ਟੁੰਡੇ ਅਸਰਾਜ ਦੀ ਕਹਾਣੀ

ਟੁੰਡਾ ਅਸਰਾਜ

ਸ੍ਰੀ ਆਸਾ ਦੀ ਵਾਰ ਦੇ ਸਿਰਲੇਖ ਵਿਚ ਹੁਕਮ ਹੈ “ਟੁੰਡੇ ਅਸ ਰਾਜੈ ਕੀ ਧੁਨੀ॥“ ਟੁੰਡਾ ਅਸਰਾਜ ਕੌਣ ਸੀ?

ਇਸ ਦੀ ਕਹਾਣੀ, ਪੇਸ਼ ਹੈ , ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜ਼ਬਾਨੀ।

ਸਾਖੀ: ਅਸਰਾਜ ਇਕ ਰਾਜੇ ਦਾ ਪੁੱਤਰ ਸੀ, ਜਿਸ ਦਾ ਨਾਮ ਸਾਰੰਗ ਸੀ। ਆਪਣੀ ਇਸਤ੍ਰੀ ਮਰ ਜਾਣ ਕਰਕੇ ਰਾਜਾ ਸਾਰੰਗ ਨੇ ਪਿਛਲੀ ਉਮਰੇ ਇਕ ਹੋਰ ਵਿਆਹ ਕਰ ਲਿਆ। ਨਵੀਂ ਰਾਣੀ ਆਪਣੇ ਮਤ੍ਰੇਏ ਪੁੱਤਰ ਅਸਰਾਜ ਤੇ ਰੀਝ ਪਈ, ਪਰ ਅਸਰਾਜ ਆਪਣੇ ਧਰਮ ਤੇ ਕਾਇਮ ਰਿਹਾ। ਜਦੋਂ ਰਾਣੀ ਦੀ ਹੋਰ ਕੋਈ ਚਾਲ ਪੁੱਤਰ ਨੂੰ ਧਰਮ ਤੋਂ ਡੇਗਣ ਵਿਚ ਕਾਮਯਾਬ ਨਾਹ ਹੋਈ, ਤਾਂ ਉਸ ਨੇ ਰਾਜੇ ਪਾਸ ਅਸਰਾਜ ਦੇ ਉਲਟ ਝੂਠੇ ਦੂਸ਼ਣ ਲਗਾ ਦਿੱਤੇ। ਰਾਜੇ ਨੇ ਕ੍ਰੋਧ ਵਿਚ ਆ ਕੇ ਪੁੱਤਰ ਵਾਸਤੇ ਫਾਂਸੀ ਦਾ ਹੁਕਮ ਦੇ ਦਿੱਤਾ। ਰਾਜੇ ਦਾ ਵਜ਼ੀਰ ਸਿਆਣਾ ਸੀ। ਉਸ ਨੇ ਅਸਰਾਜ ਨੂੰ ਜਾਨੋਂ ਤਾਂ ਨਾਹ ਮਾਰਿਆ ਪਰ ਉਸ ਦਾ ਇਕ ਹੱਥ ਕੱਟ ਕੇ ਉਸ ਨੂੰ ਸ਼ਹਿਰੋਂ ਬਾਹਰ, ਕਿਸੇ ਉਜਾੜ ਵਿਚ, ਇਕ ਖੂਹ ਤੇ ਛੱਡ ਦਿੱਤਾ।

ਉੱਥੋਂ ਦੀ, ਵਣਜਾਰਿਆਂ ਦਾ ਇਕ ਕਾਫ਼ਲਾ ਲੰਘਿਆ। ਉਹਨਾਂ ਵਿਚੋਂ ਇਕ ਵਣਜਾਰੇ ਨੇ ਅਸਰਾਜ ਨੂੰ ਆਪਣੇ ਨਾਲ ਲੈ ਲਿਆ। ਵਣਜਾਰੇ ਕਿਸੇ ਹੋਰ ਰਾਜੇ ਦੇ ਸ਼ਹਿਰ ਵਿਚੋਂ ਦੀ ਲੰਘੇ। ਉਥੇ ਅਸਰਾਜ ਇਕ ਧੋਬੀ ਦੇ ਪਾਸ ਵੇਚ ਦਿੱਤਾ ਗਿਆ। ਅਸਰਾਜ ਉੱਥੇ ਧੋਬੀ ਦੇ ਘਰ ਰਹਿ ਕੇ ਸੇਵਾ ਵਿਚ ਆਪਣੇ ਦਿਨ ਬਿਤਾਉਣ ਲੱਗ ਪਿਆ। ਸਮਾ ਪਾ ਕੇ, ਉਸ ਸ਼ਹਿਰ ਦਾ ਰਾਜਾ ਸੰਤਾਨ-ਹੀਨ ਹੀ ਮਰ ਗਿਆ। ਵਜ਼ੀਰਾਂ ਨੇ ਆਪੋ ਵਿਚ ਫ਼ੈਸਲਾ ਕੀਤਾ ਕਿ ਸਵੇਰੇ ਜੋ ਮਨੁੱਖ ਸਭ ਤੋਂ ਪਹਿਲਾਂ ਸ਼ਹਿਰ ਦਾ ਦਰਵਾਜ਼ਾ ਖੜਕਾਏ, ਉਸ ਨੂੰ ਰਾਜ ਦੇ ਦਿੱਤਾ ਜਾਏ। ਅਸਰਾਜ ਦੇ ਭਾਗ ਜਾਗੇ ਕਿ ਧੋਬੀ ਦਾ ਬਲਦ ਖੁਲ੍ਹ ਗਿਆ । ਬਲਦ ਦੀ ਢੂੰਡ ਭਾਲ ਵਿਚ ਅਸਰਾਜ ਸਵੇਰੇ ਹੀ ਉਠ ਤੁਰਿਆ ਅਤੇ ਉਸ ਸ਼ਹਿਰ ਦਾ ਦਰਵਾਜ਼ਾ ਜਾ ਖੜਕਾਇਓਸੁ। ਇਸ ਤਰ੍ਹਾਂ, ਵਜ਼ੀਰਾਂ ਦੇ ਫੈਸਲੇ ਅਨੁਸਾਰ, ਉਸ ਦੇਸ਼ ਦਾ ਰਾਜ ਅਸਰਾਜ ਨੂੰ ਮਿਲ ਗਿਆ।

ਰਾਜੇ ਦਾ ਪੁੱਤਰ ਹੋਣ ਕਰਕੇ ਅਸਰਾਜ ਦੇ ਅੰਦਰ ਰਾਜ-ਪਰਬੰਧ ਵਾਲੇ ਸੰਸਕਾਰ ਮੌਜੂਦ ਸਨ ; ਸੋ ਏਸ ਨੇ ਦੇਸ਼ ਦੇ ਪਰਬੰਧ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ। ਕੁਝ ਸਮਾਂ ਪਾ ਕੇ , ਗੁਆਂਢੀ ਦੇਸ਼ਾਂ ਵਿਚ ਕਾਲ ਪੈ ਗਿਆ, ਪਰ ਅਸਰਾਜ ਦੇ ਦੇਸ਼ ਵਿਚ ਸਭ੍ਹ ਠੀਕ ਸੀ। ਦੂਸਰੇ ਦੇਸ਼ਾਂ ਦੇ ਲੋਕ ਇਸ ਦੇ ਰਾਜ ਵਿਚੋਂ ਅੰਨ ਦਾਣਾ ਮੁੱਲ ਲੈਣ ਵਾਸਤੇ ਆਉਣ ਲੱਗ ਪਏ। ਇਸ ਦੇ ਪਿਤਾ ਦਾ ਵਜ਼ੀਰ ਭੀ ਆਇਆ। ਅਸਰਾਜ ਨੇ ਵਜ਼ੀਰ ਨੂੰ ਪਛਾਣ ਲਿਆ। ਆਪੋ ਵਿਚ ਦੋਵੇਂ ਬੜੇ ਪ੍ਰੇਮ ਨਾਲ ਮਿਲੇ। ਅਸਰਾਜ ਨੇ ਵਜ਼ੀਰ ਦੀ ਬੜੀ ਸੇਵਾ ਕੀਤੀ, ਅਤੇ ਕੁਝ ਦਿਨ ਕੋਲ ਰੱਖ ਕੇ ਆਪਣੇ ਪਿਤਾ ਦੇ ਦੇਸ਼-ਵਾਸੀਆਂ ਵਾਸਤੇ ਬਹੁਤ ਸਾਰਾ ਅੰਨ ਮੁੱਲ ਲੈਣ ਤੋਂ ਬਿਨਾ ਹੀ ਭੇਟ ਕੀਤਾ। ਵਜ਼ੀਰ ਨੇ ਵਾਪਸ ਆ ਕੇ ਇਹ ਸਾਰਾ ਬ੍ਰਿਤਾਂਤ ਰਾਜੇ ਨੂੰ ਦੱਸਿਆ ਤੇ ਪ੍ਰੇਰਿਆ ਕਿ ਆਪਣੇ ਪੁੱਤਰ ਨੂੰ ਹੀ ਆਪਣਾ ਰਾਜ ਭੀ ਸਉਂਪੇ। ਰਾਜੇ ਨੂੰ ਆਪਣੇ ਪੁੱਤਰ ਦੇ ਨੇਕ ਆਚਰਨ ਦਾ ਪਤਾ ਲੱਗ ਚੁਕਾ ਸੀ। ਉਸ ਨੇ ਆਪਣੇ ਵਜ਼ੀਰ ਦੀ ਇਹ ਭਲੀ ਸਲਾਹ ਮੰਨ ਲਈ ਤੇ ਆਪਣੇ ਪੁੱਤਰ ਨੂੰ ਸਦਵਾ ਕੇ ਆਪਣਾ ਰਾਜ ਭੀ ਉਸ ਦੇ ਹਵਾਲੇ ਕਰ ਦਿੱਤਾ।

ਢਾਡੀਆਂ ਨੇ ਇਹ ਸਾਰਾ ਬ੍ਰਿਤਾਂਤ ' ਵਾਰ ' ਵਿਚ ਜੋੜ ਕੇ ਰਾਜਾ ਦੇ ਦਰਬਾਰ ਵਿਚ ਗਾਂਵਿਆ ਅਤੇ ਇਨਾਮ ਹਾਸਲ ਕੀਤੇ। ਓਸ ਸਮੇਂ ਤੋਂ, ਢਾਡੀ ਇਹ ਵਾਰ ਗਾਉਂਦੇ ਚਲੇ ਆ ਰਹੇ ਹਨ।

ਸਤਿਗੁਰੂ, ਗੁਰੂ ਨਾਨਕ ਦੇਵ ਜੀ ਨੇ 'ਆਸਾ ਦੀ ਵਾਰ' ਭੀ ਇਸੇ ' ਵਾਰ ' ਦੀ ਧੁਨੀ ਉਤੇ ਗਾਉਣ ਦੀ ਆਗਿਆ ਕੀਤੀ ਹੈ।

Brief Review

1. ਇਸ ਲੇਖ ਤੋਂ ਅਸੀਂ ਕੀ ਸਿਖਦੇ ਹਾਂ ? ਵਿਸਥਾਰ ਨਾਲ ਦਸੋ।

2. ਟੁੰਡਾ ਅਸਰਾਜ ਕੌਣ ਸੀ ਅਤੇ ਉਸਨੂੰ " ਟੁੰਡਾ " ਕਿਉਂ ਕਿਹਾ ਜਾਂਦਾ ਹੈ ?

3. ਕੀ ਕੈਨੇਡੀਅਨ ਲੋਕ ਵੀ ਕਿਸੇ ਨੂੰ " ਟੁੰਡਾ " ਕਹਿ ਕੇ ਬੁਲਾਂਉਦੇ ਹਨ?

4. ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?

5. ਸੇਵਾ ਤੋਂ ਕੀ ਭਾਵ ਹੈ?

6. ਵਾਰ ਤੋਂ ਕੀ ਭਾਵ ਹੈ ?

6. ਗੁਰੂ ਨਾਨਕ ਦੇਵ ਜੀ ਵਲੋਂ  'ਆਸਾ ਕੀ ਵਾਰ' ਨੂੰ, ਇਸ  'ਟੁੰਡਾ ਅਸਰਾਜ ਦੀ ਵਾਰ '  ਦੀ ਧੁਨੀ ਉਤੇ ਗਾਉਣ ਦੀ ਆਗਿਆ ਦੇਣ ਤੋਂ ਕੀ ਭਾਵ ਹੈ ? ਆਪਣੇ ਵਿਚਾਰ ਦਿਓ।

Back to previous page

Akali Singh Services | Sikhism | Sikh Youth Camp Programs | Punjabi and Gurbani Grammar | Home