 1 ਪੰਨਾ 13

  ਸ੍ਰੀ ਗੁਰੂ ਜੀ ਕਹਿਤੇ ਹੈਂ ਮੈਂ (ਨੀਚੁ) ਦਾਸ ਨੇ ਵੀਚਾਰ ਕੇ ਕਹਾ ਹੈ ਵਾ ਏਹੁ ਨੀਚੋਂ ਕਾ ਵੀਚਾਰ ਕਹਾ ਹੈ। ਸੰਪ੍ਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਸੰਤ ਕਿਰਪਾਲ ਸਿੰਘ ਜੀ ਸੈਂਚੀ ਪਹਿਲੀ ਪੰਨਾ 235 ਗੁਰੂ ਸਾਹਿਬ ਜੀ ਕਥਨ ਕਰਦੇ ਹਨ। ਹੇ ਸਿਧੋ! ਅਸਾਂ ਨੇ ਇਸ ਪਉੜੀ ਵਿਚ ਨੀਚ ਪੁਰਸ਼ਾਂ ਦਾ ਵੀਚਾਰ ਕਿਹਾ ਹੈ। ਅਰਥਾਤ ਤਾਮਸੀ ਸ੍ਰਿਸ਼ਟੀ ਅਤੇ ਆਸੁਰੀ ਸੰਪਦਾ ਰੂਪ ਸ੍ਰਿਸ਼ਟੀ ਦਾ ਵੀਚਾਰ ਕਥਨ ਕੀਤਾ ਹੈ।

  ਯਥਾ¬:-

  ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥

  ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥4॥ (ਪੰਨਾ 24) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਡਤ ਨਰੈਣ ਸਿੰਘ ਗਯਾਨੀ ਪਹਿਲੀ ਪੋਥੀ ਪੰਨਾ 14

  (ਐਹੋ ਜੇਹੇ) ਨੀਚਾਂ (ਦਾ ਬਹੁਤ) ਵੀਚਾਰ (ਗੁਰੂ) ਨਾਨਕ (ਹੋਰ ਕਿੰਨਾਂ ਕੂ) ਕਹੇ?

  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ, ਸ੍ਰੀਮਾਨ ਗਿਆਨੀ ਬਿਸ਼ਨ ਸਿੰਘ ਜੀ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਾਲੇ ਸੈਚੀਂ 1 ਪੰਨਾ 23

  ਨੀਵਾਂ ਨਾਨਕ ਪਿੱਛੇ ਦੱਸੀ ਸਾਰੀ ਗੱਲ ਦਾ ਵੀਚਾਰ ਕਰ ਕੇ ਆਖਦੇ ਜਾਂ ਨੀਚਾਂ ਆਦਮੀਆਂ ਦੀ ਵੀਚਾਰ ਹੈ।

  ਜਪਸਹਿੰਤਾ (ਹਿੰਦੀ) ਅਰਥਾਤ ਜਪੁਜੀ ਪੰਨਾ 128 ਵੀਚਾਰ ਵੀਚਾਰ ਕਰ ਅਰਥਾਤ ਸਮਰਣ ਕਰ ਕਰ, ਜਿਤਨੇ ਯੇ ਕਹੇ ਹੈਂ, ਵੇ ਸਬ ਨੀਚ ਅਰਥਾਤ ਨੀਚ ਕਰਮੋਂ ਵਾਲੇ ਹੈਂ, ਯਹ ਨਾਨਕ ਕਾ ਦਰਸ਼ਨ ਅਰਥਾਤ ਨਾਨਕ ਕੀ ਦ੍ਰਿਸ਼ਟੀ ਹੈ॥

  ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਸਤਿਗੁਰ ਨਾਨਕ ਪਾਤਸ਼ਾਹ ਜੀ (ਨੀਚ) ਨਿਮਰਤਾ ਦੇ ਨਾਲ, ਇਹ ਡੂੰਘਾ ਪ੍ਰਮਾਰਥ ਦੀ ਨਿਮਰਤਾ ਵਾਲਾ ਵੀਚਾਰ, ਡੂੰਘਾ ਪਰਮੇਸ਼ਰ ਦਾ ਵੀਚਾਰ ਕਥਨ ਕਰਦੇ ਹਨ।

  ਸਿਧਾਂਤਕ-ਸਟੀਕ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ, ਪਹਿਲੀ ਸੈਂਚੀ, (ਪੰਨਾ 93) ਕਹਿੰਦੇ ਹਨ ਨਾਨਕ ਜੀ, ਕਿ ਮੈਂ ਨੀਚ ਇਹ ਵੀਚਾਰ ਆਖਦਾ ਹਾਂ ਭਾਵ ਸਤਿਗੁਰੂ ਜੀ ਆਪਣੇ ਆਪ ਨੂੰ (ਨੀਚ) ਸ਼ਬਦ ਨਾਲ ਸੰਬੋਧਨ ਕਰਦੇ ਹਨ, ਇਹ ਗਰੀਬੀ ਭਾਵ, ਹੋਰ ਵੀ ਕਈ ਥਾਵੇਂ ਆਉਂਦਾ ਹੈ। ਜਿਵੇਂ :-

  ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥4॥ (ਪੰਨਾ 24)

  ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ॥ (ਪੰਨਾ 1022)

  ਨਾਨਕੁ ਨੀਚੁ ਕਹੈ ਲਿਵ ਲਾਇ॥ (ਪੰਨਾ 223)

  ਕਿ ਹੇ ਭਾਈ! ਮੈਂ ਤਾਂ ਇਕ ਤੁੱਛ ਬੁੱਧੀ ਦਾ ਮਾਲਕ ਹਾਂ ਅਤੇ ਵੀਚਾਰ ਕਰਦਾ ਕਰਦਾ ਆਖਰ ਇੱਥੇ ਆ ਪੁੱਜਾ ਹਾਂ।

  ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪਹਿਲੀ ਪੋਥੀ, ਪੰਨਾ 93

  (ਇਹ ਨੀਚ ਕਰਮਾਂ ਵਾਲਿਆਂ ਦੀ) ਵੀਚਾਰ ਨੀਵਾਂ ਨਾਨਕ ਕਹਿ ਰਿਹਾ ਹੈ।

  ਸ੍ਰੀ ਗੁਰੂ ਗ੍ਰੰਥ ਸਾਹਿਬ ਮੂਲ ਪਾਠ ਐਵਮ ਹਿੰਦੀ ਅਨੁਵਾਦ ਡਾ. ਜੋਧ ਸਿੰਘ, ਭਾਗ 2 ਪੰਨਾ 4, (ਔਰ ਬੀ ਅਸੰਖਅ ਹੋਂਗੇ) ਬੇਚਾਰੇ (ਵਿਨਮ੍ਰ) ਨਾਨਕ ਦੇ ਅਪਨੇ (ਤੁਛ) ਵੀਚਾਰ ਅਨੁਸਾਰ ਕਹਾ ਹੈ।

  ਡਾ. ਮਨਮੋਹਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਟਰਾਂਸਲੇਸ਼ਨ ਵਾਲੀਅਮ 1, ਪੰਨਾ 11 ਪੰਜਾਬੀ ਭਾਵ: ਨਾਨਕ, ਨੀਵਾਂ! ਵਰਣਨ ਕਰਦਾ ਹੈ।

  ਅਰਥ ਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ, ਡਾ. ਰਤਨ ਸਿੰਘ ਜੱਗੀ ਭਾਗ ਪਹਿਲਾ, ਪੰਨਾ 7 ਨਿਮਾਣਾ ਨਾਨਕ ਇਹ ਵਿਚਾਰ ਪ੍ਰਗਟ ਕਰਦਾ ਹੈ ਕਿ (ਹੇ ਪ੍ਰਮਾਤਮਾ) (ਮੈਂ ਤੇਰੇ ਦਰ ਤੋਂ) ਇਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ।

  ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪ੍ਰੋ. ਸਾਹਿਬ ਸਿੰਘ ਜੀ, ਭਾਗ ਪਹਿਲਾ, ਪੰਨਾ 83 , ਇਸ ਤੁਕ ਵਿਚ ਸ਼ਬਦ ‘ਨਾਨਕੁ’ ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ ‘ਨੀਚੁ’ ਵਿਸ਼ੇਸ਼ਣ ਹੈ ਅਤੇ ਪੁਲਿੰਗ ਹੈ। ਉਂਞ ਭੀ ਸ਼ਬਦ ‘ਨਾਨਕੁ’ ਦੇ ਨਾਲ ਹੀ ਵਰਤਿਆ ਗਿਆ ਹੈ। ਸੋ ‘ਨੀਚੁ’ ਸ਼ਬਦ ‘ਨਾਨਕੁ’ ਦਾ ਵਿਸ਼ੇਸ਼ਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ ‘ਨੀਚ’ ਆਖਦੇ ਹਨ, ਇਹ ਗਰੀਬੀ ਭਾਵ ਹੋਰ ਭੀ ਕਈ ਥਾਈਂ ਆਉਂਦਾ ਹੈ।

  ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥

  ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥ (ਪੰਨਾ 24)

  ਜੁਗੁ ਜੁਗੁ ਸਾਚਾ ਹੈ ਭੀ ਹੋਸੀ॥ ਕਉਣੁ ਨ ਮੂਆ ਕਉਣੁ ਨ ਮਰਸੀ॥

  ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ॥ (ਪੰਨਾ 1022)

  ਕਥਨੀ ਕਥਉ ਨ ਆਵੈ ਓਰੁ॥ ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ॥

  ਦੁਖੁ ਸੁਖੁ ਭਾਣੈ ਤਿਸੈ ਰਜਾਇ॥ ਨਾਨਕੁ ਨੀਚੁ ਕਹੈ ਲਿਵ ਲਾਇ॥ (ਪੰਨਾ 222)

  ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ, ਗਿ. ਹਰਿਬੰਸ ਸਿੰਘ ਜੀ, ਭਾਗ ਪਹਿਲਾ, ਪੰਨਾ 135 ਇਸ ਪੰਕਤੀ ਵਿਚ ‘ਨੀਚੁ’ ਪਦ ਦੇ ਦੋ ਤਰ੍ਹਾਂ ਅਰਥ ਪ੍ਰਚਲਿਤ ਹਨ :- ਜਿਵੇਂ 1. ਗੁਰਦੇਵ ਇਹ ਵਿਚਾਰ ਕਰਦੇ ਹਨ ਕਿ ਇਹ (ਸਭ) ਨੀਚ ਹਨ। (ਪੰ. ਕਰਤਾਰ ਸਿੰਘ ਦਾਖਾ)

  2. (ਇਹ ਨੀਚ ਕਰਮਾਂ ਵਾਲਿਆਂ ਦੀ) ਵੀਚਾਰ ਨੀਵਾਂ ਨਾਨਕ ਕਹਿ ਰਿਹਾ ਹੈ। (ਭਾਈ ਵੀਰ ਸਿੰਘ)

  ਨਿਰਣੈ : ਇੱਥੇ ਨੀਚੁ ਸ਼ਬਦ ਦਾ ਅਰਥ ‘ਨੀਵਾਂ’ ਕਰਨ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਸਤਿਕਾਰ ਨੂੰ ਕੋਈ ਧੱਕਾ ਨਹੀਂ ਵੱਜਦਾ, ਸਗੋਂ ਗੁਰੂ ਸਾਹਿਬ ਦੀ ਮਹਾਨਤਾ ਅਤੇ ਵਡਿਆਈ ਵਿੱਚ ਵਾਧਾ ਹੁੰਦਾ ਹੈ। ਜੇ ਕਿਸੇ ਵਿਦਵਾਨ ਦੇ ਇਨ੍ਹਾਂ ਅਰਥਾਂ ਨੂੰ ਕਬੂਲ ਕੀਤਾ ਜਾਵੇ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਉੜੀ ਵਿੱਚ ਆਏ ਨੀਚਾਂ ਦਾ ਵਿਚਾਰ ਕਰਦੇ ਹਨ, ਪਾਠਕਾਂ ਨੂੰ ਭਾਵੇਂ ਕੋਈ ਭੁਲੇਖਾ ਪਵੇ ਜਾਂ ਨਾ ਪਵੇ ਪਰ ਇਹ ਅਰਥ ਗੁਰਬਾਣੀ ਵਿਆਕਰਨ ਦੇ ਨਿਯਮਾਂ ਅਨੁਸਾਰ ਨਹੀਂ। ਜਿਸ ਸ਼ਬਦ ਦੇ ਹੇਠਾਂ ਔਂਕੜ ਲੱਗਾ ਹੋਵੇ, ਉਹ ਇਕ ਵਚਨ ਪੁਲਿੰਗ ਪਦ ਹੁੰਦਾ ਹੈ, ਬਹੁ ਵਚਨ ਦਾ ਸੂਚਕ ਨਹੀਂ ਬਣ ਸਕਦਾ।

  ਪ੍ਰੋ. ਰਤਨ ਸਿੰਘ ਜੱਗੀ, ਗਿਆਨੀ ਹਰਬੰਸ ਸਿੰਘ, ਗਿਆਨੀ ਬਿਸ਼ਨ ਸਿੰਘ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਗਿਆਨੀ ਮਨੀ ਸਿੰਘ, ਭਾਈ ਵੀਰ ਸਿੰਘ, ਪ੍ਰੋ. ਮਨਮੋਹਨ ਸਿੰਘ ਅਤੇ ਪ੍ਰੋ. ਸਾਹਿਬ ਸਿੰਘ ਜੀ ਅਨੁਸਾਰ ਕੀਤੇ ਅਰਥ ਲਗ ਮਾਤ੍ਰੀ ਗੁਰਬਾਣੀ ਨਿਯਮਾਂ ਅਨੁਸਾਰ ਦਰੁੱਸਤ ਹਨ।

  ਇਸ ਪੰਗਤੀ ਦੇ ਅਰਥਾਂ ਨੂੰ ਹੋਰ ਸਪਸ਼ਟ ਕਰਨ ਲਈ ਸਾਨੂੰ ਗੁਰਬਾਣੀ ’ਚ ਅਨੇਕ ਪ੍ਰਮਾਣ ਮਿਲਦੇ ਹਨ ਜਿਵੇ:-

  ਨਾਨਕੁ - ਕਰਤਾ ਕਾਰਕ ਅਤੇ ਪੁਲਿੰਗ ਇਕ ਵਚਨ ਨਾਉਂ

  ਨੀਚੁ - ਇਕ ਵਚਨ ਵਿਸ਼ੇਸ਼ਣ, ਪੁਲਿੰਗ

  ਜਦ ਨਾਨਕ ਅੰਤ ਮੁਕਤਾ ਆਵੇਗਾ ਤਾਂ ਇਹ ਸੰਬੋਧਨ ਰੂਪ, ਸੰਪਰਦਾਨ ਕਾਰਕ ਅਤੇ ਅਧਿਕਰਣ ਕਾਰਕ ਆਦਿਕ ਵਿੱਚ ਵਰਤਿਆ ਗਿਆ ਹੈ।

  ਜਦੋਂ ਗੁਰਬਾਣੀ ਵਿੱਚ ਕਰਤਾ ਕਾਰਕ, ਇਕ ਵਚਨ ਨਾਉਂ ਆਉਂਦਾ ਹੈ ਤਾਂ ਨਾਨਕ ਸ਼ਬਦ ਦੇ ਅੰਤ ’ਚ (ਨਾਨਕੁ) ਔਂਕੜ ਜਾਂ ਸਿਹਾਰੀ ਲਗਦੀ ਹੈ। ਜਿਵੇਂ ਜਪੁ ਬਾਣੀ ਵਿਚ ਨਾਨਕ ਅੰਤ ਮੁਕਤਾ (28 ਵਾਰ) ਨਾਨਕੁ ਅੰਤ ਔਂਕੜ (2 ਵਾਰ ) ਆਇਆ ਹੈ।

  ਇਸ ਤੋਂ ਇਲਾਵਾ ਨਾਨਕ ਸ਼ਬਦ ਦੇ 7 ਵੱਖ-ਵੱਖ ਰੂਪਾਂ ਨਾਨਕ,  ਨਾਨਕਾ,  ਨਾਨਕਿ,  ਨਾਨਕੁ,  ਨਾਨਕੈ,  ਨਾਨਕੋ,  ਨਾਨਕਹ  ਵਿੱਚ ਦਰਸਾਇਆ ਗਿਆ ਹੈ। ਕੇਵਲ ਨਾਨਕੁ ਨੀਚੁ   ਨਾਮ  ਅਤੇ  ਵਿਸ਼ੇਸ਼ਣ, ਗੁਰੂ ਨਾਨਕ ਬਾਣੀ ਵਿੱਚ, ਜਪੁ ਬਾਣੀ ਤੋਂ ਇਲਾਵਾ 5  ਵਾਰ ਦਰਜ ਹੈ ਜਿਵੇਂ :-

  ਨਾਨਕੁ ਨੀਚੁ ਕਹੈ ਬੀਚਾਰੁ ॥ (ਪੰਨਾ 24)

  ਦੁਖੁ ਸੁਖੁ ਭਾਣੈ ਤਿਸੈ ਰਜਾਇ॥ ਨਾਨਕੁ ਨੀਚੁ ਕਹੈ ਲਿਵ ਲਾਇ॥ (ਪੰਨਾ 223)

  ਭਾਇ ਮਿਲੈ ਭਾਵੈ ਭਇਕਾਰੁ॥ ਨਾਨਕੁ ਨੀਚੁ ਕਹੈ ਬੀਚਾਰੁ॥ (ਪੰਨਾ 413)

  ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ॥(ਪੰਨਾ 1021)

  ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ॥ (ਪੰਨਾ 1022)

  ‘ਨਾਨਕੁ’ ਇਕ ਵਚਨ ਪੁਲਿੰਗ ਨਾਉਂ ਅਤੇ ‘ਗਰੀਬੁ’ ਵਿਸ਼ੇਸ਼ਣ ਦੇ ਰੂਪ ਵਿੱਚ 3 ਵਾਰ ਆਇਆ ਹੈ।

  ਨਾਨਕੁ ਗਰੀਬੁ ਕਿਆ ਕਰੈ ਬਿਚਾਰਾ...॥ (ਪੰਨਾ 527)

  ਨਾਨਕੁ ਗਰੀਬੁ ਢਹਿ ਪਿਆ ਦੁਆਰੈ...॥ (ਪੰਨਾ 757)

  ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ (ਪੰਨਾ 676)

  ਨਾਨਕੁ ਇਕ ਵਚਨ ਪੁਲਿੰਗ ਨਾਉਂ ਦੇ ਨਾਲ  ਜਨੁ,  ਦਾਸੁ,  ਦੀਨੁ  ਵਿਸ਼ੇਸ਼ਣ  ਇਕ ਵਚਨ ਮਿਲਦੇ ਹਨ:-

  ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥5॥ (ਪੰਨਾ 11)

  ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ॥ (ਪੰਨਾ 646)

  ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ॥ (ਪੰਨਾ 106)

  ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥ (ਪੰਨਾ 205)

  ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ॥ (ਪੰਨਾ 404)

  ਨਾਨਕੁ ਦੀਨੁ ਜਾਚੈ ਤੇਰੀ ਸੇਵ॥ (ਪੰਨਾ 867)

  ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ॥ (ਪੰਨਾ 1005)

  ਨਾਨਕ ਸੰਪਰਦਾਨ ਕਾਰਕ ਨਾਲ   ਕਉ,  ਨਾਨਕ ਸੰਬੰਧਕੀ ਕਾਰਕ ਨਾਲ  ਕਾ,

    ਨਾਨਕ ਅਧਿਕਰਣ ਕਾਰਕ ਦੇ ਨਾਲ   ਕੈ,   ਨਾਨਕ   ਸੰਬੋਧਨ ਕਾਰਕ ਮਿਲਦੇ ਹਨ:-

  • ਨਾਨਕ ਕਉ ਪ੍ਰਭ ਮਇਆ ਕਰਿ॥ (ਪੰਨਾ 211)

  • ਨਾਨਕ ਕਉ ਪ੍ਰਭਿ ਕਰੀ ਦਾਤਿ॥ (ਪੰਨਾ 987); ਪ੍ਰਭੂ ਨੇ ਨਾਨਕ ਨੂੰ ਦਾਤ ਕੀਤੀ ਹੈ। ਇਸ ਲਈ " ਨਾਨਕ " ਸੰਪਰਦਾਨ ਕਾਰਕ ਹੈ।

  • ਨਾਨਕ ਕਾ ਅੰਗੁ ਕੀਆ ਕਰਤਾਰਿ॥ (ਪੰਨਾ 866)

  • ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ॥ (ਪੰਨਾ 399)

  • ਨਾਨਕ ਕੈ ਘਰਿ ਕੇਵਲ ਨਾਮੁ॥ (ਪੰਨਾ 1136); ਸੰਤ ਜਨਾਂ ਨੇ ਮੇਰਾ ਮਨ ਮੈਨੂੰ ( ਨਾਨਕ ਨੂੰ) ਦੇ ਦਿਤਾ ਹੈ ਅਤੇ ਹੁਣ ਮੇਰੇ ਹਿਰਦੇ ਘਰ ਵਿਚ ਕੇਵਲ ਨਾਮ ਹੈ। ਇਸ ਲਈ " ਨਾਮ " ਅਪਾਦਾਨ ਕਾਰਕ ਹੈ।

  • ਨਾਨਕ ਵਿਗਸੈ ਵੇਪਰਵਾਹੁ॥ (ਪੰਨਾ 2)

   ਨਾਨਕਿ ਕਰਤਾ ਕਾਰਕ ਇਕ ਵਚਨ ਪੁਲਿੰਗ :-

  • ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ॥ (ਪੰਨਾ 166)

  • ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ॥ (ਪੰਨਾ 316)

  • ਸਾਧਸੰਗਿ ਨਾਨਕਿ ਰੰਗੁ ਮਾਣਿਆ॥ (ਪੰਨਾ 806)

   ਨਾਨਕਾ ਸੰਬੋਧਨ ਕਾਰਕ ਵਿਚ :-

  • ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ (ਪੰਨਾ 14)

  • ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੁੋ॥ ਨੋਟ:- ਇਸ ਪੰਗਤੀ ਵਿੱਚ ਅਖੀਰ ਦੇ ਸ਼ਬਦ ਦੇ ਅੱਖਰ ਨ ਨੂੰ ਦੋ ਲਗਾਂ ' ੁ ' ਅਤੇ ' ੋ ' ਹਨ।
  • ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ॥ (ਪੰਨਾ 40)

   ਨਾਨਕੋ - ਕਰਤਾ ਕਾਰਕ :-

  • ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ॥ (ਪੰਨਾ 1297)

   ਨਾਨਕੈ – ਸੰਪਰਦਾਨ ਕਾਰਕ

  • ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ॥ (ਪੰਨਾ 421); ਮੈਨੂੰ ਅਉਗਣਿਆਰੇ ਨਾਨਕ ਪ੍ਰਮਾਤਮਾ ਗੁਣੁ ਦੀ ਬਖਸ਼ੀਸ਼ ਮੇਰੇ ਲਈ ਸਦਾ ਲਈ ਵਡਿਆਈ ਹੈ। ਕਿਉਂ ਕਿ ਨਾਨਕ ਲਈ ਦਾਤ ਦੀ ਪ੍ਰਭੂ ਪਾਸੋਂ ਜਾਚਨਾ ਹੈ, ਇਸ ਲਈ " ਨਾਨਕ " ਸੰਪਰਦਾਨ ਕਾਰਕ ਹੈ।

   ਨਾਨਕਹ – ਸੰਬੋਧਨ ਕਾਰਕ :-

  • ਸਾਧਸੰਗ ਸ੍ਨੇਹ ਸਤ੍ਹਿੰ ਸੁਖਯੰ ਬਸੰਤਿ ਨਾਨਕਹ॥ (ਪੰਨਾ 1354) ਨੋਟ - ਇਸ ਪੰਗਤੀ ਵਿੱਚ ਸਾਧਸੰਗ ਦੇ ਬਾਅਦ ਦੇ ਸ਼ਬਦ ਵਿੱਚ ' ਸ ' ਦੇ ਪੈਰ ਵਿੱਚ ' ਅੱਧਾ ਨ ' ਹੈ ਅਤੇ ' ਸ ' ਦੇ ਉਪਰ ਲਾਂਵ ( ੇ) ਹੈ ਅਤੇ ਅਖੀਰ ਵਿੱਚ ' ਹ ' ਹੈ।

   Back to previous page

 • Akali Singh Services and History | Sikhism | Sikh Youth Camp Programs | Punjabi and Gurbani Grammar | Home