ਸੇਵਾ

ਸੇਵਾ: ਉਹ ਉਦਮ ਅਤੇ ਕਿਰਤ ਹੈ ਜੋ ਨਿਮ੍ਰਤਾ, ਪਿਆਰ, ਧੀਰਝ ਅਤੇ ਸੰਤੋਖ ਸਹਿਤ ਬਗੈਰ ਕਿਸੇ ਲੋਭ, ਮੋਹ, ਹਉਮੈ, ਸੁਆਰਥ ਅਤੇ ਜੋ ਬਗੈਰ ਕਿਸੇ ਵਿਅਕਤੀ ਵਿਸ਼ੇਸ਼ ਜਾਂ ਜੀਵ, ਜਾਤ ਪਾਤ, ਊਚ ਨੀਚ, ਗਰੀਬ ਜਾਂ ਅਮੀਰ, ਛੋਟਾ ਜਾਂ ਵੱਡਾ, ਤੀਵੀਂ ਜਾਂ ਮਰਦ, ਇਲਾਕਾ ਵਾਸੀ, ਪ੍ਰਵਾਸੀ, ਰੂਪ ਰੰਗ ਜਾਂ ਨਸਲ ਆਦਿ ਦੇ ਵਿਤਕਰੇ ਦੇ ਅਤੇ ਨਿਰਲੇਪ ਮਨ ਦੀ ਲਗਨ ਰਾਹੀਂ ਕੀਤੀ ਜਾਵੇ।

ਸੇਵਾ ਦੇ ਵਿਸ਼ੇ ‘ਤੇ ਲਿਖਣ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਸੇਵਾ ਦੇ ਮੁੱਖ ਪੱਖ ਕੀ ਹਨ ਅਤੇ ਸੇਵਾ ਦਾ ਖੇਤਰ ਕੀ ਹੈ। ਸਮਾਜਕ ਅਤੇ ਧਾਰਮਿਕ ਖੇਤਰਾਂ ਵਿੱਚ ‘ਸੇਵਾ ’ ਸ਼ਬਦ ਆਮ ਵਰਤੋਂ ਵਿੱਚ ਆਉਂਦਾ ਹੈ। ਸਮਾਜਕ ਖੇਤਰ ਵਿੱਚ ਆਮ ਤੌਰ ‘ਤੇ ਅਸੀਂ ਆਪਣੇ ਮਾਪਿਆਂ, ਵਡੇਰਿਆਂ, ਪ੍ਰੀਵਾਰਕ ਜਾਂ ਸਬੰਧੀਆਂ ਜਾਂ ਸਮਾਜ ਵਿਚ ਸਤਿਕਾਰੇ, ਸਿਆਣੇ ਲੋਕਾਂ, ਲੋੜਵੰਦ ਲੋਕਾਂ ਆਦਿ ਦੀ ਸਹਾਇਤਾ, ਦੇਖ ਭਾਲ ਕਰਨਾ ਜਾਂ ਲੋੜਵੰਦ ਲੋਕਾਂ ਦੀ ਲੋੜ ਪੂਰੀ ਕਰਨ ਦੇ ਸਬੰਧ ਵਿੱਚ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ। ਸਮਾਜਕ ਕਦਰਾਂ ਕੀਮਤਾਂ ਅਨੁਸਾਰ, ਸਮਾਜਕ ਖੇਤਰ ਵਿੱਚ ਜ਼ੁਮੇਵਾਰੀਆਂ ਨਿਭਾਉਣ ਵਾਲੇ ਵਿਅਕਤੀ ਦੀਆਂ ਸਮਾਜ ਵਲੋਂ ਸਮਝੀਆਂ ਜਾਂਦੀਆਂ ਜ਼ੁਮੇਵਾਰੀਆਂ ਹੋਣ ਦੇ ਨਾਤੇ ਅਤੇ ਕਦੇ ਕਿਸੇ ਸੁਆਰਥ ਲਈ ਵੀ ਜ਼ੁਮੇਵਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ ਹਨ । ਭਾਵ, ਸਮਾਜਕ ਖੇਤਰ ਵਿਚ ਇਹ ਸੇਵਾ ਕਿਸੇ ਜ਼ੁਮੇਵਾਰੀ ਨਿਭਾਉਣ ਲਈ ਕੀਤੀ ਜਾਂਦੀ ਹੈ।

ਨੋਟ: ਇਸ ਵਿਸ਼ੇ ਉਤੇ ਹੋਰ ਅਗੇ ਵਿਚਾਰ ਕਰਨ ਤੋਂ ਪਹਿਲਾਂ, ਸਮਾਜ ਵਿੱਚ ਕੁਝ ਵਰਤੇ ਜਾਂਦੇ ਸ਼ਬਦਾਂ ਦੇ ਠੀਕ ਭਾਵ ਅਰਥ ਸਮਝ ਲੈਣੇ ਜ਼ਰੂਰੀ ਹਨ। 1. ਦਰਸ਼ਨ, 2. ਚਰਨ 3. ਚਰਨ ਧੂੜ : ਸਮਾਜਕ ਕਦਰਾਂ ਕੀਮਤਾਂ ਅਤੇ ਰਿਵਾਇਤਾਂ ਅਨੁਸਾਰ, ਲੋਕਾਂ ਨੂੰ ਮਿਲਣ ਸਮੇਂ ਕਹਿੰਦੇ ਹਾਂ ਕਿ ਆਪ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ ਹੈ। ਨਿਮ੍ਰਤਾ ਪਖੋਂ ਅਸੀਂ ਕਈ ਵੇਰ ਆਪ ਨਾਲੋਂ ਸਿਆਣੇ, ਉਮਰ ਅਤੇ ਰਿਸ਼ਤੇਦਾਰੀ ਵਿਚ ਵੱਡੇ ਜਾਂ ਸਭ੍ਹਾ ਸਮਾਜ ਵਿਚ ਸਨਮਾਨਤ ਲੋਕਾਂ ਨੂੰ ਮਿਲਣ ਸਮੇਂ ਉਨ੍ਹਾਂ ਦੇ ਚਰਨੀ (ਭਾਵ ਪੈਰੀਂ) ਹੱਥ ਲਗਾਉਂਦੇ ਵੀ ਦੇਖਦੇ ਹਾਂ (ਸਾਂ)। ਇਸੇ ਤਰਾਂ ਕਈ ਵਾਰ, ਚਰਨਾਂ ਦੀ ਧੂੜ (ਭਾਵ ਮਿੱਟੀ) ਮੱਥੇ ਉਤੇ ਲਗਾਉਂਦੇ ਦੇਖਦੇ ਹਾਂ (ਸਾਂ)।

(ਨੋਟ:ਦਰਸ਼ਨ ਕਰਨ ਤੋਂ ਭਾਵ ਹੁੰਦਾ ਹੈ ਕਿ ਅਸੀ ਤੁਹਾਨੂੰ ਮਿਲਣ ਦੀ ਤਾਂਘ ਰਖਦੇ ਸਾਂ ਅਤੇ ਮਿਲਕੇ, ਗਲਬਾਤ ਕਰਕੇ ਅਤੇ ਤੁਹਾਡੀਆਂ ਗਲਾਂ ਜਾਂ ਵਿਚਾਰ ਸੁਣਕੇ ਸਾਨੂੰ ਬੜੀ ਖੁਸ਼ੀ ਹੋਈ ਹੈ। ਪੈਰੀ ਜਾਂ ਚਰਨੀ ਹਥ ਲਗਾਉਣ ਜਾਂ ਚਰਨ ਧੂੜ ਮੱਥੇ ਉਤੇ ਲਗਾਉਣ ਵਾਲੇ ਦਾ ਭਾਵ ਨਿਮ੍ਰਤਾ ਅਤੇ ਸਤਿਕਾਰ ਸਾਹਿਤ ਇਹ ਸਵੀਕਾਰ ਕਰਨਾ ਹੁੰਦਾ ਹੈ ਕਿ ਤੁਸੀਂ ਮੇਰੇ ਤੋਂ ਸਿਆਣੇ ਹੋ, ਮੈਂ ਆਪ ਤੋਂ ਸਿਖਿਆ ਅਤੇ ਸੇਧ ਸਵੀਕਾਰ ਕਰਾਂਗਾ ਅਤੇ ਆਪ ਦਾ ਕਹਿਆ ਮੰਨਾਂਗਾ । ਨਿਮ੍ਰਤਾ ਪਖੋਂ ਇਹ ਦਰਸਾਉਣਾ ਹੁੰਦਾ ਹੈ ਕਿ ਮੈਂ ਤੁਹਾਡੇ ਚਰਨਾਂ ਦੀ ਮਿੱਟੀ (ਧੂੜ) ਤੋਂ ਵੀ ਨੀਵਾਂ ਹਾਂ।

(1):- ਸਮਾਜਕ ਖੇਤਰ ਵਿੱਚ ਸੇਵਾ ਕਰਨ ਵਾਲੇ ਵਿਅਕਤੀ ਦੀਆਂ ਸਮਾਜ ਅਤੇ ਪਰਿਵਾਰ ਵਲੋਂ ਸਮਝੀਆਂ ਜਾਂਦੀਆਂ ਜ਼ੁਮੇਵਾਰੀਆਂ ਹੋਣ ਦੇ ਨਾਤੇ ਇਹ ਸਤਿਕਾਰ ਅਤੇ ਪਿਆਰ ਸਹਿਤ ਨਿਭਾਈਆਂ ਜਾਂਦੀਆਂ ਹਨ ਅਤੇ ਕੁਝ ਕਿਸੇ ਸੁਆਰਥ ਲਈ ਪੂਰੀਆਂ ਕੀਤੀਆਂ ਜਾਂਦੀਆਂ ਹਨ। ਆਮ ਤੌਰ 'ਤੇ ਭਾਈਚਾਰਕ ਲੋਕ ਇਹ ਜ਼ੁਮੇਵਾਰੀਆਂ ਨਿਭਾਉਣ ਦੇ ਕੰਮ ਨੂੰ, ਭਾਵੇਂ ਉਹ ਗੁਰਦਵਾਰੇ ਵਿਚ ਹੋਵੇ, ਜਾਂ ਪਰਿਵਾਰਕ ਖੇਤਰ ਵਿਚ, ਇਨ੍ਹਾਂ ਨੂੰ 'ਸੇਵਾ' ਦਾ ਨਾਂ ਦੇ ਦਿੰਦੇ ਹਨ। ਇਸ ਪ੍ਰੀਭਾਸ਼ਾ ਅਨੁਸਾਰ ਸੇਵਾ ਦਾ ਖੇਤਰ ਕਿਸੇ ਹਦ ਤਕ ਸੀਮਤ ਰਹਿ ਜਾਂਦਾ ਹੈ।

(2):- ਧਾਰਮਿਕ ਖੇਤਰ ਵਿੱਚ ਸਿਖੀ ਨਿਯਮਾਂ ਦੇ ਵਿਸ਼ੇ 'ਤੇ ਅਧਾਰਤ, ‘ ਸੇਵਾ ' ਦੇ ਵਿਸ਼ੇ ਦੀ ਪ੍ਰੀਭਾਸ਼ਾ ਊਪਰ ਲਿਖੇ (1) ਦੇ ਵਿਸ਼ੇ ਨਾਲ ਕੁਝ ‘ਕੁ ਸਾਂਝ੍ਹੀ ਹੈ ਪ੍ਰੰਤੂ ਬਹੁਤ ਕੁਝ ਇਸ ਵਿਚ ਨਿਰਾਲਾਪਨ ਅਤੇ ਵਖਰੇਵਾਂ ਹੈ।

ਇਸ ਲੇਖ ਰਾਹੀਂ ਇਨ੍ਹਾਂ ਦੋਨਾਂ ਹੀ ਵਿਸ਼ਿਆਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਕਿਸੇ ਵਡੇਰੇ ਜਾਂ ਸਭ੍ਹਾ ਸਮਾਜ ਵਿਚ ਰਹਿੰਦਿਆਂ ਪਰਿਵਾਰ ਵਿਚ, ਭਾਈਚਾਰੇ ਵਿਚ ਜਾਂ ਧਾਰਮਿਕ ਅਸਥਾਨਾਂ 'ਤੇ ਸਨਮਾਨਤ ਲੋਕਾਂ ਜਾਂ ਲੋੜਵੰਦ ਲੋਕਾਂ ਜਾਂ ਸੰਗਤ ਦੀ ਸੇਵਾ ਤੋਂ ਭਾਵ ਹੈ ਕਿ ਵਕਤ ਨਾਲ ਸਬਰ, ਸੰਤੋਖ, ਨਿਮ੍ਰਤਾ ਅਤੇ ਪਿਆਰ ਸਹਿਤ ਸਰੀਰਕ ਲੋੜਾਂ, ਜਿਵੇਂ ਰੋਟੀ, ਪਾਣੀ, ਸਫਾਈ ਆਦਿ ਦੀ ਦੇਖ ਭਾਲ ਕਰਨੀ ਅਤੇ ਉਨ੍ਹਾਂ ਦੀ ਕਹੀ ਗਲ ਨੂੰ ਸੁਣਨਾ ਅਤੇ ਨਿਮ੍ਰਤਾ ਸਹਿਤ ਉਨ੍ਹਾਂ ਦਾ ਕਿਹਾ ਮੰਨਣਾ ਅਤੇ ਲੋੜ ਪੂਰੀ ਕਰਨੀ ਹੈ।

ਧਾਰਮਿਕ ਖੇਤਰ ਵਿੱਚ, ਸਿਖਾਂ ਲਈ ਗਿਆਨ ਗੁਰੂ ਹੈ ਅਤੇ ‘ਸਿੱਖੀ’ ਤੋਂ ਭਾਵ ਹੈ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਲਈ ਹੋਈ ਸਿਖਿਆ ਨੂੰ ਜੀਵਨ ਵਿਚ ਅਪਨਾਉਣਾ, ਜਿਵੇਂ: "ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥" (ਪੰਨਾ 465).

ਗਿਆਨ ਗੁਰੂ ਕੋਈ ਸਰੀਰ ਨਹੀਂ ਹੈ। ਜਿਸ ਕਰਕੇ ਇਸ ਦੀਆਂ ਕੋਈ ਸਰੀਰਕ ਲੋੜਾਂ, ਜਿਵੇਂ ਰੋਟੀ, ਪਾਣੀ ਅਤੇ ਸਰੀਰਕ ਸਫਾਈ ਆਦਿ ਨਹੀਂ ਹਨ। ਸਿੱਖੀ ਵਿਚ ਗੁਰੂ ਦੀ ਸੇਵਾ ਤੋੰ ਭਾਵ ਹੈ ਗੁਰੂ ਦੀ ਕਹੀ ਗਲ ਨੂੰ ਸਤਿਕਾਰ ਸਹਿਤ ਮੰਨਣਾ ਅਤੇ ਉਸ ਉਤੇ ਅਮਲ ਕਰਨਾ। ਗੁਰੂ ਦੀ ਸੇਵਾ ਤੋਂ ਭਾਵ ਹੈ "ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7 ॥ਪੰਨਾ 223। " ਅਤੇ " ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ (ਪੰਨਾ 672)" ਅਤੇ ਇਸ ਨੂੰ ਹੋਰ ਜਾਨਣ ਲਈ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਨੂੰ ਪੜ੍ਹਨ, ਵਿਚਾਰਣ ਅਤੇ ਸਮਝਣ ਪਿਛੋਂ ਉਸ ਗਿਆਨ ਨੂੰ ਆਪਣੇ ਜੀਵਨ ਵਿਚ ਵਰਤੋਂ ਰਾਹੀਂ ਅਪਨਾਇਆ ਜਾਂ ਸਿਖਿਆ ਜਾ ਸਕਦਾ ਹੈ। ਸ਼ਬਦ ਗੁਰੂ ਵਿਚ ਕਹੀ ਗਲ ਨੂੰ ਮੰਨਣਾ ਹੀ ਗੁਰੂ ਦੀ ਸੇਵਾ ਹੈ। ਇਸ ਲਈ ਗੁਰੂ ਦੀ ਸੇਵਾ ਕਰਨ ਲਈ ਗੁਰੂ ਦੀ ਗਲ ਸਮਝਣ ਅਤੇ ਮੰਨਣ ਦੀ ਲੋੜ ਹੈ। ਗੁਰੂ ਦੀ ਗਲ ਸਮਝਣ ਲਈ ਅਤੀ ਜ਼ਰੂਰੀ ਹੈ ਕਿ ਅਸੀਂ ਗੁਰੂ ਦੇ ਲਿਖੇ ਸ਼ਬਦ ਨੂੰ ਪੜ੍ਹੀਏ, ਵਿਚਾਰੀਏ, ਸਮਝੀਏ ਅਤੇ ਉਸ ਨੂੰ ਆਪਣੇ ਜੀਵਨ ਵਿਚ ਅਪਣਾਈਏ । ਸਮਝਣ ਲਈ ਸੰਗਤ ਵਿਚ ਇਕੱਠੇ ਬੈਠਕੇ ਸ਼ਬਦ ਦੀ ਵਿਚਾਰ ਕਰਨ ਨਾਲ ( as in group discussions) ਸਾਨੂੰ ਚੰਗੀ ਸਮਝ ਆ ਸਕਦੀ ਹੈ ਅਤੇ ਗੁਰੂ ਦੀ ਕਹੀ ਗਲ ਨੂੰ ਸਮਝਣ ਪਿਛੋਂ ਉਸ ਨੂੰ ਮੰਨਣਾ ਸੌਖਾ ਹੋ ਜਾਂਦਾ ਹੈ। ਇਹ ਵੀ ਇਕ ਕਾਰਨ ਹੈ ਕਿ ਸਿੱਖ ਧਰਮ ਨੂੰ "ਸੰਗਤੀ ਧਰਮ" ਕਿਹਾ ਜਾਂਦਾ ਹੈ।

ਗੁਰੂ ਦੇ ਦਰਸ਼ਨ ਕਰਨ ਤੋਂ ਭਾਵ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਗੁਰੂ ਸ਼ਬਦ ਨੂੰ ਪੜ੍ਹ ਕੇ ਗਿਆਨ ਪ੍ਰਾਪਤ ਕਰਨ ਨੂੰ ਹੀ ਗੁਰੂ ਦੇ ਦਰਸ਼ਨ ਕਰਨਾ ਅਤੇ ਗੁਰੂ ਨਾਲ ਗਲਬਾਤ ਕਰਨੀ ਕਿਹਾ ਜਾਂਦਾ ਹੈ। ਰੋਮਾਲਾ ਚੁਕ ਕੇ ਸਿਰਫ ਪਤਰਿਆਂ ਨੂੰ ਦੇਖ ਲੈਣਾ ਹੀ ਦਰਸ਼ਨ ਨਹੀਂ ਅਖਵਾਂਦੇ।

ਗੁਰੂ ਦੇ ਚਰਨ ਪਰਸਣੇ, ਚਰਨ ਕੰਵਲਾਂ ਜਾਂ ਚਰਨਾਂ ਦੀ ਧੂੜ ਲੈਣੀ, ਚਰਨੀ ਪੈਣਾ, ਚਰਨੀ ਹਥ ਲਗਾਉਣ ਜਾਂ ਚਰਨ ਧੂੜ ਮੱਥੇ ਉਤੇ ਲਗਾਉਣ ਵਾਲੇ ਦਾ ਭਾਵ ਨਿਮ੍ਰਤਾ ਅਤੇ ਸਤਿਕਾਰ ਸਾਹਿਤ ਇਹ ਸਵੀਕਾਰ ਕਰਨਾ ਹੁੰਦਾ ਹੈ ਕਿ ਹੇ ਗੁਰੂ ! ਹੇ ਅਕਾਲ ਪੁਰਖ ਜੀਉ ! ਮੈਂ ਬੇਸਮਝ, ਮੂੜ, ਅਗਿਆਨੀ ਹਾਂ ਅਤੇ ਮੈਂ ਜੋਦੜੀ ਕਰਦਾ ਹੋਇਆ ਆਪ ਜੀ ਤੋਂ ਜਾਚਨਾ ਕਰਦਾ ਹਾਂ ਕਿ ਮੈਨੂੰ ਇਹ ਸੁਮੱਤ ਬਖਸ਼ਿਸ਼ ਕਰੋ ਤਾਂ ਜੋ ਮੈਂ ਆਪ ਤੋਂ ਸਿਖਿਆ ਅਤੇ ਸੇਧ ਸਵੀਕਾਰ ਕਰਾਂ । ਨਿਮ੍ਰਤਾ ਪਖੋਂ ਇਹ ਦਰਸਾਉਣਾ ਹੁੰਦਾ ਹੈ ਕਿ ਤੁਹਾਡੀ ਹਸਤੀ ਅਪਰ ਅਪਾਰ ਹੈ, ਤੁਹਾਡੀ ਸਿਖਿਆ ਇਤਨੀ ਮਹਾਨ ਹੈ ਕਿ ਮੈਂ ਤੁਹਾਡੇ ਚਰਨਾਂ ਦੀ ਮਿੱਟੀ (ਧੂੜ)ਤੁਲ ਵੀ ਨਹੀਂ ਹਾਂ ਅਤੇ ਆਪ ਤੋਂ ਸਿਖਿਆ ਦੀ ਜਾਚਨਾ ਕਰਦਾ ਹਾਂ ।

ਗੁਰਬਾਣੀ ਵਿਚਲੇ ਸ਼ਬਦਾਂ ਦੀ ਵਿਚਾਰ ਰਾਹੀਂ ਲਈ ਹੋਈ ਸਿਖਿਆ ਅਨੁਸਾਰ ਬਗੈਰ ਕਿਸੇ ਸੁਆਰਥ ਅਤੇ ਵਿਤਕਰੇ ਦੇ ਲੋੜਵੰਦ ਲੋਕਾਂ ਦੀ ਲੋੜ ਪੂਰੀ ਕਰਨਾ ਅਤੇ ਵਡੇਰੇ ਲੋਕਾਂ ਦੀ ਨਿਮ੍ਰਤਾ ਅਤੇ ਪਿਆਰ ਸਹਿਤ ਦੇਖ ਭਾਲ ਕਰਨ ਨੂੰ ਸਮਾਜਕ ਜ਼ੁਮੇਵਾਰੀ ਅਤੇ ਸੇਵਾ ਸਮਝਿਆ ਜਾਂਦਾ ਹੈ ਜੋ ਕਿ ਸਿੱਖ ਧਰਮ ਸਿਖਾਉਂਦਾ ਹੈ ।

ਇਨ੍ਹਾਂ ਸਿੱਖੀ ਅਸੂਲਾਂ ਅਨੁਸਾਰ ਜੀਵਨ ਬਤੀਤ ਕਰ ਰਿਹਾ ਅਤੇ ਸੇਵਾ ਦੀ ਜ਼ੁਮੇਵਾਰੀ ਨਿਭਾ ਰਿਹਾ ਵਿਅਕਤੀ ਇਕ ਮਹਾਨ ਕਿਰਤ ਕਰ ਰਿਹਾ ਹੁੰਦਾ ਹੈ ਜਿਸ ਰਾਹੀਂ ਕਰਤੇ ਦੀ ਰਚਨਾ ਅਤੇ ਜੀਵ ਜੰਤੂ ਨੂੰ ਲਾਭ੍ਹ ਹੋਵੇ ।

ਅਜਕਲ ਬਹੁਤਾਤ ਵਿੱਚ,ਅਸੀਂ ਲੋਕ ਜੋ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ ਪਰ ਗੁਰਬਾਣੀ ਅਤੇ ਗੁਰਬਾਣੀ ਸ਼ਬਦ ਦੀ ਵਿਚਾਰ ਅਤੇ ਸਿੱਖਿਆ ਤੋਂ ਪੂਰੀ ਤਰਾਂ ਅਨਜਾਣ ਹਾਂ। ਇਸ ਕਰਕੇ, ਆਮ ਤੌਰ ‘ਤੇ ਸਰੂਪ ਅਤੇ ਪਹਿਰਾਵੇ ਦੇ ਹੀ ਸਿਖ ਰਹਿ ਗਏ ਹਾਂ ਨਾਂ ਕਿ "ਸਿਖਿਆ ਗੁਰ ਵੀਚਾਰਿ" ਅਤੇ “ਸੱਚ ਆਚਾਰ “ ਵਾਲੇ। ਸਾਡੀ ਇਸ ਅਨਜਾਣਤਾ ਅਤੇ ਧਰਮ ਪੱਖੀ ਅਗਿਆਨਤਾ ਦਾ ਨਿਘਾਰ ਹੀ ਹੈ ਜਿਸ ਤੋਂ ਅਜਕਲ ਦੇ ਅਖੌਤੀ ਸਾਧ, ਬਾਬੇ, ਅਖੌਤੀ ਸੰਤ ਆਦਿ ਸਾਨੂੰ ਦੋਹੀਂ ਦੋਹੀਂ ਹਥੀਂ ਲੁੱਟ ਰਹੇ ਹਨ। ਆਪਣੇ ਪੈਰਾਂ ਥਲਿਉਂ ਮਿੱਟੀ ਲੈਕੇ ਅਤੇ ਪਲਾਸਟਿਕ ਬੈਗਾਂ ਵਿੱਚ ਪਾਕੇ "ਚਰਨ ਧੂੜ" ਦਾ ਪਾਖੰਡ ਰਚ ਕੇ ਭੋਲੇ ਲੋਕਾਂ ਨੂੰ "ਪ੍ਰਸ਼ਾਦ" ਕਹਿ ਕੇ ਦੇ ਰਹੇ ਹਨ।

ਹੋਰ ਵਕਤ ਮਿਲਣ 'ਤੇ ਇਸ ਲੇਖ ਵਿਚ ਸੁਧਾਰ ਅਤੇ ਵਾਧਾ ਕੀਤਾ ਜਾਵੇਗਾ।