ਸੰਬੰਧਕ / Preposition

 ਸੰਬੰਧਕ :-   ਉਹ ਸ਼ਬਦ  ਜੋ ਨਾਂਵ  ਜਾਂ ਪੜਨਾਂਵ ਦੇ ਪਿਛੇ ਲੱਗ ਕੇ ਉਸ ਨਾਂਵ  ਜਾਂ ਪੜਨਾਂਵ ਦਾ ਸੰਬੰਧ ਵਾਕ ਦੀ ਕਿਰਿਆ ਜਾਂ ਹੋਰ ਸ਼ਬਦਾਂ ਨਾਲ ਦੱਸੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- (1) ਇਹ ਪ੍ਰੀਤਮ ਦਾ ਕੋਟ ਹੈ। (2) ਪੈੱਨ ਵਿੱਚ ਸਿਆਹੀ ਹੈ। (3) ਸਖੀ ਨੇ ਗਰੀਬ ਨੂੰ ਸਹਾਇਤਾ ਵਜੋਂ ਬਹੁਤ ਸਾਰਾ ਧੰਨ ਦਿਤਾ। (4) ਸਾਹਮਣੇ ਸ਼੍ਰੇਣੀ ਦੇ ਹੋਰ ਬੱਚੇ ਬੈਠੇ ਹਨ। (5) ਉਹਨਾਂ ਦੀ ਕਿਤਾਬ ਮੇਜ਼ ਉੱਤੇ ਪਈ ਹੈ। ਇਨ੍ਹਾਂ ਵਾਕਾਂ ਵਿੱਚ  ' ਦਾ '  ਅਤੇ  ' ਵਿੱਚ ',  ' ਨੇ '  ਅਤੇ   ' ਨੂੰ ',  ' ਦੇ ',  ' ਉੱਤੇ ' ਸੰਬੰਧਕ ਹਨ। ਇਸ ਤਰਾਂ ਦੇ ਹੋਰ ਸੰਬੰਧਕ :   ਦੀ,   ਦੀਆਂ,  ਤੋਂ,  ਥੋਂ,  ਦੁਆਰਾ,  ਨਾਲ  ਅਤੇ  ਕੋਲ, ਆਦਿ ਹਨ।

ਜਿਸ ਨਾਂਵ ਜਾਂ ਪੜਨਾਂਵ ਦੇ ਪਿਛੇ ਸੰਬੰਧਕ ਜਾਂ ਸੰਬੰਧ ਸੂਚਕ ਪਿਛੇਤਰ ਆਉਣ, ਉਸ ਨਾਂਵ ਜਾਂ ਪੜਨਾਂਵ ਨੂੰ  ' ਸੰਬੰਧੀ '   ਕਹਿੰਦੇ ਹਨ ਅਤੇ ਜਿਸ ਦੂਜੇ ਸ਼ਬਦ ਨਾਲ ਉਸ ਦਾ ਸੰਬੰਧ ਪਰਗਟ ਕਰਨ, ਉਸ ਨੂੰ  ' ਸੰਬੰਧਮਾਨ '   ਆਖਦੇ ਹਨ, ਜਿਵੇਂ: ਕੁਲਵੰਤ ਦਾ ਚਾਕੂ।, ਇਸ ਵਿੱਚ, ' ਕੁਲਵੰਤ ' ਸੰਬੰਧੀ ਹੈ ਅਤੇ ' ਚਾਕੂ ' ਸੰਬੰਧਮਾਨ ਹੈ।

  ਸੰਬੰਧਕਾਂ ਬਾਰੇ ਕੁਝ ਧਿਆਨ ਯੋਗ ਗੱਲਾਂ:-

 1. ਵਾਕ ਵਿੱਚ ਸੰਬੰਧਕ ਸ਼ਬਦਾਂ ਦੀ ਅਣਹੋਦ ਜਾਂ ਗਲਤ ਵਰਤੋਂ ਵਾਕ ਦੇ ਅਰਥ ਨੂੰ ਸਪੱਸ਼ਟ ਨਹੀਂ ਕਰਦਾ।

 2. ਪੰਜਾਬੀ ਵਿੱਚ ਸੰਬੰਧਕ ਸ਼ਬਦ ਆਮ ਤੌਰ 'ਤੇ ਨਾਂਵ ਜਾਂ ਪੜਨਾਂਵ ਦੇ ਪਿੱਛੋਂ ਆਉਂਦਾ ਹੈ।

 3. ਇੱਕੋ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸ਼ਬਦ-ਭੇਦਾਂ ਅਧੀਨ ਆ ਸਕਦਾ ਹੈ। ਇਸੇ ਤਰਾਂ ਜਿਹੜੇ ਸ਼ਬਦ ਨੂੰ ਸੰਬੰਧਕ ਕਿਹਾ ਜਾਂਦਾ ਹੈ, ਉਹ ਕਿਰਿਆ ਵਿਸ਼ੇਸ਼ਣ ਵੀ ਹੋ ਸਕਦਾ ਹੈ।

   ਜਿਵੇਂ:-

  1.   ਬਾਬਾ ਜੀ ਬਾਹਰ ਬੈਠੇ ਹਨ।

  2.   ਬਾਬਾ ਜੀ ਘਰੋਂ ਬਾਹਰ ਬੈਠੇ ਹਨ।

  3.   ਉਹ ਅੰਦਰ ਚਲਾ ਗਿਆ।

  4.   ਉਹ ਘਰ ਅੰਦਰ ਚਲਾ ਗਿਆ।

       ਪਹਿਲੇ  ਵਾਕ ਵਿੱਚ ' ਬਾਹਰ ' ਸ਼ਬਦ ਕਿਰਿਆ-ਵਿਸ਼ੇਸ਼ਣ ਹੈ; ਜਦ ਕਿ  ਦੂਜੇ  ਵਾਕ ਵਿੱਚ ਇਹੋ ਸ਼ਬਦ ਸੰਬੰਧਕ ਹੈ। ਇਸੇ ਤਰਾਂ  ਤੀਜੇ   ਵਾਕ ਵਿੱਚ ' ਅੰਦਰ ' ਸ਼ਬਦ ਕਿਰਿਆ-ਵਿਸ਼ੇਸ਼ਣ ਹੈ ਜਦੋਂ ਕਿ  ਚੌਥੇ   ਵਾਕ ਵਿੱਚ ਇਹੋ ਸ਼ਬਦ ਸੰਬੰਧਕ ਹੈ ।

    ਸੰਬੰਧਕਾਂ ਦੀ ਵੰਡ

  1. ਪੂਰਨ ਸੰਬੰਧਕ  :  ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਹੋਣ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ: ਨੇ, ਨੂੰ, ਅਤੇ, ਤਕ, ਪਰ, ਦਾ, ਦੀ, ਨਜ਼ੀਕ,ਵਿੱਚ ਆਦਿ।

  2. ਅਪੂਰਨ ਸੰਬੰਧਕ :  ਜਿਹੜੇ ਸ਼ਬਦ ਕਿਸੇ ਸੰਬੰਧਕ ਨਾਲ ਮਿਲ ਕੇ ਆਉਣ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:-  ਨੇੜੇ,  ਦੂਰ,  ਉਤੇ,  ਹੇਠਾਂ,  ਬਾਹਰ,  ਸਾਹਮਣੇ, ਆਦਿ।

  3. ਦੁਬਾਜਰੇ ਸੰਬੰਧਕ :  ਜਿਹੜੇ ਸ਼ਬਦ ਕਦੇ ਪੂਰਨ ਸੰਬੰਧਕ ਹੋਣ ਅਤੇ ਕਦੇ ਅਪੂਰਨ ਸੰਬੰਧਕ, ਉਹਨਾਂ ਨੂੰ ਦੁਬਾਜਰੇ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ :-  ਕੋਲ,  ਪਾਸ,  ਕਰਕੇ,  ਲਈ,  ਨਾਲ,  ਵਲ,  ਉੱਤੇ,  ਉੱਪਰੰਤ,  ਹੇਠਾਂ,  ਅੱਗੇ,  ਪਿਛੇ,  ਗੋਚਰੇ,   ਬਦਲੋ,  ਤੁਲ,  ਦੁਆਰਾ,  ਯੋਗ ਰਾਹੀਂ,  ਸਮਾਨ,  ਜਿਹਾ,  ਵਰਗਾ,  ਨਿਆਈਂ,  ਬਾਬਤ,  ਬਗੈਰ,  ਬਿਨਾਂ  ਅਤੇ  ਵੱਲ, ਆਦਿ ।

  4. ਸੰਬੰਧ ਸੂਚਕ ਪਿਛੇਤਰ : ਜਿਹੜੇ ਸ਼ਬਦਾਂ ਦਾ ਪਿਛੇਤਰ ਹੀ ਸੰਬੰਧਕ ਦਾ ਕੰਮ ਦੇਵੇ, ਜਿਵੇਂ :  ਹੱਟੀਓਂ (ਹੱਟੀ ਤੋਂ), ਸਕੂਲੋਂ (ਸਕੂਲ ਤੋਂ) ਘਰੇ (ਘਰ ਵਿੱਚ ) ਆਦਿ।

  5. ਇਸ ਤੋਂ ਬਿਨਾਂ ਚਾਰ ਚਿੰਨ੍ਹ ਵੀ ਸੰਬੰਧ ਸੂਚਕ ਹਨ,  ਜਿਵੇਂ:   ਲਾਂ ( ੇ ),   ਹੋੜਾ ਬਿੰਦੀ ( ੋਂ ) ਸਕੂਲੋਂ,  ਬਿਹਾਰੀ ਬਿੰਦੀ ( ੀ ਂ ) ਦੰਦੀਂ, ਔਂਕੜ ਬਿੰਦੀ ਲਾ ਕੇ   ਉਂ ,  ਮੁਹੌਂ = ਮੂੰਹ ਤੋਂ ,  ਆਪੌਂ = ਆਪਣੇ ਆਪ ਹੀ, ਆਦਿ। 

 4. ਪੰਜਾਬੀ ਬੋਲੀ ਵਿੱਚ ਸੰਬੰਧਕ,  ਸ਼ਬਦਾਂ ਦੇ ਰੂਪ ਵਿੱਚ ਹੁੰਦੇ ਹਨ; ਪ੍ਰੰਤੂ ਜਿੱਥੇ ਕਿਤੇ ਇਹ ਮਾਤਰਾ ਦੇ ਤੌਰ, ਪਿਛੇਤਰ ਦੇ ਰੂਪ ਵਿੱਚ ਵਰਤੇ ਜਾਂਦੇ ਹਨ, ਉੱਥੇ ਇਹਨਾਂ ਨੂੰ ਕਾਰਕੀ ਪਿਛੇਤਰ ਕਿਹਾ ਜਾਂਦਾ ਹੈ, ਜਿਵੇਂ :

(ੳ). ਹੱਥੀਂ ਪਾਈਆਂ ਦੰਦੀਂ ਖੋਲ੍ਹਣੀਆਂ ਪੈਂਦੀਆਂ ਹਨ। ਬਿਹਾਰੀ ਬਿੰਦੀ ( ੀ ਂ ) ਦੇ ਰੂਪ ਵਿੱਚ।

  ਇਹ ਵਾਕ ਇਸ ਤਰਾਂ ਵੀ ਲਿਖਿਆ ਜਾ ਸਕਦਾ ਹੈ:

(ਅ). ਹੱਥਾਂ ਨਾਲ ਪਾਈਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ।

ਪਹਿਲੇ (ੳ). ਵਾਕ ਵਿੱਚ  ' ਹੱਥ ' ਅਤੇ  ' ਦੰਦ '  ਨਾਲ ਪਿਛੇਤਰ ਵਜੋਂ ਲਗੀ ਮਾਤਰਾ (ਈਂ) ਕਾਰਕੀ ਪਿਛੇਤਰ ਹੈ ਜਦੋਂ ਕਿ ਦੂਜੇ (ਅ).  ਵਾਕ ਵਿੱਚ ਸ਼ਬਦ  " ਨਾਲ "  ਸੰਬੰਧਕ ਹੈ।

ਹੇਠ ਲਿਖੇ ਸ਼ਬਦ ਨਾਉਂ ਜਾਂ ਪੜਨਾਉਂ ਦੇ ਮਗਰ ਆ ਕੇ ਆਮ ਤੌਰ 'ਤੇ ਸੰਬੰਧਕ ਹੀ ਹੁੰਦੇ ਹਨ:-  ਉਪਰ,  ਪਿਛੋਂ,  ਪਹਿਲਾਂ,  ਹੇਠਾਂ,  ਬਾਬਤ,  ਲਾਇਕ,  ਵਿਰੁਧ,  ਵਰਗਾ,  ਵਾਸਤੇ,  ਕਾਰਨ,  ਸਬੱਬ,  ਸਾਰੇ,  ਤਰ੍ਹਾਂ,  ਜੋਗ,  ਨਮਿਤ,  ਅਨੁਸਾਰ, ਆਦਿ ।

ਗੁਰਬਾਣੀ ਵਿੱਚ ਸਿਹਾਰੀ,  ਬਿਹਾਰੀ,  ਦੁਲਾਵਾਂ,  ਟਿੱਪੀ,  ਅਤੇ  ' ਹ ' ਨੂੰ ਔਂਕੜ ਵੀ, ਸੰਬੰਧ ਸੂਚਕ ਪਿਛੇਤਰ ਮੰਨੇ ਜਾਂਦੇ ਹਨ, ਜਿਵੇਂ : ' ਚਾਨਣਿ ' = ਚਾਨਣ ਵਿੱਚ ਜਾਂ ਚਾਨਣ ਕਰਕੇ ,  ' ਪੰਡਿਤੀਂ ' ਪੰਡਿਤਾਂ ਰਾਹੀਂ ਜਾਂ ਪੰਡਿਤਾਂ ਨੇ , ' ਮੰਨੈ '   ਮੰਨਣ ਵਿੱਚ ਜਾਂ ਮੰਨਣ ਨਾਲ ਜਾਂ ਮੰਨਣ ਕਰਕੇ ,  ' ਸੁਣਿਐ '  ਸੁਣਨ ਵਿੱਚ ਜਾਂ ਸੁਣਨ ਨਾਲ ,   ' ਹੁਕਮੈ '  ਹੁਕਮ ਵਿੱਚ ਜਾਂ ਹੁਕਮ ਨੂੰ , ' ਮੂਹੋਂ '   ਮੂੰਹ ਵਿੱਚ ਜਾਂ ਮੂੰਹ ਤੋਂ ਅਤੇ  ' ਨੈਨਹੁ ਨੀਰ '  ਨੈਨਾਂ ਵਿੱਚ ਜਾਂ ਨੈਨਾਂ ਤੋਂ ਆਦਿ ।

ਜਿਹੜੇ ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਦੇ ਪਿਛੋਂ ਸੰਬੰਧਕ ਆਉਂਦਾ ਹੈ, ਉਸ ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਦਾ ਰੂਪ ਕੁਝ ਬਦਲ ਜਾਂਦਾ ਹੈ; ਜਿਵੇ:-
  ਵਚਨ   ਸਾਧਾਰਨ ਰੂਪ   ਸੰਬੰਧਕੀ ਰੂਪ
  ਇੱਕ ਵਚਨ   ਮੁੰਡਾ   ਮੁੰਡੇ ਨੇ (ਗੀਤ ਗਾਇਆ ।)
  ਬਹੁ ਵਚਨ   ਮੁੰਡੇ   ਮੁੰਡਿਆਂ ਨੇ (ਗੀਤ ਗਾਇਆ ।)

' ਮੁੰਡਾ ' ਸ਼ਬਦ ਦਾ ਸੰਬੰਧਕੀ ਰੂਪ  ' ਮੁੰਡੇ ' ਹੈ। ਪ੍ਰੰਤੂ ਜਿੱਥੇ  ' ਮੁੰਡੇ '  ਸ਼ਬਦ ਬਹੁ-ਵਚਨ ਰੂਪ ਵਿੱਚ ਹੈ, ਉੱਥੇ ਇਸ ਦਾ ਸੰਬੰਧਕੀ ਰੂਪ  ' ਮੂੰਡਿਆਂ '  ਬਣਿਆ ਹੈ।

ਕਈ ਵਾਰੀ ਵਿਦਿਆਰਥੀ ਭੁਲੇਖੇ ਵਿੱਚ  ' ਹੱਥ '  ਦਾ ਬਹੁ ਵਚਨ  ' ਹੱਥਾਂ ' ,  ' ਡੱਡੂ '  ਦਾ  ' ਡੱਡੂਆਂ ',  ' ਸੇਬ '  ਦਾ  ' ਸੇਬਾਂ ' ,  ' ਆਦਮੀ '  ਦਾ ' ਆਦਮੀਆਂ ',  ' ਭਰਾ '  ਦਾ  ' ਭਰਾਵਾਂ ' ,  ' ਤਲਾਅ '  ਦਾ  ' ਤਲਾਵਾਂ ' ,  ' ਮਿਰਗ '  ਦਾ  ' ਮਿਰਗਾਂ '  ਕਰਦੇ ਹਨ, ਜਦੋਂ ਕਿ ਇਹਨਾਂ ਦੇ ਬਹੁ-ਵਚਨ ਰੂਪ ਇੱਕ-ਵਚਨ ਹੀ ਹਨ । ਉੱਪਰ ਲਿਖੇ ( ਹੱਥਾਂ, ਡੱਡੂਆਂ, ਸੇਬਾਂ, ਆਦਮੀਆਂ, ਭਰਾਵਾਂ, ਤਲਾਵਾਂ , ਮਿਰਗਾਂ , ਆਦਿ ) ਰੂਪ ਇਹਨਾਂ ਸ਼ਬਦਾਂ ਦੇ ਸੰਬੰਧਕੀ ਰੂਪ ਹਨ।
  ਵਚਨ   ਸਾਧਾਰਨ ਰੂਪ   ਸੰਬੰਧਕੀ ਰੂਪ
  ਇੱਕ ਵਚਨ   ਸਿਪਾਹੀ ਦਾ ਇੱਕ ਹੱਥ ਜ਼ਖਮੀ ਹੈ।  ਕਿਸਾਨ ਇੱਕ ਹੱਥ ਨਾਲ ਹਲ ਦਾ ਮੁੰਨਾ ਫੜਦਾ ਹੈ ।
  ਬਹੁ ਵਚਨ   ਮੇਰੇ ਦੋਵੇਂ ਹੱਥ ਸਾਫ ਹਨ।  ਤਾੜੀ ਦੋ ਹੱਥਾਂ ਨਾਲ ਵਜਦੀ ਹੈ ।

( ' ਹੱਥਾਂ '  ਸ਼ਬਦ  ' ਹੱਥ '   ਸ਼ਬਦ ਦੇ ਬਹੁ-ਵਚਨ ਰੂਪ ਦਾ ਸੰਬੰਧਕੀ ਰੂਪ ਹੈ । )
  ਇੱਕ ਵਚਨ   ਇਹ ਸੇਬ ਮਿੱਠਾ ਹੈ।   ਸੇਬ ਨੂੰ ਧੋ ਕੇ ਛਿੱਲੜ ਸਮੇਤ ਖਾਣਾ ਚਾਹੀਦਾ ਹੈ ।
  ਬਹੁ ਵਚਨ   ਟੋਕਰੀ ਵਿੱਚ ਸੇਬ ਹਨ ।   ਹਿਮਾਚਲ ਪ੍ਰਦੇਸ਼ ਸੇਬਾਂ ਦਾ ਘਰ ਹੈ ।

( ' ਸੇਬਾਂ '  ਸ਼ਬਦ  ' ਸੇਬ '  ਸ਼ਬਦ ਦੇ ਬਹੁ ਵਚਨ ਰੂਪ ਦਾ ਸੰਬੰਧਕੀ ਰੂਪ ਹੈ । )

ਅਭਿਆਸ / Practice

ਪ੍ਰਸ਼ਨ:

 1. ਸੰਬੰਧਕ ਬਾਰੇ ਤੁਸੀਂ ਕੀ ਜਾਣਦੇ ਹੋ? ਉਦਾਰਹਨਾਂ ਦੇ ਕੇ ਸਮਝਾਉ।

 2. ਸੰਬੰਧਕ ਕਿੰਨੀ ਪ੍ਰਕਾਰ ਦੇ ਹਨ? ਹਰ ਇਕ ਦੇ ਲਛਣ ਉਦਾਰਹਨਾਂ ਦੇ ਕੇ ਲਿਖੋ।

 3. ਪੂਰਨ ਅਤੇ ਅਪੂਰਨ ਸੰਬੰਧਕ ਦੇ ਭੇਦ ਨੂੰ ਵੇਰਵੇ ਸਹਿਤ ਲਿਖੋ।

 4. ਸੰਬੰਧੀ ਅਤੇ ਸੰਬੰਧਮਾਨ ਦੀ ਪਛਾਣ ਕਿਵੇਂ ਕਰੀਦੀ ਹੈ ? ਉਦਾਰਹਨਾਂ ਦੇ ਕੇ ਸਮਝਾਉ।

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home