ਗੁਰਮਤਿ ਅਨੁਸਾਰ ਪਾਪ ਅਤੇ ਪੁੰਨ /Sin deeds and virtuous deeds

ਇਹਨਾਂ ਸਲੋਕਾਂ ਵਿੱਚ ਵੇਦ-ਬਾਣੀ ਅਥਵਾ ਵੇਦਾਂ ਦੀ ਤਾਲੀਮ ਦੀ ਰੌਸ਼ਨੀ ਵਿੱਚ ਪ੍ਰਚਾਰੀ ਜਾਂ ਪ੍ਰਚਲਿਤ ਵਿਚਾਰਧਾਰਾ ਨਾਲੋਂ ਸਪੱਸ਼ਟ ਤੌਰ ‘ਤੇ ਗੁਰਮਤਿ ਦੀ ਵਿਚਾਰਧਾਰਾ ਦਾ ਨਿਖੇੜਾ ਕੀਤਾ ਗਿਆ ਹੈ :-

 • ( ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ ੴ ਸਤਿਗੁਰ ਪ੍ਰਸਾਦਿ ॥ ੧੨੩੮ )

  (ੳ)

   ਸਲੋਕ ਮਃ ੨ ॥

  • ਕਥਾ ਕਹਾਣੀ ਬੇਦਂ ੀ ਆਣੀ ਪਾਪੁ ਪੁੰਨੁ ਬੀਚਾਰੁ ॥
  • ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥
  • ਉਤਮ ਮਧਿਮ ਜਾਤੀ ਜਿਨਸੀ ਭਰਮਿ ਭਵੈ ਸੰਸਾਰੁ ॥
  • ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥
  • ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤਂ ੀ ਕਰਮਿ ਧਿਆਈ ॥
  • ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥
  • ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥1॥

   ਅਰਥ : (ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿੱਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ, (ਵੇਦਾਂ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿੱਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿੱਚ ਜਾਂ ਸੁਰਗ ਵਿੱਚ ਅੱਪੜੀਦਾ ਹੈ, (ਇਸ ਤਾਲੀਮ ਅਨੁਸਾਰ) ਦੁਨੀਆਂ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿੱਚ ਖ਼ੁਆਰ ਹੁੰਦੀ ਹੈ ।

   (ਪਰ ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ ਤੇ (ਜਿਸ ਨੂੰ) ਸੁਰਤਿਆਂ ਨੇ ਜਪਿਆ ਹੈ ਉਹ ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ। ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿੱਚ ਸੁਰਤਿ ਜੋੜਿਆਂ ਪ੍ਰਗਟ ਹੋਈ ਹੈ । (ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਨੇ ਆਪਣੀ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿੱਚ ਹੀ ਰੱਖਿਆ ਹੈ ਤੇ ਹੁਕਮ ਵਿੱਚ ਹੀ ਸੰਭਾਲ ਕਰਦਾ ਹੈ । ਹੇ ਨਾਨਕ ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ (ਫਿਰ) ਜੀਵ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦਾ ਹੈ ।

  • ( ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ ੴ ਸਤਿਗੁਰ ਪ੍ਰਸਾਦਿ ॥ ੧੨੩੮ )

   (ਅ)

   ਮਃ ੧ ॥ ਪੰਨੇ 1243-44

  • ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥
  • ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥
  • ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥
  • ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥
  • ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥
  • ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥

  ਅਰਥ : ਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿੱਚ ਪੈਣ) ਦਾ ਕਾਰਨ ਹੋ ਜਾਂਦਾ ਹੈ; (ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ (ਆਪ ਹੀ) ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ । ਸੋ, ਇਸ ਕਰਮ-ਕਾਂਡ ਦੀ ਤਾਲੀਮ ਵਿੱਚ ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਪ੍ਰਭੂ ਦੀ ਮਿਹਰ/ਬਖਸ਼ਿਸ਼ ਨੂੰ ਕੋਈ ਥਾਂ ਨਹੀ ਹੈ ।

  (ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ) ਸਿਫ਼ਤਿ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿੱਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ।

  (ਸੋ, ਪਾਪ ਤੇ ਪੁੰਨ ਦੇ ਫਲ ਦੱਸ ਕੇ) ਵੇਦ ਤਾਂ ਵਪਾਰ ਦੀਆਂ ਗੱਲਾਂ ਕਰਦਾ ਹੈ; (ਪਰ ਮਨੁੱਖ ਲਈ ਅਸਲ) ਰਾਸਿ-ਪੂੰਜੀ (ਪ੍ਰਭੂ ਦੇ ਗੁਣਾਂ ਦਾ) ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ ਮਿਹਰ ਨਾਲ (ਗੁਰੂ ਤੋਂ) ਮਿਲਦਾ ਹੈ; ਹੇ ਨਾਨਕ ! (ਇਸ ਗਿਆਨ ਰੂਪ) ਪੂੰਜੀ ਤੋਂ ਬਿਨਾਂ ਕੋਈ ਮਨੁੱਖ (ਜਗਤ ਤੋਂ) ਨਫ਼ਾ ਖੱਟ ਕੇ ਨਹੀਂ ਜਾਂਦਾ ।

  ਉਪਰੋਕਤ ਸਲੋਕਾਂ ਵਿੱਚ ਵੇਦ ਬਾਣੀ ਅਤੇ ਗੁਰਬਾਣੀ ਦਾ ਟਾਕਰਾ ਕਰਦਿਆਂ ਹੋਇਆਂ ਦੋਹਾਂ ਦਾ ਫ਼ਰਕ ਦਰਸਾਇਆ ਹੈ । ਇਹਨਾਂ ਦੋਹਾਂ ਸਲੋਕਾਂ ਵਿੱਚ ਸਪੱਸ਼ਟ ਰੂਪ ਵਿੱਚ ਦਰਸਾਇਆ ਗਿਆ ਹੈ ਕਿ ਨਰਕ-ਸੁਰਗ ਦੀ ਧਾਰਨਾ ਦੀ ਗੁਰਮਤਿ ਦਰਸ਼ਨ ਵਿੱਚ ਕੋਈ ਥਾਂ ਨਹੀ ਹੈ । ਗੁਰਬਾਣੀ ਵਿੱਚ ਜਿਥੇ ਵੀ ‘ਸੁਰਗ’ ਸ਼ਬਦ ਆਇਆ ਹੈ, ਉਸ ਦੇ ਅਰਥ ਕਰਨ ਸਮੇਂ ਇਹਨਾਂ ਸਲੋਕਾਂ ਵਿੱਚ ਦਰਸਾਈ ਗੁਰਮਤਿ ਦੀ ਵਿਚਾਰਧਾਰਾ ਨੂੰ ਸਾਹਮਣੇ ਰੱਖ ਕੇ ਹੀ ਸਮਝਣ ਦੀ ਲੋੜ ਹੈ ।

  Back to previous page

 • Akali Singh Services, History | Sikhism | Sikh Youth Camp Programs| Punjabi and Gurbani Grammar | Home