ਰਖੜੀ ਦਾ ਤਿਉਹਾਰ

<

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ

ਕੀ ਕੋਈ ਵੀ ਅਣਖ ਗ਼ੈਰਤ ਵਾਲਾ ਗੁਰੂ ਨਾਨਕ ਦਾ ਸਿੱਖ ਇਹ ਕਿਸ ਤਰ੍ਹਾਂ ਬਰਦਾਸ਼ਤ ਕਰੇਗਾ ਕਿ ਉਸਦੀ ਭੈਣ ਅਪਣੀ ਖੁਦ-ਦਾਰੀ ਨੂੰ ਤਿਆਗ ਕੇ ਹਰ ਸਾਲ ਪੁਰਖ ਰੂਪ ਭਰਾ ਕੋਲੋਂ ਕੇਵਲ ਇਸ ਵਾਸਤੇ ਅਪਣੀ ਰਖਿਆ ਲਈ ਤਰਲੇ ਕਢਦੀ ਫ਼ਿਰੇ ਕਿਉਂਕਿ ਉਹ ਇਸਤਰੀ ਵਰਗ ਤੋਂ ਹੈ? ਇਸੇ ਤਰ੍ਹਾਂ ਕਿਹੜੀ ਹੈ ਗੁਰੂ ਨਾਨਕ ਦੇ ਦਰ ਦੀ ਉਹ ਸਿੱਖ ਬੱਚੀ ਜਾਂ ਬੀਬੀ, ਜਿਹੜੀ ਇਕ ਅਕਾਲ ਪੁਰਖ ਦਾ ਲੜ ਛੱਡ ਕੇ ਅਪਣੀ ਰਖਿਆ ਵਾਸਤੇ ਭੱਟਕਦੀ ਫ਼ਿਰੇ ਕਿ ਉਹ ਇਸਤਰੀ ਜਾਤ ਤੋਂ ਹੈ ਅਤੇ ਉਸਦੀ ਰਖਿਆ ਕਿਸੇ ਪੁਰਖ ਤੋਂ ਹੀ ਹੋਣੀ ਹੈ?

ਰੱਖੜੀ ਇੱਕ ਪੁਰਾਤਨ ਬ੍ਰਾਹਮਣੀ ਤਿਉਹਾਰ ਹੈ। ਇਸ ਦਾ ਮੂਲ ਨਾਮ 'ਰਖਸ਼ਾ ਬੰਧਨ' ਭਾਵ 'ਰਖਿਆ (ਰਖ਼ਸ਼ਾ) ਦਾ ਬੰਧਨ' ਹੈ। 'ਰਖਸ਼ਾ ਬੰਧਨ' ਦਾ ਪੰਜਾਬੀ ਰੂਪ 'ਰੱਖੜੀ' ਹੈ। ਭੈਣ, ਅਪਣੇ ਵੀਰ ਦੇ ਗੁੱਟ 'ਤੇ 'ਰੱਖੜੀ' ਬਨ੍ਹ ਕੇ, ਹਰ ਸਾਲ ਵੀਰ ਤੋਂ ਅਪਣੀ ਰਖਿਆ ਦਾ ਪ੍ਰਣ ਲੈਂਦੀ ਹੈ। ਇਸ ਤਿਉਹਾਰ ਦਾ ਅਰੰਭ ਕਦੋਂ ਅਤੇ ਕਿਸਤਰ੍ਹਾਂ ਹੋਇਆ, ਇਸ ਬਾਰੇ ਠੀਕ ਪਤਾ ਨਹੀਂ ਲਗਦਾ। ਚੂੰਕਿ ਹਰ ਕਿਸੇ ਤਿਉਹਾਰ ਜਾਂ ਰੀਤੀ ਰਿਵਾਜ ਦਾ ਸੰਬੰਧ ਕਿਸੇ ਵਿਸ਼ੇਸ਼ ਸਮਾਜ, ਵਿਚਾਰਧਾਰਾ ਅਥਵਾ ਧਰਮ ਨਾਲ ਜ਼ਰੂਰ ਹੁੰਦਾ ਹੈ। ਵਿਚਾਰਧਾਰਾ ਪਖੋਂ ਇਸ ਨੂੰ ਘੋਖਿਆ ਜਾਵੇ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਇਹ ਤਿਉਹਾਰ ਉਸੇ ਹੀ ਵਿਚਾਰਧਾਰਾ ਦੀ ਉਪਜ ਹੈ ਜਿੱਥੇ ਇੱਸਤਰੀ ਵਰਗ ਨੂੰ ਹਰ ਪਖੋਂ ਪੁਰਸ਼ ਆਸ਼ਰਤ, ਉਸਦੇ ਅਧੀਨ, 'ਅਬਲਾ' ਜਾਂ ਅਪਣੀ ਰਖਿਆ ਦੇ ਅਯੋਗ ਅਤੇ ਕਮਜ਼ੋਰ ਹੀ ਸਾਬਤ ਕੀਤਾ ਗਿਆ ਹੈ। ਇਸ ਤਿਉਹਾਰ ਦੇ ਬ੍ਰਾਹਮਣੀ ਤਿਉਹਾਰ ਹੋਣ ਦਾ ਇਕ ਹੋਰ ਵੱਡਾ ਸਬੂਤ ਇਹ ਵੀ ਹੈ ਕਿ ਤਿਉਹਾਰ ਸਮੇਂ ਹਰ ਸਾਲ ਬ੍ਰਾਹਮਣ ਵਰਗ ਦੇ ਹੀ ਕੁਝ ਲੋਕ ਹੱਥਾਂ ਵਿਚ ਰੱਖੜੀਆਂ, ਮੌਲੀਆਂ ਫੜ ਕੇ ਘਰ ਘਰ ਪਹੁੰਚਦੇ ਅਤੇ ਰੱਖੜੀਆਂ ਬੰਨ੍ਹ ਕੇ ਬਦਲੇ ਵਿਚ ਦਾਨ-ਦੱਛਨਾ ਲੈਂਦੇ ਨਜ਼ਰ ਆਊਂਦੇ ਹਨ।

ਰੱਖੜੀ ਬਾਰੇ ਵੀਚਾਰ ਕਰਨੀ ਜ਼ਰੂਰੀ ਕਿਉਂ? ਸਿੱਖ ਧਰਮ ਦਾ ਜਨਮ ਭਾਰਤ ਵਿਚ ਹੀ ਹੋਇਆ ਹੈ। ਪਿੱਛਲੇ ਹਜ਼ਾਰਾਂ ਸਾਲਾਂ ਤੋਂ ਇੱਥੇ ਬ੍ਰਾਹਮਣੀ ਵਿਚਾਰਧਾਰਾ ਘਰ ਘਰ ਦਾ ਸ਼ਿੰਗਾਰ ਬਣੀ ਪਈ ਹੈ। ਕੁੱਦਰਤੀ ਹੈ ਕਿ ਜਦੋਂ ਕਦੇ ਵੀ ਗੁਰੂ ਕੀਆਂ ਸੰਗਤਾਂ ਤੀਕ ਗੁਰਮੱਤ ਵਿਚਾਰਧਾਰਾ ਠੀਕ ਤਰ੍ਹਾਂ ਨਹੀਂ ਪੁਜਦੀ ਤਾਂ ਚਾਰੇ ਪਾਸੇ ਫੈਲੀ ਹੋਈ ਬ੍ਰਾਹਮਣੀ ਵਿਚਾਰਧਾਰਾ ਅਪਣੇ ਕੱਦਮ ਪੱਕੇ ਕਰਨੇ ਸ਼ੁਰੂ ਕਰ ਦੇਂਦੀ ਹੈ। ਨਤੀਜਾ ਹੁੰਦਾ ਹੈ ਕਿ ਇਹੀ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਦੀ ਸਿੱਖੀ ਤੋਂ ਦੂਰ ਲੈ ਜਾਣ ਦਾ ਕਾਰਣ ਬਣ ਜਾਂਦੀ ਹੈ। ਠੀਕ ਅਜ ਇਹੀ ਹਾਲਤ ਬਣੀ ਪਈ ਹੈ। ਇਸ ਲਈ, ਇਸ ਰੱਖੜੀ ਦੇ ਵਿਚਾਰ ਲਈ ਗੁਰਮੱਤ ਪੱਖ ਦੀ ਲੋੜ ਬਹੁਤ ਵੱਧ ਜਾਂਦੀ ਹੈ।

ਰੱਖੜੀ ਬ੍ਰਾਹਮਣੀ ਤਿਉਹਾਰ ਕਿਵੇਂ?- ਵੈਸੇ ਤਾਂ ਪੁਰਖ ਪ੍ਰਧਾਨ ਸਮਾਜ ਨੇ ਸੰਸਾਰ ਪੱਧਰ ਤੇ ਇੱਸਤਰੀ ਜਗਤ ਨੂੰ ਕਦੇ ਵੀ ਬਰਾਬਰੀ ਨਹੀਂ ਦਿੱਤੀ। ਫ਼ਿਰ ਵੀ ਇੱਸਤਰੀ ਨੂੰ ਦੇਵੀਆਂ ਕਹਿਨ ਵਾਲੇ ਬ੍ਰਾਹਮਣੀ ਸਮਾਜ ਦੀ ਜੇਕਰ ਇਸ ਪਖੋਂ ਚੀਰ ਫਾੜ ਕੀਤੀ ਜਾਵੇ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਇਸਤਰੀ ਵਰਗ ਦਾ ਜਿੱਤਨਾ ਸ਼ੋਸ਼ਨ ਇਸ ਸਮਾਜ ਨੇ ਕੀਤਾ ਹੈ ਸੰਸਾਰ ਦੇ ਹੋਰ ਕਿਸੇ ਵਰਗ ਨੇ ਨਹੀਂ ਕੀਤਾ। ਰੀਤੀ-ਰਿਵਾਜ, ਧਾਰਮਕ ਤਿਉਹਾਰ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਸਗ਼ਣ-ਅਪਸਸ਼ਗਣ, ਵਹਿਮ-ਭਰਮ ਘੜ੍ਹ ਕੇ ਇੱਸਤਰੀ ਨੂੰ ਉਸਦੇ ਜਨਮ ਤੋਂ ਹੀ ਮਾਨੋ ਗੁਲਾਮੀ ਦੀ ਜੱਕੜ ਵਿਚ ਦਬੋਚਿਆ ਗਿਆ ਹੈ। ਧਰਮ ਦੇ ਨਾਮ ਹੇਠ ਰਚੇ ਗਏ ਅਜੇਹੇ ਹੀ ਤਿਉਹਾਰਾਂ ਵਿਚੋ ਰੱਖੜੀ ਵੀ ਇਕ ਤਿਉਹਾਰ ਹੈ। ਜਿਉਂ ਜਿਉਂ ਅਗੇ ਚਲਾਂਗੇ ਇਹ ਵਿਸ਼ਾ ਅਪਣੇ ਆਪ ਪੂਰੀ ਤਰ੍ਹਾਂ ਸਪਸ਼ੱਟ ਹੁੰਦਾ ਜਾਵੇਗਾ।

ਬ੍ਰਾਹਮਣੀ ਸਮਾਜ ਅੰਦਰ ਇਸਤਰੀ ਵਰਗ ਦੇ ਮੁਕਾਬਲੇ ਹਰ ਪਖੋਂ ਪੁਰਸ਼ ਵਰਗ ਨੂੰ ਹੀ ਉੱਤਮਤਾ ਪ੍ਰਾਪਤ ਹੈ। ਇਸਤਰੀ ਵਰਗ ਅਪਣੇ ਆਪ ਨੂੰ ਹਰ ਸਮੇਂ ਕਮਜ਼ੋਰ ਮਹਿਸੂਸ ਕਰੇ, ਇਸ ਵਾਸਤੇ ਕੇਵਲ ਰੱਖੜੀ ਹੀ ਨਹੀਂ ਹੋਰ ਵੀ ਕਾਫ਼ੀ ਤਿਉਹਾਰ ਅਤੇ ਰੀਤੀ ਰਿਵਾਜ ਘੜੇ ਗਏ ਹਨ। ਜੇਕਰ ਇਸ ਸਾਰੇ ਪੱਖ ਦੇ ਵੇਰਵੇ ਵਿਚ ਜਾਵੀਏ ਤਾਂ ਸਭ ਕੁਝ ਉੱਘੜ ਕੇ ਸਾਹਮਣੇ ਆ ਜਾਂਦਾ ਹੈ। ਫਿਰ ਵੀ ਇਸ ਵਿਸ਼ੇ ਨੂੰ ਸਮਝਣ ਵਾਸਤੇ ਇਥੇ ਕੇਵਲ ਕੁਝ ਇਸ਼ਾਰੇ ਹੀ ਦਿੱਤੇ ਗਏ ਹਨ। ਵਿਚਾਰ ਦਾ ਵਿਸ਼ਾ ਹੈ ਕਿ ਇਸ ਸਮਾਜ ਅੰਦਰ ਮੁੰਡੇ ਦੇ ਜਨਮ ਤੇ ਵਿਸ਼ੇਸ਼ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਪਰ ਲੜਕੀਆਂ ਨੂੰ ਜੰਮਦਿਆ ਮਾਰ ਦੇਨ ਦੀਆਂ ਗਲਾਂ ਵੀ ਅਜ ਤੀਕ ਸਾਹਮਣੇ ਹਨ। ਘੁੰਡ ਦੀ ਪ੍ਰਥਾ, ਦੇਵਦਾਸੀ ਭਾਵ ਜੰਮਦਿਆਂ ਦੇਵਤਿਆ ਦੇ ਨਾਮ ਤੇ ਅਰਪਣ ਕਰ ਦੇਨਾ ਅਤੇ ਫਿਰ ਉਥੇ ਉਸਦੇ ਜੀਵਨ ਦਾ ਭਰਵਾਂ ਸ਼ੋਸ਼ਨ।

ਸਤੀ ਪ੍ਰਥਾ-ਪਤੀ ਦੀ ਮੌਤ ਦੇ ਨਾਲ ਹੀ ਜੀਂਦੀ ਜਾਗਦੀ ਨੂੰ ਉਸਦੇ ਪਤੀ ਦੀ ਚਿੱਤਾ ਵਿਚ ਸਿੱਟ ਕੇ ਸਾੜ ਦੇਨਾ। ਸਤੀ ਦੇ ਨਾਮ ਤੇ ਮੰਦਰ ਕਾਇਮ ਕਰਕੇ ਹੋਰਨਾ ਨੂੰ ਵੀ ਇਸ 'ਵਧੀਆ' ਕੰਮ ਵਾਸਤੇ ਉਤਸਾਹਤ ਕਰਨਾ, ਇਹ ਵੀ ਸਭ ਇਸੇ ਹੀ ਸਮਾਜ ਦੀ 'ਧਾਰਮਕ' ਦੇਨ ਹਨ। ਬ੍ਰਾਹਮਣੀ ਪੁਸਤਕਾਂ ਨੂੰ ਪੜ੍ਹਕੇ ਦੇਖੋ! ਉਥੇ ਸਭ ਕੁਝ ਮਿਲ ਜਾਵੇਗਾ। ਇੱਸਤਰੀ ਦੀ ਮੌਤ ਹੋ ਜਾਵੇ ਤਾਂ ਚਿੱਤਾ ਠੰਡੀ ਹੋਣ ਤੋਂ ਪਹਿਲਾਂ ਹੀ ਦੂਜੀ ਸ਼ਾਦੀ ਲਈ ਤਿਆਰ ਅਤੇ ਜੇਕਰ ਆਦਮੀ ਮਰ ਜਾਵੇ ਤਾਂ ਵਿੱਧਵਾ ਬੰਦਸ਼ਾਂ, ਆਡੰਬਰਾਂ ਰਾਹੀਂ ਉਸਦਾ ਬਾਕੀ ਦਾ ਸਾਰਾ ਜੀਵਨ ਹੀ ਨਰਕ ਬਣਾ ਦਿੱਤਾ ਜਾਂਦਾ ਹੈ। ਪੱਤਨੀ ਹੀ 'ਖਸਮ ਨੂੰ ਖਾਨੀ" ਅਤੇ ਕੁਲੱਖਣੀ ਹੁੰਦੀ ਹੈ, ਉਸ ਵਾਸਤੇ ਦੋਬਾਰਾ ਸ਼ਾਦੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਮੰਨੂ ਸਿਮਰਤੀ ਅਨੁਸਾਰ ਤਾਂ ਲੜਕੀ ਨੂੰ ਪੜ੍ਹਣ ਦਾ ਵੀ ਹੱਕ ਨਹੀਂ ਅਤੇ ਹੋਰ ਬਹੁਤ ਕੁਝ। ਕਰਵਾਚੌਥ ਆਦਿ ਦੇ ਵਰਤ ਵੀ ਇਸੇ ਲੜੀ ਵਿਚ ਹਨ ਜਦੋਂ ਚੰਦ੍ਰਮਾ ਦੇਵਤੇ ਪਾਸੋਂ ਪਤੀ ਦੀ ਲੰਮੀ ਉਮਰ ਲਈ ਮਂਗ ਕੀਤੀ ਜਾਂਦੀ ਹੈ। ਦੂਜੇ ਪਾਸੇ "ਪੱਤਨੀ ਵਿਚਾਰੀ ਤਾਂ ਹੈ ਹੀ ਵਾਧੂ ਦੀ ਚੀਜ਼, ਇਕ ਮਰ ਗਈ ਤਾਂ ਦੂਜੀ ਆ ਜਾਵੇਗੀ। ਉਸਦੀ ਜ਼ਿੰਦਗੀ ਵਾਸਤੇ ਭਲਾ ਅਜੇਹੇ ਵਰਤਾਂ ਦੀ ਕੀ ਲੋੜ? " ਨਿਰੋਲ 'ਰੱਖੜੀ" ਦੀ ਤਰਜ਼ ਤੇ ਹੀ ਇਕ ਹੋਰ ਬ੍ਰਾਹਮਣੀ ਤਿਉਹਾਰ 'ਭਈਆ ਦੂਜ' ਵੀ ਹੈ ਜਿਸਨੂੰ ਪੰਜਾਬ ਵਿਚ 'ਟਿੱਕਾ' ਕਹਿਂਦੇ ਹਨ। 'ਟਿੱਕੇ ਸਮੇਂ' ਵੀ ਹਰ ਸਾਲ ਵੀਰ ਦੇ ਮੱਥੇ ਤੇ ਟਿੱਕਾ ਲਗਾਕੇ ਭੈਣ ਅਪਣੇ ਇਸ਼ਟ ਪਾਸੋਂ, ਵੀਰੇ ਦੀ ਲੰਮੀ ਉਮਰ ਦੀ ਮੰਗ ਕਰਦੀ ਹੈ। ਇਸਦੇ ਉਲਟ ਅਜੇਹਾ ਕੋਈ ਤਿਉਹਾਰ ਨਹੀਂ ਜਦੋਂ ਇਹ ਮੰਗ ਵੀ ਹੋਵੇ ਕਿ ਉਸਦੀ ਭੈਣ ਦੀ ਉਮਰ ਵੀ ਲੰਮੀ ਹੋਵੇ। ਇਥੇ ਹੀ ਬਸ ਨਹੀਂ 'ਭਈਆ ਦੂਜ' ਜਾਂ 'ਟਿੱਕੇ' ਵਾਲਾ ਇਕੱਲਾ ਤਿਉਹਾਰ ਹੀ ਇਸ ਸਚਾਈ ਨੂੰ ਉਜਾਗਰ ਕਰਨ ਵਾਸਤੇ ਕਾਫ਼ੀ ਹੈ ਕਿ ਰੱਖੜੀ ਨਿਰੋਲ ਬ੍ਰਾਹਮਣੀ ਤਿਉਹਾਰ ਹੈ । ਹੋਰ ਲਵੋ! ਮੁੰਡੇ ਭਾਵੇਂ ਜਿੱਥੇ ਮਰਜ਼ੀ ਖੇਹ ਖਾਣ ਕਿਉਂਕਿ ਉਹ ਤਾਂ ਮੁੰਡ-ਖੁੰਡੇ ਹਨ। ਇਸਦੇ ਉਲਟ ਜੇਕਰ ਉਹੀ ਭੁੱਲ ਲੜਕੀ ਕੋਲੋਂ ਹੋ ਜਾਵੇ ਜਾਂ ਉਸ ਨਾਲ ਕੋਈ ਸਮਾਜਿਕ ਭੇੜੀਆ ਵਾਧ-ਘਾਟ ਕਰ ਦੇਵੇ, ਤਾਂ ਸਮਾਜ ਅਤੇ ਪ੍ਰਵਾਰ ਵਿਚ ਉਸਦੀ ਜੋ ਹਾਲਤ ਹੁੰਦੀ ਹੈ, ਵਾਹਿਗੁਰੂ ਹੀ ਮੇਹਰ ਕਰੇ। ਬਹੁਤ ਵਾਰੀ ਤਾਂ ਉਸਨੂੰ ਆਤਮ ਹੱਤਿਆ ਤੀਕ ਕਰਨੀ ਪੈ ਜਾਂਦੀ ਹੈ ਜਾਂ ਫ਼ਿਰ ਸਮਾਜ ਵਿਚੋਂ ਹੀ ਕੱਢ ਦਿੱਤਾ ਜਾਂਦਾ ਹੈ। ਸੱਜ ਵਿਆਹੀ ਅਪਣੀ ਪਤਨੀ ਨੂੰ ਸੇਜਾ ਸਜਾ ਕੇ, ਹਾਰ ਸ਼ਿੰਗਾਰ ਸਹਿਤ ਪਹਿਲੀ ਰਾਤ ਬ੍ਰਾਹਮਣ ਪਾਸੋਂ ਸੰਭੋਗ ਕਰਵਾਕੇ ਉਸਨੂੰ 'ਪਵਿੱਤ੍ਰ ਕਰਨ ਦੀਆਂ ਗਲਾਂ ਅਜ ਵੀ ਭਾਰਤ ਦੇ ਕੁਝ ਹਿੱਸਿਆਂ ਵਿਚ ਬਾਕੀ ਹਨ ਜਿਸਦਾ ਜ਼ਿਕਰ ਗੁਰਬਾਣੀ ਵਿਚ ਭਗਤ ਨਾਮਦੇਵ ਜੀ ਇਸਤਰ੍ਹਾਂ ਕਰਦੇ ਹਨ "ਸਿਹਜਾ ਨਾਰੀ ਭੂਮਿ ਦਾਨ" (ਪੰਨਾ 973)। ਇਹ ਹੈ ਬ੍ਰਾਹਮਣੀ ਵਿਚਾਰਧਾਰਾ ਦੇ ਪੁਰਖ ਪ੍ਰਧਾਨ ਸਮਾਜ ਦੀ ਕੇਵਲ ਥੋੜੀ ਜਹੀ ਝਲਕ। ਰੱਖੜੀ ਦਾ ਤਿਉਹਾਰ ਵੀ ਇਸੇ ਲੜੀ ਦਾ 'ਚਮਕਦਾ' ਮਣਕਾ ਹੈ ਜਦੋਂ ਵੀਰ ਦੇ ਰੂਪ ਵਿਚ ਪੁਰਖ ਸਮਾਜ ਨੂੰ ਤਾਕਤਵਰ ਅਤੇ ਭੈਣ ਦੇ ਰੂਪ ਵਿਚ ਇਸਤਰੀ ਵਰਗ ਨੂੰ 'ਅਬਲਾ' ਭਾਵ ਅਪਣੀ ਰਖਿਆ ਦੇ ਅਯੋਗ ਸਾਬਤ ਕਰਕੇ ਉਸਨੂੰ ਹਰ ਸਾਲ ਆਤਮਹੀਣਤਾ ਦੇ ਇੰਜੈਕਸ਼ਨ ਲਗਾਏ ਜਾਂਦੇ ਹਨ।

ਬ੍ਰਾਹਮਣੀ ਸਮਾਜ ਅਤੇ ਕੰਨਿਆਂ ਦਾਨ? :- ਇਸ ਛੋਟੀ ਜਿਹੀ ਝਲਕ ਤੋਂ ਬਾਦ, ਇਸ ਸਮਾਜ ਅੰਦਰ ਲੜਕੀ ਅਤੇ ਲੜਕੇ ਵਿੱਚਕਾਰ ਪੈਦਾ ਕੀਤੇ ਹੋਏ ਫ਼ਾਸਲੇ ਦੀ ਇਕ ਹੋਰ ਤਸਵੀਰ ਪੇਸ਼ ਕਰਨੀ ਚਾਹੁੰਦੇ ਹਾਂ ਤਾਕਿ ਕੁਝ ਹੋਰ ਅਸਲੀਅਤ ਵੀ ਸਾਹਮਣੇ ਆ ਜਾਵੇ। ਇਸ ਸੰਬੰਧ ਵਿਚ ਇਸ ਸਮਾਜ ਵਿੱਚਕਾਰ ਹੋ ਰਹੇ ਲੜਕੇ-ਲੜਕੀ ਦੀ ਸ਼ਾਦੀ ਦਾ ਵਿਸ਼ਾ ਲੈਣਾ ਚਾਹਾਂਗੇ। ਇਥੇ ਲੜਕੀ ਦੀ ਸ਼ਾਦੀ ਦਾ ਨੀਯਮ ਨਹੀਂ ਬਲਕਿ 'ਕੰਨਿਆ ਦਾ ਦਾਨ' ਕੀਤਾ ਜਾਂਦਾ ਹੈ। ਇਸ ਤਰ੍ਹਾਂ ਕੰਨਿਆਂ ਨੂੰ ਇਨਸਾਨ ਘੱਟ ਅਤੇ ਦਾਨ ਦੀ ਵਸਤੂ ਵੱਧ ਪ੍ਰਗਟ ਕੀਤਾ ਜਾਂਦਾ ਹੈ। 'ਕੰਨਿਆ ਦੇ ਦਾਨ' ਸਮੇਂ ਇਕੱਲੀ ਕੰਨਿਆਂ ਹੀ ਨਹੀਂ, ਉਸ ਨਾਲ ਹੋਰ ਬੇਅੰਤ ਦਾਜ-ਦਹੇਜ ਵੀ ਦੇਣਾ ਪੈਂਦਾ ਹੈ। ਇਸ ਸਮਾਜ ਦਾ ਨੀਯਮ ਹੈ ਕਿ 'ਜਨਮ ਪਿਤਾ ਦੇ ਘਰ, ਅਰਥੀ ਪਤੀ ਦੇ ਘਰ'। ਕਿਉਂਕਿ ਦਾਨ ਦਿੱਤੀ ਵਸਤੂ ਕਦੇ ਵਾਪਸ ਨਹੀਂ ਲਈ ਜਾਂਦੀ। ਜੇਕਰ ਸ਼ਾਦੀ ਦੌਰਾਨ ਰੀਤੀ ਰਿਵਾਜਾਂ ਦੇ ਵੇਰਵੇ ਵਿਚ ਜਾਇਆ ਜਾਵੇ ਤਾਂ ਹਰ ਜਗ੍ਹਾ ਤੇ ਮੁੰਡੇ ਵਾਲਿਆਂ ਦਾ ਦਰਜਾ ਉਤੱਮ ਅਤੇ ਪੱਤਨੀ ਦਾ ਦਰਜਾ ਨੀਵੇਂ ਤੋਂ ਵੀ ਨੀਵਾਂ ਹੀ ਮਿਲੇਗਾ। ਇਥੇ ਪਤੀ ਤਾਂ ਪ੍ਰਮੇਸ਼ਵਰ ਹੈ ਅਤੇ ਪੱਤਨੀ ਉਸਦੀ ਦਾਸੀ। ਪਤੀ ਜਿਵੇਂ ਚਾਹਵੇ, ਦਾਨ ਵਿਚ ਲਈ ਅਪਣੀ ਇਸਤਰੀ ਨਾਲ ਜਿੱਤਨਾ ਮਰਜ਼ੀ ਜ਼ੁਲਮ-ਧੱਕਾ ਕਰੇ। ਆਪ ਭਾਵੇਂ ਕਲੱਬਾ-ਮਹਿਖਾਨਿਆਂ-ਮਹਿਫ਼ਲਾਂ ਦੀ ਖੇਹ ਖਾਂਦਾ ਫ਼ਿਰੇ, ਪਰ ਪੱਤਨੀ ਨੇ ਤਾਂ ਭੁਖੇ ਉਨੀਂਦਰੇ ਉਸਦੀ ਉਡੀਕ ਕਰਨੀ ਹੀ ਹੈ। ਫ਼ਿਰ ਘਰ ਪਰਤਣ ਤੇ ਪਤੀ ਭਾਵੇਂ ਨਸ਼ੇ ਵਿਚ ਧੁੱਤ ਡਿੱਗਾ ਹੋਵੇ ਪਰ ਪੱਤਨੀ ਨੇ ਉਸ ਦੀ ਸੇਵਾ ਕਰਨੀ ਹੀ ਕਰਨੀ ਹੈ। ਉਸਨੂੰ ਪੱਖਾ ਝਲਨਾ, ਉਸਦੀਆਂ ਜੁੱਤੀਆਂ ਉਤਾਰਣੀਆਂ, ਉਸਨੂੰ ਭੋਜਣ ਖੁਆਉਣ ਤੋਂ ਬਾਦ ਤਾਂ ਜਾਕੇ ਆਪ ਖਾਣਾ ਹੈ। ਪਤੀ ਸ਼ਰਾਬੀ-ਵਿੱਭਚਾਰੀ ਹੀ ਨਹੀਂ ਭਾਵੇਂ ਦਗ਼ਾਬਾਜ਼, ਦੁਸ਼ਟ, ਨਖੱਟੂ ਜਾਂ ਕੁਝ ਵੀ ਹੋਵੇ ਅਤੇ ਪੱਤਨੀ ਰੱਜਕੇ ਸੁਸ਼ੀਲ; ਤਾਂ ਵੀ ਪਤੀਬ੍ਰਤਾ ਹੋਣ ਦੀ ਗਾਜ ਕੇਵਲ ਪੱਤਨੀ ਉਪਰ ਹੀ ਗਿਰਦੀ ਹੈ। ਇਨ੍ਹਾਂ ਗਲਾਂ ਨੂੰ ਦਰਿੜ ਕਰਵਾਉਣ ਵਾਸਤੇ

ਨਲ-ਦਮਯਂਤੀ ਆਦਿ ਦੇ ਇਕਾਂਕੀ ਇਸੇ ਸਮਾਜ ਦੀ ਹੀ ਦੇਨ ਹਨ। ਬਾਰ ਬਾਰ ਅਗਨੀ ਪ੍ਰੀਕਸ਼ਾ ਦੀ ਬੰਦਸ਼ ਸੀਤਾ ਵਾਸਤੇ ਹੈ ਰਾਮ ਵਾਸਤੇ ਨਹੀਂ। ਇੱਤਨਾ ਹੀ ਨਹੀਂ ਗੱਲ ਲੜਕੀ ਦੇ ਕੰਨਿਆਂ ਦਾਨ ਤੀਕ ਵੀ ਸੀਮਤ ਨਹੀਂ, ਬੱਚੀ ਦਾ ਦਾਨ ਕਰਨ ਤੋਂ ਬਾਅਦ ਬੱਚੀ ਦੇ ਮਾਤਾ-ਪਿਤਾ ਅਤੇ ਪ੍ਰਵਾਰ ਵਾਲੇ ਇਕ ਤਰੀਕੇ, ਮੁੰਡੇ ਵਾਲਿਆਂ ਦੇ ਸਾਰੀ ਉਮਰ ਵਾਸਤੇ ਕਰਜ਼ੇਈ ਵੀ ਹੋ ਜਾਂਦੇ ਹਨ। ਬੱਚੀ ਦੀ ਇਸ 'ਦਾਨ ਨੁਮ੍ਹਾਂ' ਸ਼ਾਦੀ ਉਪਰੰਤ ਬੱਚੀ ਦੇ ਪ੍ਰਵਾਰ ਵਿੱਚਲਾ ਜੰਮਨਾ-ਮਰਨਾ, ਖੁਸ਼ੀ-ਗ਼ਮੀ ਭਾਵ ਹਰ ਸਮੇਂ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਕੁਝ ਨ ਕੁਝ ਦੇਨਾ ਜਾਂ ਉਥੇ ਪਹੁੰਚਾਣਾ ਜ਼ਰੂਰ ਹੈ। ਇਥੋ ਤੀਕ ਕਿ ਜੇਕਰ ਬੱਚੀ ਵਾਲਿਆਂ ਨੇ ਕਦੇ ਬੱਚੀ ਦੇ ਘਰ ਜਾਣਾ ਹੈ ਤਾਂ ਕੁਝ ਨ ਕੁਝ ਉਸ ਪ੍ਰਵਾਰ ਵਾਸਤੇ ਹੱਥ ਵਿਚ ਲੈਕੇ ਹੀ ਜਾਣਾ ਹੈ, ਖਾਲੀ ਹੱਥ ਉੱਕਾ ਨਹੀਂ ਜਾਨਾ। ਉਥੇ ਜਾਕੇ ਉਨ੍ਹਾਂ ਨੇ ਕੁਝ ਛੱਕਣਾ ਵੀ ਨਹੀਂ ਕਿਉਂਕਿ ਇਹ ਤਾਂ ਉਨ੍ਹਾਂ ਦੀ ਲੜਕੀ ਦਾ ਘਰ ਹੈ। ਉਨ੍ਹਾਂ ਦੇ ਦੇਣ ਦੀ ਜਗ੍ਹਾ ਹੈ, ਲ਼ੈਣ ਦੀ ਨਹੀਂ। ਇਸ ਵਾਸਤੇ ਉਹ ਭਲਾ ਉਥੇ ਕੁਝ ਖਾ ਕਿਸਤਰ੍ਹਾਂ ਸਕਦੇ ਹਨ? ਦੂਜੇ ਪਾਸੇ ਮੁੰਡਾ ਜਵਾਈ-ਭਾਈ ਹੈ ਅਤੇ ਬੱਚੀ ਦੇ ਮਾਪਿਆਂ ਪਾਸੋਂ ਉਸਨੂੰ ਹਰਇਕ ਮਾਨ ਸਤਿਕਾਰ ਦਾ ਪੂਰਾ ਹੱਕ ਪ੍ਰਾਪਤ ਹੈ। ਉਨ੍ਹਾਂ ਰਾਹੀਂ ਕੀਤੀ ਗਈ ਆਵ-ਭਗਤ ਵਿਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਮੁੰਡੇ ਵਾਲਿਆਂ ਰਾਹੀਂ ਤਾਂ ਹਰ ਸਮੇਂ ਕੁੜੀ ਵਾਲਿਆਂ ਨੂੰ ਉਲ੍ਹਾਮੇਂ ਦੇਣ ਦਾ ਵੀ ਪੂਰਾ ਪੂਰਾ ਹੱਕ ਹੈ। ਕਿਉਂੋਕਿ ਉਹ ਮੁੰਡੇ ਵਾਲੇ ਹਨ ਅਤੇ ਉਨ੍ਹਾਂ ਨੇ ਕਿਸੇ ਦੀ ਕੁੜੀ ਨੂੰ ਵਸਾ ਕੇ ਉਸ ਪ੍ਰਵਾਰ ਉਪਰ ਬੜਾ ਭਾਰੀ ਇਹਸਾਨ ਕੀਤਾ ਹੈ। ਇਸ ਦਾਜ (ਦਹੇਜ ਪ੍ਰਥਾ) ਅਤੇ ਮੁੰਡੇ ਵਾਲਿਆਂ ਦੇ ਬਹੁਤੇ ਵਿਗਾੜੇ ਗਏ ਦਿਮਾਗ਼ ਦਾ ਹੀ ਸਿੱਟਾ ਹੈ ਕਿ ਅਜ ਅਨੇਕਾਂ ਸੁਸ਼ੀਲ, ਸੱਜ ਵਿਆਹੀਆਂ ਬੱਚੀਆਂ ਨੂੰ ਸੋਹਰੇ ਪ੍ਰਵਾਰ ਵਿਚ ਨਿੱਤ ਟਾਰਚਰ ਅਤੇ ਜ਼ਲੀਲ ਕੀਤਾ ਜਾਂਦਾ ਹੈ। ਕਈ ਵਾਰੀ ਤਾਂ ਬੱਚੀ ਦਾ ਜੀਨਾ ਹੀ ਮੁਸ਼ਕਲ ਕੀਤਾ ਹੁੰਦਾ ਹੈ। ਅਨੇਕਾਂ ਬੱਚੀਆਂ ਨੂੰ ਇਸ ਦਹੇਜ ਵਾਲੇ ਰਾਕਸ਼ਸ ਦੀ ਬਲੀ ਤੀਕ ਚੜ੍ਹਾ ਦਿੱਤਾ ਜਾਂਦਾ ਹੈ ਜਾਂ ਆਤਮ ਹੱਤਿਆ ਵਾਸਤੇ ਮਜਬੂਰ ਕਰ ਦਿੱਤਾ ਜਾਂਦਾ ਹੈ। ਸ਼ਾਦੀ ਲੜਕੀ ਦੀ ਹੋਵੇ ਤਾਂ ਸੰਬੰਧੀਆਂ ਤੀਕ ਸਭ ਦਾ ਸਿਰ ਨੀਵਾਂ।'ਮੁੰਡੇ' ਵਾਲੇ ਜਾਂਜੀ ਹਨ ਅਤੇ ਕੁੜੀ ਵਾਲੇ 'ਮਾੰਜੀ' ਭਾਵ ਮੁੰਡੇ ਵਾਲਿਆਂ ਦੇ ਭਾਂਡੇ ਮਾੰਜਨ ਵਾਲੇ। ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਉਸਦਾ ਜਨਮ ਜਾਤ, ਗੌਤ ਸਭ ਬਦਲਕੇ ਮੁੰਡੇ ਦੀ ਬਣ ਜਾਂਦੀ ਹੈ। ਕਿਉਂਕਿ ਉਹ ਹੁਣ ਮੁੰਡੇ ਦੀ ਜਾਇਦਾਦ ਹੈ ਜਿਵੇਂ ਉਸਨੂੰ ਦਾਜ ਵਿਚ ਮਿਲਿਆ ਹੋਰ ਸਭਕੁਝ।

ਸਿੱਖ ਧਰਮ ਵਿਚ ਇੱਸਤਰੀ ਦਾ ਸਤਿਕਾਰ:- ਇਸਤਰੀ ਵਰਗ ਨੂੰ ਜੇਕਰ ਕਿਸੇ ਬਰਾਬਰੀ ਦਿੱਤੀ ਹੈ ਤਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ। ਇਤਿਹਾਸ ਦੇ ਪੰਨਿਆਂ ਤੇ ਇਸਤੋਂ ਪਹਿਲਾਂ ਕਿੱਧਰੇ ਵੀ ਇਹ ਸੱਚ ਦਾ ਸੂਰਜ ਪ੍ਰਗਟ ਨਹੀਂ ਸੀ ਹੋਇਆ। ਸਿੱਖ ਧਰਮ ਅਪਣੇ ਆਪ ਵਿਚ ਨਵੇਕਲਾ, ਨਿਰਮਲ ਅਤੇ ਨਿਆਰਾ ਧਰਮ ਹੈ। ਬ੍ਰਾਹਮਣੀ ਰਹਿਨੀ ਜਾਂ ਵਿਚਾਰਧਾਰਾ ਨਾਲ ਇਸਦੀ ਉੱਕਾ ਸਾਂਝ ਨਹੀਂ। ਗੁਰਬਾਣੀ ਅਨੁਸਾਰ ਇੱਸਤਰੀ ਅਤੇ ਪੁਰਖ, ਦੋਵੇਂ ਇਕ-ਦੂਜੇ ਦੇ ਪੂਰਕ ਅਤੇ ਬਰਾਬਰ ਸਨਮਾਨ ਦੇ ਹੱਕਦਾਰ ਹਨ। ਸਿੱਖ ਧਰਮ ਵਿਚ ਉਹ ਤਮਾਮ ਤਿਉਹਾਰ, ਰੀਤੀ ਰਿਵਾਜ, ਸੋਚਣੀ, ਰਹਿਨੀ, ਕਰਨੀ ਜਿਹੜੀ ਇਕ ਦੇ ਰੁੱਤਬੇ ਨੂੰ ਦੂਜੇ ਤੋਂ ਵੱਧ ਜਾਂ ਘੱਟ ਸਾਬਤ ਕਰਦੀ ਹੋਵੇ, ਉੱਕਾ ਹੀ ਪ੍ਰਵਾਨ ਨਹੀਂ। ਇਸ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਇੱਸਤਰੀ ਵਰਗ ਬਾਰੇ ਇਨ੍ਹਾਂ ਦੋਨਾਂ ਵਿਚਾਰ ਧਾਰਾਵਾਂ ਦੀ ਵੱਖ ਵੱਖ ਸੋਚ ਨੂੰ ਆਹਮਣੇ ਸਾਹਮਣੇ ਲਿਆਂਦਾ ਜਾਵੇ।

ਸਿੱਖ ਅਤੇ ਬ੍ਰਾਹਮਣੀ ਵਿਚਾਰਧਾਰਾ ਆਹਮਣੇ ਸਾਹਮਣੇ- ਸਚਾਈ ਤਾਂ ਇਹ ਹੈ ਕਿ ਗੁਰੂ ਦਰ ਤੇ ਇਕ ਅਕਾਲਪੁਰਖ, ਇਕ ਗੁਰੂ, ਇਕ ਧਰਮ ਅਤੇ ਇਕੋ ਹੀ ਮਨੁਖੀ ਭਾਈਚਾਰੇ ਦਾ ਵਿਧਾਨ ਹੈ। ਜਦੋਂਕਿ ਬ੍ਰਾਹਮਣੀ ਵਿਚਾਰਧਾਰਾ ਅੰਦਰ ਅਨੇਕਾਂ ਦੀ ਪੂਜਾ, ਮਨੁਖ ਮਨੁਖ ਵਿਚਾਲੇ ਵਰਣ ਵੰਡ, ਅਣਗਿਣਤ ਦੇਵੀ ਦੇਵਤਿਆਂ ਅਤੇ ਆਪ ਮਿੱਥੇ ਭਗਵਾਨਾਂ ਦੀ ਪੂਜਾ। ਫ਼ਿਰ ਦੇਵੀ ਦੇਵਤਿਆਂ ਦੀ ਪੂਜਾ ਤੋਂ ਪੈਦਾ ਹੋਈ ਸੁੱਚ-ਭਿੱਟ, ਜਾਤ-ਪਾਤ, ਸ਼ਗਨ-ਰੀਤਾਂ, ਇੱਸਤਰੀ-ਪੁਰਖ ਵਿਚਾਲੇ ਭੇਦ ਭਾਵ, ਥਿੱਤ-ਵਾਰ, ਸਵੇਰ-ਸ਼ਾਮ ਦੇ ਵਹਿਮ-ਭਰਮ। ਇਸੇਤਰ੍ਹਾਂ ਚੌਂਕੇ-ਕਾਰਾਂ, ਮਾਲਾ -ਤਿਲਕ, ਹੋਮ-ਜੱਗ-ਬਲੀਆਂ, ਕਿਸਮਤ-ਮਹੂਰਤ, ਟੇਵੇ-ਜਨਮ ਪ੍ਰਤੀਆਂ, ਗ੍ਰਿਹ-ਨਖਤ੍ਰ, ਰਾਸ਼ੀ ਫਲ ਬ੍ਰਹਮਣ ਮੱਤ ਦੇ ਜ਼ਰੂਰੀ ਅੰਗ ਹਨ। ਇਨ੍ਹਾਂ ਹੀ ਦੇਵੀ-ਦੇਵਤਿਆਂ ਦੀ ਪੂਜਾ ਅਤੇ ਵੇਦਾਂ-ਸ਼ਾਸਤ੍ਰਾਂ ਰਸਤੇ ਪੈਦਾ ਕੀਤੇ ਗਏ ਹਨ- ਮਰਨੋ ਬਾਦ ਧਰਮਰਾਜ-ਜਮਰਾਜ, ਪਿੱਤਰ ਲੋਕ-ਜਮਲੋਕ-ਸੁਰਗ ਲੋਕ-ਨਰਕ ਲੋਕ-ਇੰਦਰਲੋਕ,ਬਿਸ਼ਨਪੁਰੀ, ਸ਼ਿਵਪੁਰੀ, ਬ੍ਰਹਮਪੁਰੀ ਆਦਿ ਦੇ ਬੇਅੰਤ ਵਿਸ਼ਵਾਸ। ਜਨਮ ਅਤੇ ਮਰਨ ਸਮੇਂ ਨਾਲ ਜੋੜੇ ਗਏ ਸੂਤਕ-ਪਾਤਕ, ਪ੍ਰੇਤ ਆਤਮਾਵਾਂ ਵਾਲੇ ਭਰਮ-ਭੁਲੇਖੇ, ਚੌਥੇ, ਗਿਯਾਰ੍ਹਵੇਂ-ਤੇਰ੍ਹਹਵੇ, ਸਤਾਰ੍ਹਵੇਂ, ਇਕੀਵੇ, ਚਾਲੀਵੇਂ, ਸ਼ਰਾਧ-ਨਰਾਤੇ, ਮੰਗਲ-ਸਨੀਚਰ ਆਦਿ ਦੇ ਅਣਗਿਣਤ ਵਿਚਾਰਾਂ ਦਾ ਮੂਲ ਵੀ ਇਥੇ ਹੀ ਹੈ। ਹੋਰ ਤਾਂ ਹੋਰ ਮੂਰਤੀ ਪੂਜਾ ਰਸਤੇ ਸਭ ਤੋਂ ਵੱਡਾ ਗੁਣਾਹ, ਬ੍ਰਾਹਮਣ ਦੇ ਰੂਪ ਵਿਚ ਸ਼ਰੀਰ ਦੀ ਪੂਜਾ ਮਨੁਖ ਸਮਾਜ ਦੀ ਤਬਾਹੀ ਦਾ ਸਭ ਤੋਂ ਵੱਡਾ ਕਾਰਣ ਹੈ। ਇਸ ਸਾਰੇ ਦੇ ਉਲਟ ਗੁਰੂ ਨਾਨਕ ਪਾਤਸ਼ਾਹ ਦੇ ਦਰ ਉਪਰ ਇਸ ਸਾਰੇ ਲਈ ਕੋਈ ਥਾਂ ਹੈ ਹੀ ਨਹੀਂ। ਸਿੱਖ ਧਰਮ ਵਿਚ ਤਾਂ ਕੇਵਲ ਗੁਰਬਾਣੀ ਗਿਆਨ ਦੀ ਹੀ ਪੂਜਾ ਹੈ ਜਿਸਦੇ ਅਰਥ ਹਨ, ਉਸ ਰਸਤੇ ਤੇ ਜੀਵਨ ਨੂੰ ਚਲਾਉਣਾ ਜਿਸਦੀ ਸੇਧ ਗੁਰਬਾਣੀ ਗਿਆਨ ਤੋਂ ਪ੍ਰਗਟ ਹੁੰਦੀ ਹੈ। ਇਹ ਵੀ ਇਕ ਸਚਾਈ ਹੈ ਕਿ ਗੁਰਬਾਣੀ ਗਿਆਨ ਪੂਰੀ ਤਰ੍ਹਾਂ ਬ੍ਰਾਹਮਣ ਅਤੇ ਉਸਦੇ ਦਸੇ ਜੀਵਨ ਰਾਹ ਨੂੰ ਨਕਾਰਦਾ ਹੈ। ਸਪਸ਼ੱਟ ਹੈ ਕਿ ਸਿੱਖ ਧਰਮ ਅਤੇ ਬ੍ਰਾਹਮਣ ਮੱਤ, ਦੋਵੇਂ ਵਿਚਾਰਧਾਰਾਵਾਂ ਪੂਰੀ ਤਰ੍ਹਾਂ ਸਵੈ ਵਿਰੋਧੀ ਹਨ। ਸੰਸਾਰ ਪੱਧਰ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਹੀ ਦਰ ਹੈ ਜਿੱਥੇ ਇਸਤਰੀ ਦਾ ਦਰਜਾ ਮਰਦ ਤੋਂ ਘੱਟ ਨਹੀਂ। ਇਸਤਰੀ ਅਤੇ ਪੁਰਖ ਵਿੱਚਕਾਰ ਕੋਈ ਅੰਤਰ ਨਹੀਂ। ਪਾਹੁਲ ਛੱਕਣ ਅਤੇ ਪਾਹੁਲ ਛਕਾਉਣ ਦਾ ਹੱਕ ਦੋਨਾਂ ਕੋਲ ਇਕੋ ਜਿਹਾ ਹੈ। ਇਥੇ ਤਾਂ "ਕਰਮੀ ਆਪੋ ਆਪਣੀ" (ਬਾਣੀ ਜਪੁ ਪੰ:8) ਦਾ ਸਿਧਾਂਤ ਹੈ। ਫ਼ੈਸਲ ਹੈ ਕਿ ਇੱਸਤਰੀ-ਪੁਰਖ ਦੋਨਾਂ ਨੇ ਮਿਲਕੇ ਹੀ ਸਮਾਜ ਦੀ ਸਪੂੰਰਨ ਤਾਕਤ ਬਣਨਾ ਹੈ। ਮਾਲਕ ਦੀ ਬੇਅੰਤ ਰਚਨਾ ਵਿਚ ਸੰਸਾਰ ਚੱਕਰ ਨੂੰ ਚਲਾਉਣ ਵਾਸਤੇ, ਇਹ ਕੇਵਲ ਸਰੀਰ ਦੇ ਹੀ ਦੋ ਰੂਪ ਹਨ । ਮੇਲ-ਫ਼ੀਮੇਲ ਵਾਲਾ ਨੀਯਮ ਸਾਰੀ ਪ੍ਰਕ੍ਰਿਤੀ ਵਿਚ ਅਤੇ ਹਰਇਕ ਸ਼੍ਰੇਣੀ ਵਿਚ ਚਲ ਰਿਹਾ ਹੈ। ਗੁਰਬਾਣੀ ਦਾ ਫ਼ੈਸਲਾ ਹੈ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" (ਪੰਨਾ 473) ਪੂਰੀ ਗਲ ਸਮਝਣ ਵਾਸਤੇ ਪੂਰੇ ਸਲੋਕ ਅਤੇ ਇਸਦੇ ਅਰਥਾਂ ਵਲ ਵੀ ਧਿਆਣ ਦੇਣ ਦੀ ਲੋੜ ਹੈ। ਬਾਣੀ ਦਾ ਫੈਸਲਾ ਹੈ "ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ" (ਪੰ: 350) ਅਤੇ "ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ"(ਪੰ:879) ਸਿੱਖ ਧਰਮ ਵਿਚ ਜੇਕਰ ਪੁਰਖ ਦੇ ਨਾਮ ਦੇ ਨਾਲ 'ਸਿੰਘ' ਲਫ਼ਜ਼ ਜੋੜਣ ਦਾ ਨੀਯਮ ਹੈ ਤਾਂ ਇੱਸਤਰੀ ਦੇ ਨਾਮ ਨਾਲ 'ਕੌਰ' ਜੋੜਣਾ ਵੀ ਜ਼ਰੂਰੀ ਹੈ। ਗੁਰੂ ਦਰ ਤੇ ਤਾਂ ਘਰ ਵਿਚ ਮੁੰਡਾ ਹੋਵੇ ਜਾਂ ਕੁੜੀ, ਇੱਸਤਰੀ ਹੋਵੇ ਜਾਂ ਪੁਰਖ-ਦੋਨਾਂ ਦੇ ਨਾਮ ਇਕੋ ਜਹੇ ਹੀ ਹੁੰਦੇ ਹਨ ਪਹਿਚਾਣ ਕੇਵਲ "ਸਿੰਘ-ਕੌਰ" ਵਾਲੇ ਲਫ਼ਜ਼ ਤੋਂ ਹੀ ਹੈ। ਸਿੱਖ ਧਰਮ ਦੇ ਚਾਰੇ ਸੰਸਕਾਰਾਂ ਵਿਚ ਬੱਚੀ-ਬੱਚੇ ਜਾਂ ਇਸਤਰੀ-ਪੁਰਖ ਵਾਸਤੇ ਕਿੱਧਰੇ ਵੀ ਕੋਈ ਅੰਤਰ ਨਹੀਂ। ਭੈਣ-ਭਰਾ ਦਾ ਪਵਿਤ੍ਰ ਪਿਆਰ ਅਤੇ ਰੱਖੜੀ- ਰੱਖੜੀ ਦੇ ਤਿਉਹਾਰ ਬਾਰੇ ਇਹ ਪ੍ਰਚਾਰ ਕੀਤਾ ਗਿਆ ਹੈ ਕਿ ਰੱਖੜੀ ਭੈਣ-ਭਰਾ ਦੇ ਪਵਿਤ੍ਰ ਪਿਆਰ ਦਾ ਬੰਧਨ ਹੈ। ਪਿਕਚੱਰਾਂ, ਟੀਵੀ ਸੀਰੀਅਲ, ਨਾਵਲ, ਨਾਟਕ ਅਤੇ ਹਰ ਪ੍ਰਕਾਰ ਦੇ ਮੀਡੀਏ ਨੂੰ ਵਰਤਕੇ ਇਸ ਭੈਣ-ਭਰਾ ਦੇ ਪਵਿਤ੍ਰ ਪਿਆਰ ਵਾਲੀ ਗਲ ਨੂੰ ਬਹੁਤ ਉਛਾਲਿਆ ਅਤੇ ਪ੍ਰਚਾਰਿਆ ਜਾਂਦਾ ਹੈ। ਇਸ ਵਿਚ ਸ਼ਕ ਨਹੀਂ ਕਿ ਅਕਾਲਪੁਰਖ ਦੀਆਂ ਬੇਅੰਤ ਬਖ਼ਸ਼ਸ਼ਾਂ ਵਿਚੋਂ ਭੈਣ-ਭਰਾ ਦਾ ਰਿੱਸ਼ਤਾ, ਸਚਮੁਚ ਹੀ ਬੜਾ ਮਿੱਠਾ ਅਤੇ ਪਿਆਰਾ ਰਿਸ਼ਤਾ ਹੈ। ਇਸੇ ਰੱਬੀ ਸਚਾਈ ਦਾ ਨਤੀਜਾ ਹੈ ਕਿ ਬ੍ਰਾਹਮਣੀ ਵਾਤਾਵਰਣ ਵਿਚ ਪ੍ਰਵਰਸ਼ ਪਾ ਰਹੇ ਕਈ ਦੂਜੇ ਧਰਮਾਂ ਦੇ ਲੋਕ ਵੀ ਇਸ ਬ੍ਰਾਹਣਮਣੀ ਕੁਟਿਲਨੀਤੀ ਦਾ ਸ਼ਿਕਾਰ ਹੋ ਜਾਂਦੇ ਹਨ। ਬਿਨਾਂ ਇਸ ਤਿਉਹਾਰ ਦੀ ਗਹਿਰਾਈ ਵਿਚ ਗਏ ਅਤੇ ਅਪਣੇ ਸਿੱਖੀ ਵਿਰਸੇ ਨੂੰ ਚਿਤਾਰੇ, ਅਨੇਕਾਂ ਸਿੱਖ ਪ੍ਰਵਾਰ ਵੀ ਇਸ ਦੌੜ ਵਿਚ ਵੀ ਸ਼ਾਮਲ ਹੋ ਜਾਂਦੇ ਹਨ। ਜਿਨ੍ਹਾਂ ਲੋਕਾਂ ਦਾ ਇਹ ਤਿਉਹਾਰ ਹੈ ਉਹ ਇਸਨੂੰ ਜੰਮ ਜੰਮ ਮਨਾਉਣ ਅਤੇ ਇਸ ਵਾਸਤੇ ਅਪਣੀ ਪਨੀਰੀ ਵਿੱਚਕਾਰ ਕੋਈ ਵੀ ਦਲੀਲਾਂ ਦੇਣ, ਕਿਸੇ ਨੂੰ ਕੋਈ ਇਤਰਾਜ ਨਹੀਂ ਹੋ ਸਕਦਾ। ਪਰ ਇਹ ਕਿੱਤਨੀ ਅਜੀਬ ਖੇਡ ਹੈ ਕਿ ਸੰਸਾਰ ਭਰ ਵਿਚ ਬਹੁਤਾ ਕਰਕੇ ਕੇਵਲ ਬ੍ਰਾਹਮਣੀ ਤਿਉਹਾਰ ਹੀ ਹਨ ਜਿਨ੍ਹਾਂ ਦਾ ਅੱਗਾ-ਪਿੱਛਾ ਹੀ ਨਹੀਂ ਮਿਲਦਾ। ਜਾਂ ਇਹ ਮੋਸਮੀ ਜਾਂ ਸਮਾਜਕ ਤਿਉਹਾਰ ਬਣਕੇ ਦੂਜੇ ਧਰਮਾਂ ਵਾਲਿਆਂ ਨੂੰ ਅਪਣੀ ਲਪੇਟ ਵਿਚ ਲੈ ਲੈਂਦੇ ਹਨ। ਇਹ ਕੁਟਲਨੀਤੀ ਦੁਨੀਆ ਪੱਧਰ ਤੇ ਕਿਸੇ ਵੀ ਧਰਮ ਨੇ ਨਹੀਂ ਵਰਤੀ। ਦੇਖਿਆ ਜਾਵੇ ਤਾਂ ਜਦੋਂ ਜਦੋਂ ਵੀ ਗੁਰਮੱਤ ਦਾ ਪ੍ਰਚਾਰ ਕੱਚੇ ਹੱਥਾਂ ਵਿਚ ਜਾਂਦਾ ਹੈ, ਇਸ ਕੁਟਲਨੀਤੀ ਦਾ ਪਹਿਲਾ ਸ਼ਿਕਾਰ ਬਹੁਤੇ ਸਿੱਖ ਹੀ ਹੁੰਦੇ ਹਨ। ਕਾਰਣ ਇਹੀ ਹੈ ਕਿ ਸਿੱਖ ਧਰਮ ਦਾ ਜਨਮ ਹੀ ਇਸਦੇ ਚੋਗਿਰਦੇ ਫੈਲੇ ਹੋਏ ਬ੍ਰਹਮਣ ਧਰਮ ਦੇ ਘੇਰੇ ਵਿਚ ਹੋਇਆ ਹੈ। ਇਸਤਰ੍ਹਾਂ ਜਦੋਂ ਸਿੱਖ ਵੀ ਇਸ ਖੰਡ ਚੜ੍ਹੀ ਕੁਟਲਨੀਤੀ ਦਾ ਸ਼ਿਕਾਰ ਹੁੰਦੇ ਹਨ ਤਾਂ ਇਸ ਤਿਉਹਾਰ ਵਿੱਚਲੀ ਭੈਣ-ਭਰਾ ਦੇ ਪਿਆਰ ਅਤੇ ਭਰਾ ਰਾਹੀਂ ਭੈਣ ਦੀ ਰਾਖੀ ਕਰਨ ਵਾਲੀਆਂ ਗਲਾਂ ਨੂੰ ਘੋਖਣਾ ਹੋਰ ਵੀ ਵੱਧ ਜ਼ਰੂਰੀ ਹੋ ਜਾਂਦਾ ਹੈ। ਮਨੁਖੀ ਸਮਾਜ ਦੇ ਵੱਡੇ ਹਿੱਤਾ ਵਿਚ ਇਹ ਇਕ ਮਨੁਖੀ ਫਰਜ਼ ਵੀ ਬਣ ਜਾਂਦਾ ਹੈ।

ਕੀ 'ਰਖੜੀ' ਸਚਮੁੱਚ ਭੈਣ ਭਰਾ ਦੇ ਪਿਆਰ ਦੀ ਜ਼ਾਮਨ ਹੈ?- ਜੇ ਸਚਮੁਚ ਹੀ ਰੱਖੜੀ ਦੇ ਤਿਉਹਾਰ ਦਾ ਆਧਾਰ ਭੈਣ ਭਰਾ ਦਾ ਆਪਸੀ ਪਿਆਰ ਹੀ ਹੈ, ਤਾਂ ਤੇ ਭਾਰਤ ਦੀ ਆਜ਼ਾਦੀ ਤੋਂ ਬਾਦ ਇਸ ਬਾਰੇ ਜਿੱਤਨਾ ਅਜ ਤੀਕ ਪ੍ਰਚਾਰ ਹੋਇਆ ਹੈ, ਨਿਸ਼ਚੇ ਹੀ ਹੁਣ ਤੀਕ ਇਹ ਸੰਸਾਰ ਪੱਧਰ ਦਾ ਤਿਉਹਾਰ ਘੋਸ਼ਤ ਹੋ ਚੁਕਾ ਹੁੰਦਾ। ਕਿਉਂਕਿ ਭੈਣ ਭਰਾ ਵਿੱਚਲੇ ਆਪਸੀ ਪਿਆਰ ਵਾਲੀ ਗਲ ਤਾਂ ਹਰ ਧਰਮ, ਹਰ ਦੇਸ਼, ਹਰ ਕੋਮ ਬਲਕਿ ਸੰਪੂਰਨ ਮਨੁਖ ਸਮਾਜ ਵਿੱਚਕਾਰ ਹੀ ਹੈ। ਭੈਣ ਭਰਾ ਵਾਲਾ ਜਜ਼ਬਾਤੀ ਰਿਸ਼ਤਾ.ਸੰਸਾਰ ਪੱਧਰ ਤੇ ਕਿੱਧਰੇ ਵੀ ਦੂਜੇ ਨੰਬਰ ਤੇ ਨਹੀਂ ਆਉਂਦਾ।ਇਸ ਵਾਸਤੇ ਇਹ ਤਿਉਹਾਰ, ਅਜ ਤੀਕ ਪੂਰਨ ਤੌਰ ਤੇ ਸਮਾਜਿਕ ਤਿਉਹਾਰ ਹੋ ਨਿੱਬੜਣਾ ਚਾਹੀਦਾ ਸੀ। ਪਰ ਅਜੇਹਾ ਕਿੱਧਰੇ ਵੀ ਨਹੀਂ ਹੋ ਸਕਿਆ। ਬਲਕਿ ਸੰਸਾਰ ਦੇ ਵੱਡੇ ਹਿੱਸੇ ਵਿਚ ਅਜ ਬਹੁਤੇ ਲੋਕ ਇਸ ਤਿਉਹਾਰ ਤੋਂ ਅਨਜਾਣ ਤਾਂ ਨਹੀਂ ਰਹੇ। ਫਿਰ ਵੀ ਇਕ ਅੰਦਾਜ਼ੇ ਮੁਤਾਬਕ ਸੰਸਾਰ ਦੇ 98% ਤੋਂ ਉਪਰ ਲੋਕ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦੇ। ਅਜ ਸੰਸਾਰ ਦਾ ਲਗਭਗ ਇਕ ਤਿਹਾਈ ਹਿੱਸਾ ਇਸਾਈ ਮੱਤ ਨੂੰ ਧਾਰਨ ਕਰ ਚੁੱਕਾ ਹੈ। ਸੰਸਾਰ ਵਿਚ ਮੁਸਲਮਾਨ ਵੀਰ ਵੀ ਅਨੇਕਾਂ ਦੇਸ਼ ਵਸਾਕੇ ਰਾਜ ਕਰ ਰਹੇ ਹਨ। ਪਰ ਇਨ੍ਹਾਂ ਦੋਨਾਂ ਵੱਡੇ ਧਰਮਾਂ ਦੇ ਲੋਕਾਂ ਵਿਚੋਂ ਕੋਈ ਵੀ ਰੱਖੜੀ ਦਾ ਤਿਉਹਾਰ ਨਹੀਂ ਮਨਾਂਦਾ। ਫ਼ਿਰ ਵੀ ਇਨ੍ਹਾਂ ਵਿਚਲੇ ਭੈਣ-ਭਰਾਵਾਂ ਵਿੱਚਕਾਰ ਕਿਸੇ ਤਰ੍ਹਾਂ ਵੀ ਪਿਆਰ ਦੂਜਿਆਂ ਤੋਂ ਘੱਟ ਨਹੀਂ। ਹੋਰ ਤਾਂ ਹੋਰ ਭਾਰਤ ਵਿਚ ਹੀ ਅਨੇਕਾਂ ਫਿਰਕਿਆਂ ਅਤੇ ਪ੍ਰਾਂਤਾਂ ਦੇ ਹਿੰਦੂ ਲੋਕ ਵੀ ਇਸ ਤਿਉਹਾਰ ਨੂੰ ਉੱਕਾ ਨਹੀਂੰ ਮਨਾਂਦੇ। ਸੰਸਾਰ ਭਰ ਦੇ ਉਨ੍ਹਾਂ ਲੋਕਾਂ ਵਿਚ ਰਹਿ ਕੇ ਦੇਖੋ ਜਿਹੜੇ 'ਰਖੜੀ' ਦੇ ਤਿਉਹਾਰ ਨੂੰ ਜਾਣਦੇ ਤਾਂ ਹਨ ਪਰ ਮਨਾਉਂਦੇ ਨਹੀਂ। ਬਹੁਤ ਵਾਰੀ ਤਾਂ ਉਨ੍ਹਾਂ ਵਿਚਲੇ ਭੈਣਾਂ-ਭਰਾਵਾਂ ਵਿੱਚਕਾਰ ਪਿਆਰ, ਰੱਖੜੀ ਮਨਾਉਣ ਵਾਲਿਆਂ ਤੋਂ ਵੀ ਕਈ ਗੁਣਾਂ ਵੱਧ ਹੁੰਦਾ ਹੈ। ਜੇ ਸਚਮੁਚ ਰੱਖੜੀ ਦੇ ਤਿਉਹਾਰ ਤੋਂ ਹੀ ਭੈਣ ਭਰਾ ਦੇ ਪਿਆਰ ਦਾ ਜਨਮ ਹੈ ਤਾਂ ਤੇ ਰੱਖੜੀ ਨਾ ਮਨਾਉਣ ਵਾਲੇ ਭੈਣਾਂ-ਭਰਾਵਾਂ ਵਿਚਕਾਰ ਆਪਸੀ ਪਿਆਰ ਬਹੁਤ ਘੱਟ ਜਾਂ ਹੋਣਾ ਹੀ ਨਹੀਂ ਸੀ ਚਾਹੀਦਾ। ਇਹ ਵੀ ਜ਼ਰੂਰੀ ਹੈ ਕਿ ਮਨਾਉਣ ਵਾਲਿਆਂ ਵਿਚ ਇਹ ਪਿਆਰ ਬਹੁਤ ਵੱਧ ਹੋਣਾ ਚਾਹੀਦਾ ਸੀ। ਕਿਉਂਕਿ ਉਹ ਤਾਂ ਹਰ ਸਾਲ ਰੱਖੜੀ ਮਨਾ ਰਹੇ ਹਨ, ਪਰ ਇਹ ਵੀ ਸੱਚ ਨਹੀਂ।

ਰੱਖੜੀ ਅਤੇ ਭੈਣ ਭਰਾਵਾਂ ਵਿਚਾਲੇ ਮਨ ਮੁਟਾਵ:- ਇਹ ਵੀ ਇਕ ਸਚਾਈ ਹੈ ਜਿਹੜੀ ਕਿ ਕਈ ਵਾਰੀ ਰੱਖੜੀ ਸਮੇਂ ਦੇਖਣ ਵਿਚ ਆਈ ਹੈ। ਰੱਖੜੀ ਦਾ ਤਿਉਹਾਰ ਅਨੇਕਾਂ ਵਾਰੀ ਭੈਣ ਭਰਾਵਾਂ ਦੇ ਆਪਸੀ ਪਿਆਰ ਦੇ ਬਦਲੇ, ਵਧੇਰੇ ਵਿੱਗਾੜ ਦਾ ਕਾਰਣ ਵੀ ਬਣ ਜਾਂਦਾ ਹੈ। ਇਥੋਂ ਤੀਕ ਕਿ ਕਈ ਵਾਰੀ ਭੈਣ ਭਰਾ ਦੀ ਹੱਦ ਤੋਂ ਟੱਪ ਕੇ ਰੱਖੜੀ ਮਨਾਉਣ ਵਾਲਿਆਂ ਦੇ ਪ੍ਰਵਾਰਾਂ ਵਿੱਚਕਾਰ ਆਪਸੀ ਮਨ ਮੁਟਾਵ, ਪ੍ਰਵਾਰਕ ਝੱਗੜਿਆਂ ਅਤੇ ਖਿੱਚ-ਧੂ ਆਦਿ ਦਾ ਕਾਰਣ ਬਣਦਾ ਵੀ ਦੇਖਿਆ ਗਿਆ ਹੈ। ਜੇ ਸਚਮੁਚ ਇਸ ਤਿਉਹਾਰ ਨੇ ਹੀ ਭੈਣ-ਭਰਾ ਵਾਲਾ ਪਿਆਰ ਅਤੇ ਸਾਂਝ ਵਧਾਉਣੀ ਸੀ, ਤਾਂ ਘੱਟ ਤੋਂ ਘੱਟ ਉਸਦੇ ਮਨਾਉਣ ਵਾਲਿਆਂ ਵਿੱਚਕਾਰ ਤਾਂ ਇਹ ਮਨ-ਮੁਟਾਵ, ਖਿੱਚਾ ਤਾਣੀ ਜਾਂ ਲੜਾਈ ਝੱਗੜਿਆਂ ਵਾਲੀ ਗਲ ਤਾਂ ਨਾ ਹੁੰਦੀ। ਰੱਖੜੀ ਬਾਰੇ ਇਹ ਨੀਯਮ ਹੈ ਕਿ ਜਦੋਂ ਤੀਕ ਭੈਣ ਰੱਖੜੀ ਨਾ ਬੰਨ੍ਹ ਲਵੇ, ਵੀਰ ਮੂੰਹ ਜੂਠਾ ਨਹੀਂ ਕਰ ਸਕਦਾ। ਅਜੇਹੇ ਮੌਕੇ ਵੀ ਦੇਖੇ ਹਨ ਜਦੋਂ ਵੀਰ ਤਾਂ ਦੂਰ ਦੂਰ, ਚਾਰਾਂ ਕੋਨਿਆਂ ਵਿਚ ਫੈਲੇ ਹੁੰਦੇ ਹਨ। ਇਸ ਵਾਸਤੇ ਭੈਣ ਸਾਰਿਆਂ ਕੋਲ ਇਕੋ ਸਮੇਂ ੜਾਂ ਪੁਜ ਨਹੀਂ ਸਕਦੀ। ਵੀਰ ਕੇਵਲ ਇਸ ਵਾਸਤੇ ਭੈਣ ਕੋਲੋ ਨਾਰਾਜ਼ ਹੋ ਗਿਆ ਕਿ ਉਸਨੂੰ ਦੋ ਵਜੇ ਦੁਪਿਹਰ ਤੀਕ ਭੁਖੇ ਬੈਠਣਾ ਪਿਆ। ਭੈਣ ਵੀ ਸਾਰਿਆਂ ਕੋਲ ਇਕੱਠੀ ਕਿਵੇਂ ਪੁਜਦੀ? ਨਤੀਜਾ ਭੈਣ ਭਰਾ ਦਾ ਪਿਆਰ ਇਸ ਰੱਖੜੀ ਦੇ ਤਿਉਹਾਰ ਕਾਰਣ 'ਇੱਤਨਾ ਵਧਿੱਆ' ਕਿ ਦੂਜਿਆਂ ਨੇ ਵਿਚ ਪੈਕੇ ਸਾਲਾਂ ਬਾਦ, ਸੁਲ੍ਹਾ ਕਰਵਾਈ। ਕਿੱਤਨੀਆਂ ਭੈਣਾਂ ਨੂੰ ਆਪਣੇ ਵੀਰਾਂ ਨਾਲ ਇਸ ਪਖੋਂ ਨਾਰਾਜ਼ ਹੁੰਦਾ ਦੇਖਿਆ ਹੈ, ਜਦੋਂ ਉਨ੍ਹਾਂ ਦੇ ਵੀਰ ਨੇ, ਉਨ੍ਹਾਂ ਦੇ ਹਿਸਾਬ ਨਾਲ ਇਕ ਭੈਣ ਅਤੇ ਦੂਜੀ ਭੈਣ ਵਿੱਚਕਾਰ, ਰੱਖੜੀ ਬਨ੍ਹਣ ਬਾਦ ਮਾਇਆ ਆਦਿ ਦੇਣ ਵਿੱਚਕਾਰ ਵਿੱਤਕਰਾ ਕਰ ਦਿੱਤਾ ਜਾਂ ਫਿਰ ਰੱਖੜੀ ਵੇਲੇ ਉਸਦੀ ਮਰਜ਼ੀ ਦੀ ਜਾਂ ਮੰਗੀ ਹੋਈ ਚੀਜ਼ ਨਹੀਂ ਦਿੱਤੀ। ਇਹ ਹੈ ਰੱਖੜੀ ਦੇ ਤਿਉਹਾਰ ਤੋਂ ਉਭਰ ਰਹੀ ਭੈਣ ਅਤੇ ਵੀਰ ਵਿਚਲੇ 'ਪਿਆਰ' ਦੀ ਇਕ ਤਸਵੀਰ। ਅਜੇਹੇ ਮੌਕੇ ਵੀ ਦੇਖੇ ਹਨ ਜਦੋਂ ਇਕੱਲੇ ਪਤੀ ਦੇਵ ਜਾਂ ਫਿਰ ਪੂਰੇ ਸੋਹਰੇ ਪ੍ਰਵਾਰ ਵਲੋਂ ਬੱਚੀਆਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਰੱਖੜੀ ਤੇ ਭਰਾ ਕੋਲੋਂ ਉਸਦੀ ਜਾਂ ਉਨ੍ਹਾਂ ਦੀ ਮੰਗ ਦੀ ਵਸਤੂ ਲੈਕੇ ਆਵੇ ਨਹੀਂ ਤਾਂ ਵਾਪਸ ਘਰ ਨਾ ਪਰਤੇ। ਆਖਰ ਇਹ ਤਿਉਹਾਰ ਵੀ ਤਾਂ ਉਸੇ ਸੋਚ ਵਿਚੋ ਹੀ ਪੈਦਾ ਹੋਇਆ ਹੈ ਜਿਸ ਵਿੱਚ ਦਾਜ-ਦਹੇਜ ਦੀ ਪਿੜ੍ਹਤ ਵੀ ਮੋਜੂਦ ਹੈ। ਜਿੱਥੇ ਲੜਕੇ ਵਾਲੇ ਹੀ ਲੜਕੀ ਵਾਲਿਆਂ ਨੂੰ ਲੁਟੱਣ ਦੇ ਪੂਰੀ ਤਰ੍ਹਾਂ ਹੱਕਦਾਰ ਹਨ। ਗਹੁ ਨਾਲ ਦੇਖਿਆ ਜਾਵੇ ਤਾਂ ਇਹ ਦੇਸ਼ ਅਤੇ ਸਮਾਜ ਵਾਸਤੇ ਇਕ ਅਜੇਹੀ ਖੱਤਰੇ ਦੀ ਘੰਟੀ ਹੈ ਜਿਸਦਾ ਸਮੇਂ ਸਿਰ ਨੋਟਸ ਨਾ ਲਿਆ ਗਿਆ ਤਾਂ ਸਮਾਜ ਵਾਸਤੇ 'ਦਹੇਜ' ਨੁਮ੍ਹਾ ਇਕ ਨਵਾਂ ਰਾਕਸ਼ ਪੈਦਾ ਹੋ ਸਕਦਾ ਹੈ।

ਬ੍ਰਾਹਮਣੀ ਤਿਉਹਾਰ ਅਤੇ ਬ੍ਰਾਹਮਣੀ ਕੁਟਲਨੀਤੀ:- ਦੁਨੀਆਂ ਭਰ ਵਿਚ ਹਰ ਕੌਮ, ਧਰਮ ਅਤੇ ਦੇਸ਼ ਦੇ ਅਪਣੇ ਅਪਣੇ ਦਿਨ-ਦਿਹਾੜੇ ਅਤੇ ਤਿਉਹਾਰ ਹੁੰਦੇ ਹਨ ਅਤੇ ਅਪਣੀ ਅਪਣੀ ਪੱਧਰ ਤੇ ਹਰ ਕੋਈ ਮਨਾਂਦਾ ਵੀ ਹੈ। ਪਰ ਤਿਉਹਾਰਾਂ ਦੇ ਨਾਮ ਤੇ ਕਦੇ ਕਿਸੇ ਨੂੰ ਧੋਖਾ ਨਹੀਂ ਦਿੱਤਾ ਜਾਂਦਾ। ਸੰਸਾਰ ਪੱਧਰ ਤੇ ਕੇਵਲ ਇਕ ਬ੍ਰਾਹਮਣ ਮੱਤ ਹੀ ਅਜੇਹਾ ਮੱਤ ਹੈ ਜਿਸਨੇ ਇਕ ਪਾਸੇ ਤਾਂ ਆਪਣਿਆਂ ਨੂੰ ਹੀ ਖੱਤਰੀ, ਵੈਸ਼, ਸ਼ੂਦਰ ਦੱਸ ਕੇ ਅਪਣਾ ਗੁਲਾਮ ਬਣਾ ਰਖਿਆ ਹੈ। ਇਸਤਰ੍ਹਾਂ ਉਨ੍ਹਾਂ ਸਾਰਿਆਂ ਨੂੰ ਅਪਣੇ ਅਪਣੇ ਢੰਗ ਨਾਲ ਨਚਾ ਰਿਹਾ ਹੈ? ਇਕ ਕਰਤੇ ਦੀ ਗਲ ਨਾ ਕਰਕੇ, ਜਜਮਾਨ ਕੋਲੋਂ ਇਹ ਆਪਣੀ ਹੀ ਪੂਜਾ ਕਰਵਾ ਰਿਹਾ ਹੈ। ਦੇਵੀ-ਦੇਵਤਿਆਂ ਦੇ ਨਾਮ ਹੇਠ ਉਸਨੇ ਅਨੇਕਾਂ ਵਹਿਮ-ਭਰਮ ਪੈਦਾ ਕਰਕੇ ਮਨੁਖੀ ਮਾਨਸਿਕਤਾ ਨੂੰ ਗੁਲਾਮ ਬਣਾਇਆ ਦਾ ਹੈ। ਇਸੇਤਰ੍ਹਾਂ ਉਸਨੇ ਆਪਣੇ ਹਰਇਕ ਤਿਉਹਾਰ ਨੂੰ ਸਿੱਧੇ ਲਫਜ਼ਾਂ ਵਿਚ ਅਪਣਾ ਤਿਉਹਾਰ ਨਾ ਕਹਿਕੇ ਮੌਸਮੀ ਜਾਂ ਸਾਮਾਜਿਕ ਆਦਿ ਤਿਉਹਾਰ ਦਾ ਨਾਮ ਦੇ ਰਖਿਆ ਹੈ।

ਸਿੱਖ ਧਰਮ ਦਾ ਨਾਕਸ ਪ੍ਰਚਾਰ ਪ੍ਰਬੰਧ ਅਤੇ ਰੱਖੜੀ:- ਇਸੇ ਦਾ ਨਤੀਜਾ ਹੈ ਕਿ ਇਹ ਭਾਊ ਦੂਜਿਆਂ ਨੂੰ ਅਪਣੀ ਵਿਚਾਰ ਧਾਰਾ ਦੇ ਜਾਲ ਵਿਚ ਉਲਝਾ ਕੇ ਅਪਣੇ ਢੰਗ ਨਾਲ ਵਰਤਣ ਵਿਚ ਬਹੁਤ ਮਾਹਿਰ ਹੈ। ਜਿਵੇਂ ਕਿ ਲੋਹੜੀ, ਦਿਵਾਲੀ, ਹੋਲੀ ਆਦਿ ਤਿਉਹਾਰਾਂ ਨੂੰ ਇਹ ਮੌਸਮੀ ਜਾਂ ਸਾਮਾਜਕ ਤਿਉਹਾਰ ਕਹਿਕੇ ਪ੍ਰਚਾਰਦਾ ਹੈ ਪਰ ਹੈਣ ਸਾਰੇ ਹੀ ਬ੍ਰਾਹਮਣੀ ਤਿਉਹਾਰ। ਇਸੇਤਰ੍ਹਾਂ ਰੱਖੜੀ ਦਾ ਤਿਉਹਾਰ ਵੀ ਉਸੇ ਹੀ ਲੜੀ ਵਿਚੋਂ ਹੈ। ਚੂੰਕਿ ਸਿੱਖ ਧਰਮ ਦਾ ਜਨਮ ਬ੍ਰਾਹਮਣੀ ਮਾਇਆ ਜਾਲ ਦੀ ਜਕੱੜ ਵਿਚ ਰਹਿੰਦੇ ਹੋਏ ਭਾਰਤ ਵਿਚ ਹੀ ਹੋਇਆ ਹੈ। ਇਹੀ ਕਾਰਣ ਹੈ ਕਿ ਗੁਰਬਾਣੀ ਖਜ਼ਾਨੇ ਵਿਚ ਮਨੁਖ ਨੂੰ ਪ੍ਰਭੂ ਮਿਲਾਪ ਵਾਸਤੇ, ਬ੍ਰਾਹਮਣੀ ਜੀਵਨ ਢੰਗ ਅਤੇ ਰਹਿਣੀ ਤੋਂ ਪੂਰੀ ਤਰ੍ਹਾਂ ਬੱਚ ਕੇ ਰਹਿਣ ਲਈ ਬਾਰ ਬਾਰ ਸੁਚੇਤ ਕੀਤਾ ਗਿਆ ਹੈ। ਸਾਡੇ ਮੁਸਲਮਾਨ, ਇਸਾਈ ਆਦਿ ਹੋਰ ਧਰਮਾਂ ਦੇ ਸੱਜਣ ਅਪਣੇ ਅਪਣੇ ਧਰਮਾਂ ਦੇ ਵੱਧੀਆ ਪ੍ਰਚਾਰ ਪ੍ਰਬੰਧ ਕਾਰਣ, ਬ੍ਰਾਹਮਣ ਦੀ ਲਪੇਟ ਵਿਚ ਨਹੀਂ ਆਊਂਦੇ। ਦੂਜੇ ਪਾਸੇ ਇਸ ਵੱਕਤ ਸਿੱਖ ਧਰਮ ਦਾ ਨਾਕਸ ਪ੍ਰਚਾਰ ਪ੍ਰਬੰਧ ਹੋਨ ਕਾਰਣ, ਸਿੱਖ ਸੰਗਤਾਂ ਵਿੱਚਕਾਰ ਗੁਰਬਾਣੀ ਸੋਝੀ ਦੀ ਬਹੁਤ ਘਾਟ ਬਣੀ ਪਈ ਹੈ। ਇਸੇ ਦਾ ਨਤੀਜਾ ਹੈ ਕਿ ਅਜ ਸਾਡੇ ਸਿੱਖ ਵੀਰ ਅਤੇ ਭੈਣਾਂ 'ਚਲਤੇ ਪਾਛੈ ਜਗ ਚਲੈ' ਅਨੁਸਾਰ ਰੱਖੜੀ ਦੇ ਇਸ ਤਿਉਹਾਰ ਵਿਚ ਬਹੁਤ ਜ਼ਿਆਦਾ ਉਲਝੇ ਹੋਏ ਦੇਖੇ ਜਾ ਸਕਦੇ ਹਨ। ਇਸ ਲਈ ਹੱਥਲੇ ਗੁਰਮੱਤ ਪਾਠ ਦੀ ਲੋੜ ਹੋਰ ਵੀ ਹੋਰ ਵੱਧ ਜਾਂਦੀ ਹੈ।

ਰਖੜੀ' ਭੈਣਾਂ ਦੀ ਰਖਿਆ ਜਾਂ ਕੁਝ ਹੋਰ?:- ਇਕ ਵਾਰੀ ਫ਼ਿਰ ਇਸ ਪਾਸੇ ਧਿਆਨ ਪੁਆਉਣਾ ਜ਼ਰੂਰੀ ਸਮਝਦੇ ਹਾਂ ਕਿ ਰੱਖੜੀ ਦਾ ਤਿਉਹਾਰ ਭੈਣ ਅਤੇ ਵੀਰ ਦੇ ਪਿਆਰ ਦਾ ਜ਼ਾਮਨ ਦਸਿਆ ਜਾਂਦਾ ਹੈ। ਸਾਲ ਦੇ ਸਾਲ ਭੈਣ ਆਪਣੇ ਵੀਰ ਦੇ ਗੁੱਟ ਤੇ ਰੱਖੜੀ ਬੰਨ੍ਹ ਕੇ, ਉਸ ਪਾਸੋਂ ਪ੍ਰਣ ਲੈਂਦੀ ਹੈ 'ਵੀਰ ਤੂੰ ਮੇਰੀ ਰਖਿਆ ਕਰੀਂ' ਬਦਲੇ ਵਿਚ ਵੀਰ ਭੈਣ ਨੂੰ ਕੁਝ ਮਾਇਆ ਆਦਿ ਦੇ ਕੇ ਇਕ ਢੰਗ ਨਾਲ ਭੈਣ ਨੂੰ ਅਪਣੇ ਵਲੋਂ ਉਸਦੀ ਰਖਿਆ ਦਾ ਵਾਦਾ ਦੇਂਦਾ ਹੈ। ਤਿਉਹਾਰ ਦਾ ਮੂਲ ਨਾਮ 'ਰਕਸ਼ਾ ਬੰਧਨ' ਹੈ, 'ਰੱਖੜੀ' ਉਸਦਾ ਪੰਜਾਬੀ ਰੂਪ। ਇਸਤਰ੍ਹਾਂ ਭੈਣ ਅਪਣੇ ਵੀਰ ਪਾਸੋਂ ਜੀਵਨ ਭਰ ਅਤੇ ਹਰ ਸਾਲ ਅਪਣੀ ਰਖਿਆ ਦਾ ਵਾਦਾ-ਪ੍ਰਣ ਲੈਂਦੀ ਰਹਿਂਦੀ ਹੈ। ਅਜ ਮੀਡੀਏ ਰਾਹੀਂ ਦੇਸ਼-ਵਿਦੇਸ਼ਾਂ ਵਿਚ ਇਸ ਦਾ ਭਰਵਾਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਦੇਖਣਾ ਤਾਂ ਇਹ ਹੈ ਅਸਲ ਵਿਚ ਤਿਉਹਾਰ ਦੇ ਪੜ੍ਹਦੇ ਵਿਚ ਹੋ ਕੀ ਰਿਹਾ ਹੈ? ਇਸਦਾ ਮਾਰੂ ਪੱਖ ਇਹ ਹੈ ਕਿ ਇਕ ਤਰੀਕੇ ਭੈਣ ਨੂੰ ਹਰ ਸਾਲ ਚੇਤਾ ਕਰਾਇਆ ਜਾਂਦਾ ਹੈ ਕਿ 'ਇਹ ਮੇਰੀ ਭੈਣ ਇਸਤਰੀ ਹੋਣ ਦੇ ਨਾਤੇ ਤੂੰ ਅਬਲਾ ਹੈ ਅਤੇ ਤੂੰ ਅਪਣੀ ਰਖਿਆ ਦੇ ਕਾਬਿਲ ਨਹੀਂ। ਦੂਜੇ ਲਫ਼ਜ਼ਾਂ ਵਿਚ ਮਾਨੌ ਭੈਣ ਹਰ ਸਾਲ ਅਪਣੇ ਵੀਰ ਨੂੰ ਕਹਿਂਦੀ ਹੈ "ਕਿ ਐ ਮੇਰੇ ਵੀਰ! ਤੂੰ ਮੇਰੀ ਰਖਿਆ ਕਰੀਂ ਕਿਉਂਕਿ ਮੈ ਤਾਂ 'ਅਬਲਾ' ਹਾਂ ਅਤੇ ਅਪਣੀ ਰਖਿਆ ਦੇ ਕਾਬਿਲ ਨਹੀਂ। ਤੂੰ ਪੁਰਖ ਹੈਂ ਅਤੇ ਮੇਰੀ ਰਖਿਆ ਤੂੰ ਹੀ ਕਰ ਸਕਦਾ ਹੈ"। ਸਪੱਸ਼ਟ ਹੈ ਕਿ ਰੱਖੜੀ ਦੇ ਪੜ੍ਹਦੇ ਵਿਚ ਇਸਤਰੀ ਹੋਣ ਦੇ ਨਾਤੇ ਭੈਣ ਨੂੰ ਹਰ ਸਾਲ ਇਹ ਇਹਸਾਸ ਕਰਾਇਆ ਜਾਂਦਾ ਹੈ ਕਿ ਇੱਸਤਰੀ ਜਾਤ 'ਅਬਲਾ' ਹੈ ਅਤੇ ਪੁਰਖ ਸਮਾਜ ਤੋਂ ਬਿਨਾਂ ਉਸਦੀ ਰਖਿਆ ਸੰਭਵ ਨਹੀਂ।

ਸਮਝਣ ਦੀ ਗਲ ਹੈ ਕਿ ਰੱਖੜੀ ਦਾ ਤਿਉਹਾਰ ਤਾਂ ਭਾਰਤ ਦਾ ਇਕ ਬਹੁਤ ਪੁਰਾਨਾ ਤਿਉਹਾਰ ਹੈ। ਤਾਂ ਫਿਰ ਰੱਖੜੀ ਬਨ੍ਹਵਾਉਣ ਵਾਲੇ ਵੀਰਾਂ ਦੀਆਂ ਭੈਣਾਂ ਗਜ਼ਨੀ ਦੇ ਬਾਜਾਰਾਂ ਵਿਚ ਟੱਕੇ ਟੱਕੇ ਤੇ ਕਿਉਂ ਵਿੱਕਦੀਆਂ ਰਹੀਆਂ? ਅਬਦਾਲੀ ਦੇ ਹਮਲੇ ਸਮੇਂ ਜਦੋਂ ਭਾਰਤ ਦੇ 20,000 ਬੱਚੇ-ਬੱਚੀਆਂ ਨੂੰ ਅਬਦਾਲੀ ਦੀਆਂ ਫੌਜਾਂ ਲੁੱਟਕੇ ਕਾਬਲ ਲਿਜਾ ਰਹੀਆਂ ਸਨ, ਤਾਂ ਹਰ ਸਾਲ 'ਰੱਖੜੀ' ਬਨਵਾਉਣ ਵਾਲੇ ਉਨ੍ਹਾਂ ਦੇ ਵੀਰਾਂ ਕਿੱਥੇ ਸਨ? ਬਲਕਿ ਉਨ੍ਹਾਂ ਨੂੰ ਵਾਪਸ ਖੋਹ ਕੇ ਸਤਿਕਾਰ ਸਹਿਤ ਘਰ-ਘਰ ਪਹੁੰਚਾਉਣ ਵਾਲੇ ਕੌਣ ਸਨ? ਇਹ ਸਨ ਗੁਰੂ ਨਾਨਕ-ਕਲਗੀਧਰ ਪਾਤਸ਼ਾਹ ਦੇ ਸਿੱਖ ਜਿਹੜੀ ਕਿ ਇਸ ਰੱਖੜੀ ਵਿਚ ਵਿਸ਼ਵਾਸ ਨਹੀਂ ਸਨ ਰਖਦੇ ਬਲਕਿ ਅਪਣਾ ਸਿੱਖੀ ਫ਼ਰਜ਼ ਨਿਭਾ ਰਹੇ ਸਨ। ਸੌ ਸੌ ਜਾਂ ਡੇੜ੍ਹ ਡੇੜ੍ਹ ਸੌ ਦੀ ਗਿਣਤੀ ਵਾਲੀਆਂ ਬਾਰਾਤਾਂ ਵਿੱਚਕਾਰੋਂ ਡੋਲੇ ਲੁਟੱਣ ਵੇਲੇ ਕੇਵਲ ਦੋ-ਦੋ ਪਠਾਨ ਹੀ ਹੁੰਦੇ ਸਨ। ਤਾਂ ਉਸ ਵੱਕਤ ਉਹ ਹਰ ਸਾਲ ਰੱਖੜੀਆਂ ਬਨਵਾਉਣ ਵਾਲੇ ਵੀਰ ਉਨ੍ਹਾਂ ਨੂੰ ਕਿਉਂ ਨਾ ਬਹੁੜੇ? ਕਿਉਂਕਿ ਉਹ ਵੀ ਤਾਂ ਇਨ੍ਹਾਂ ਬਰਾਤਾਂ ਵਿਚ ਹੀ ਸ਼ਾਮਲ ਸਨ। ਬੀਬੀ ਸ਼ਰਨ ਕੋਰ ਆਦਿ ਦੀਆਂ ਸਾਖੀਆਂ ਗਵਾਹ ਹਨ ਲੁੱਟੇ ਹੋਏ ਡੋਲੇ ਵਾਪਸ ਛੁਡਾਉਣ ਤੋਂ ਬਾਅਦ ਉਹ ਬੱਚੀਆਂ, ਸਿੰਘਣੀਆਂ ਤਾਂ ਸੱਜ ਗਈਆਂ ਪਰ ਬ੍ਰਾਹਮਣੀ ਸਮਾਜ ਵਿਚ ਵਾਪਸ ਨਹੀਂ ਪਰਤੀਆਂ। 'ਮੋੜੀ ਬਾਬਾ ਕੱਛ ਵਾਲਿਆ' ਕਹਿਣ ਵਾਲੀਆਂ ਕੌਣ ਸਨ? ਇਹ ਕੱਛ ਵਾਲੇ ਗੁਰੂ ਨਾਨਕ-ਕਲਗੀਧਰ ਪਾਤਸ਼ਾਹ ਦੇ ਸਿੱਖ ਹੀ ਸਨ ਜਿਨ੍ਹਾਂ ਨੂੰ ਉਹ ਅਬਲਾ ਆਪਣੇ ਬਚਾਅ ਲਈ ਕੁਰਲਾਉਂਦੀਆਂ ਹੋਈਆਂ ਆਵਾਜ਼ਾਂ ਮਾਰਦੀਆਂ ਸਨ। ਆਖਿਰ ਹਰ ਸਾਲ ਰੱਖੜੀ ਬੰਨ੍ਹਵਾਉਣ ਵਾਲੇ ਵੀਰਾਂ ਦੀਆਂ ਹੀ ਭੈਣਾਂ ਸਨ, ਕੋਈ ਹੋਰ ਨਹੀਂ। ਪਰ ਕਿੱਥੇ ਸਨ ਉਨ੍ਹਾ ਦੇ ਉਦੋਂ ਉਹ ਵੀਰ? ਸਮੇਂ ਸਿਰ ਉਨ੍ਹਾਂ ਤੋਂ ਰੱਖੜੀ ਬੰਨ੍ਹਵਾਉਣ ਵਾਲੇ ਵੀਰ ਤਾਂ ਕਦੇ ਨਹੀਂ ਸੀ ਬਹੁੜੇ। ਤਾਂ ਫ਼ਿਰ ਰੱਖੜੀ ਨੇ ਰਖਿਆ ਕਿਉਂ ਨਾ ਕੀਤੀ? ਕਿਉਂਕਿ ਅਸਲੀਅਤ ਤਾਂ ਕੁਝ ਹੋਰ ਸੀ। ਰੱਖੜੀ ਤਾਂ ਉਸ ਵਾਸਤੇ ਇਕ ਬਹਾਨਾ ਸੀ।

ਕਹਿਣ ਤੋਂ ਭਾਵ ਭੈਣ-ਭਾਈ ਦਾ ਰਿਸ਼ਤਾ ਕਹਿਕੇ ਸਮਾਜ ਨੂੰ ਉਲਝਾਉਣ ਦੀ ਇਹ ਇਕ ਗਹਿਰੀ ਚਾਲ ਹੈ। ਵੀਰ ਰਾਹੀਂ ਭੈਣ ਦੀ ਰਖਿਆ ਕਰਨ ਵਾਲੇ ਲੇਬਲ ਦੇ ਪਿੱਛੇ 'ਰੱਖੜੀ' ਇਸਤਰੀ ਜਗਤ ਵਿਚ ਆਤਮ ਹੀਨਤਾ ਭਰਨ ਵਾਲੀ, ਪੁਰਖ ਪ੍ਰਧਾਨ ਸਮਾਜ ਦੀ ਬੜੀ ਗਹਿਰੀ ਖੇਡ ਤੋਂ ਬਿਨਾਂ ਹੋਰ ਕੁਝ ਨਹੀਂ। ਚਾਲ ਵੀ ਚਲੀ ਗਈ ਤਾਂ ਉਹ ਵੀ ਪਿੱਛਲੇ ਦਰਵਾਜ਼ੇ ਤੋਂ, ਭੈਣ ਭਰਾ ਦੇ ਜਜ਼ਬਾਤੀ ਰਿਸ਼ਤੇ ਨੂੰ ਤਿਉਹਾਰ ਦੇ ਨਾਮ ਹੇਠ ਵਰਤਕੇ। ਅਸਲ ਵਿਚ ਇਹ ਤਿਉਹਾਰ ਵੀ ਦਾਮ-ਸਾਮ-ਕਾਮ ਦੰਡ ਵਾਲੀ ਬ੍ਰਾਹਮਣੀ ਕੁਟਲਨੀਤੀ ਦੀ ਹੀ ਉਪਜ ਹੈ। ਹਰ ਇਕ ਉਹ ਸੋਚਨੀ ਅਤੇ ਕਰਨੀ ਜਿਸ ਅਨੁਸਾਰ ਇਸਤਰੀ ਵਰਗ ਨੂੰ ਕਮਜ਼ੋਰ, ਕੰਨਿਆ ਦਾਨ ਜਾਂ ਦਹੇਜ-ਦਬਾਉਣ ਦੀ ਵਸਤੂ ਦਸਿਆ ਗਿਆ ਹੈ, ਗੁਰੂ ਦਰ ਦੀ ਵਿਚਾਰਧਾਰਾ ਨਾਲ ਬਿਲਦੁਲ ਮੇਲ ਨਹੀਂ ਖਾਂਦੀ। ਗੁਰੂ ਕੀਆਂ ਸੰਗਤਾਂ ਨੂੰ ਅਜੇਹੀ ਸੋਚਨੀ, ਕਰਨੀ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਲੋੜ ਹੈ। ਸਾਬਤ ਹੋ ਚੁਕਾ ਹੈ ਕਿ ਰੱਖੜੀ ਜਾਂ ਰਕਸ਼ਾਬੰਧਨ, ਉਸੇ ਹੀ ਬ੍ਰਾਹਮਣੀ ਸੋਚ ਦੀ ਉਪਜ ਹੇ।

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ

Back to previous page

Akali Singh Services| Sikhism | Punjabi Language and its Grammar | Sikh Youth Camp | Home